Tuesday, May 4, 2010

ਪਿੰਡ ਡਾਇਰੀ ਤੇ ਯਾਤਰਾਵਾਂ ਲੜੀ: 7

ਪਿਛਲੇ ਦਿਨੀਂ, 2 ਮਈ 2010 ਨੂੰ ਮੈਂ ਐਵੇਂ ਵਾਲੀ ਬੱਸ ਚੜ੍ਹ ਗਿਆ। 57 ਰੁਪਏ ਖਰਚੇ, 250 ਰੁਪਏ ਦੀ ਖੂੰਡੀ ਬੱਸ ਵਿੱਚ ਰਹਿ ਗਈ। 10 ਰੁਪਏ ਆਟੋ ਵਾਲੇ ਨੇ ਲੁੱਟ ਲਏ।
ਸੁਣਿਆ ਸੀ ਕਿਸੇ ਅਕਾਦਮੀ ਦੇ ਅਹੁਦੇਦਾਰਾਂ ਦੀ ਚੋਣ ਹੋਣੀ ਹੈ। ਮਲੰਗ ਦੀ ਵੋਟ ਤਾਂ ਹੋ ਨਾ ਸੂ, ਮਲੰਗ ਅਕਾਦਮੀ ਦੇ ਬਾਹਰ ਬੈਠ ਗਿਆ। (ਭੌਂਕਦਾ ਰਿਹਾ) (ਮੈਂ ਹੀ ਸਾਂ, ਹੋਰ ਕੌਣ ਸੂ?)
ਮਾਲਵੇ ਦੇ ਮਸ਼ਹੂਰ 'ਵਿਦਵਾਨਾਂ' ਵਿੱਚ ਆਪਣੇ ਆਪ ਨੂੰ ਵੀ ਸ਼ੁਮਾਰ ਕਰਦਾ ਹਾਂ, ਪਰ ਉੱਥੇ ਇੱਕ ਹੋਰ ਹੀ ਵਿਦਵਾਨ ਮਿਲ ਗਿਆ। ਕਿਸੇ ਨੇ ਦੱਸਿਆ ਇਸ 'ਵਿਦਵਾਨ' ਦਾ ਨਾਂ ਧਰਮ ਕੰਮੇਆਣਾ ਹੈ। ਉਸ ਦੇ ਆਉਣ ਤੋਂ ਪਹਿਲਾਂ ਮੇਰੀ ਕਥਾ ਚੱਲ ਰਹੀ ਸੀ, ਜਿਸ ਵਿਚ ਪੰਜਾਬੀ ਦਾ ਲ਼ਫਜ਼ 'ਭੰਬਲਭੂਸਾ' ਆ ਗਿਆ। ਮੋਹਰਵਾਂ ਵਿਦਵਾਨ ਬੋਲਿਆ ਕਿ ਸਹੀ ਸ਼ਬਦ 'ਭੰਬਲਭੂਸਾ' ਨਹੀਂ, ਭੁੱਬਲਭੂਸਾ ਹੈ। ਮੈਂ ਸੰਭਲ ਗਿਆ, ਕੋਲ ਬੈਠੇ ਬਖ਼ਤੌਰੇ ਨੂੰ ਕਿਹਾ ਕਿ ਚੱਲ ਤਾਜ਼ਾ ਹਵਾ ਲੈ ਕੇ ਆਈਏ।
(ਮਾਲਵੇ ਦਾ ਇਹ 'ਵਿਦਵਾਨ' ਉਹ ਸ਼ਖ਼ਸ ਸੀ ਜਿਸ ਨੇ ਨਵਾਂ ਜ਼ਮਾਨਾ ਅਖ਼ਬਾਰ ਨੂੰ 1978 ਵਿੱਚ, ਜਦੋਂ ਮੈਂ ਉੱਥੇ ਡੈਸਕ ਉਤੇ ਕੰਮ ਕਰਦਾ ਸਾਂ, ਇਕ ਕਵਿਤਾ ਭੇਜੀ ਸੀ (ਉਸ ਵੇਲੇ ਅਮਰੀਕਾ ਦੀ ਪੁਲਾੜ ਵਿੱਚ ਭੇਜੀ ਅਸਮਾਨੀ ਪ੍ਰਯੋਗਸ਼ਾਲਾ ਡਿੱਗਣ ਦਾ ਡਰ ਬਣਿਆ ਹੋਇਆ ਸੀ) ਤੇ ਕਵਿਤਾ ਸ਼ੁਰੂ ਇਉਂ ਹੁੰਦੀ ਸੀ:
ਇਸ ਤੋਂ ਪਹਿਲਾਂ ਕਿ ਸਕਾਈਲੈਬ ਡਿੱਗ ਪਵੇ,
ਮੇਰੀ ਮਹਿਬੂਬ ਆ ਕਿ ਆਪਾਂ...
(ਆਹ ਕਰ ਲਈਏ ਤੇ ਅਹੁ ਕਰ ਲਈਏ)।
ਇਹ ਕਵਿਤਾ ਮੈਂ ਡੈਸਕ ਉਤੇ ਬੈਠੇ ਸਾਰੇ ਮਿੱਤਰਾਂ, ਜਿਨ੍ਹਾਂ ਵਿਚ ਸੁਰਜਨ ਜ਼ੀਰਵੀ ਵੀ ਸ਼ਾਮਲ ਸੀ, ਨੂੰ ਸੁਣਾਈ ਤੇ ਪਾੜ ਕੇ ਸੁੱਟ ਦਿੱਤੀ!
ਹੁਣ ਇਹ ਵਿਦਵਾਨ ਮੈਨੂੰ ਭੁੱਬਲ ਤੇ ਭੂਸੇ ਦੇ ਚੱਕਰ ਵਿਚ ਪਾ ਰਿਹਾ ਸੀ। ਮੈਂ ਬਖਤੌਰੇ ਨੂੰ ਕਿਹਾ ਕਿ ਸੱਜਣਾ, ਭੁੱਬਲ ਤਾਂ ਮੰਨ ਲਿਆ ਕਿ ਪੰਜਾਬੀ ਦਾ ਸ਼ਬਦ ਹੈ, ਭੂਸਾ ਸਾਲਾ ਕਿਹੜੀ ਭਾਸ਼ਾ ਦਾ ਸ਼ਬਦ ਹੋਇਆ?
ਮੈਂ ਚੰਡੀਗੜ੍ਹ ਆ ਕੇ ਭਾਈ ਕਾਨ੍ਹ ਸਿੰਘ ਦੀ ਰਾਇ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜਤਾਲਿਆ। ਨਤੀਜਾ ਨਿੱਕਲਿਆ ਕਿ ਇਸ ਸ਼ਬਦ ਦਾ ਅਰਥ ਹੈ ਕਿ ਜਿਵੇਂ ਕੁੱਤਾ ਸ਼ੀਸ਼ਮਹਿਲ ਵਿੱਚ ਜਾ ਕੇ ਆਪਣੇ ਹੀ ਅਕਸ ਨੂੰ ਭੌਂਕਣ ਲਗਦਾ ਹੈ, ਉਸ ਚੀਜ਼ ਨੂੰ ਭੰਭਲਭੂਸਾ ਕਿਹਾ ਜਾਂਦਾ ਹੈ।
ਮੈਂ ਮੁਰਾਰੀ ਨੂੰ ਕਿਹਾ: ਬੱਲੇ ਉਇ, ਮਾਲਵੇ ਦੇ ਵਿਦਵਾਨੋ!

2 comments:

  1. ਇਸ ਤੋਂ ਪਹਿਲਾਂ ਕਿ ਸਕਾਈਲੈਬ ਡਿੱਗ ਪਵੇ,
    ਮੇਰੀ ਮਹਿਬੂਬ ਆ ਕਿ ਆਪਾਂ...
    (ਆਹ ਕਰ ਲਈਏ ਤੇ ਅਹੁ ਕਰ ਲਈਏ)।
    ha ha ha... kavi tan saryian mauja luttan nu firda si chacha si.. tusi eve kavita paarh diti.. kise kavi di shahkaar rachna.. ha ha

    ReplyDelete
  2. ਤੂੰ ਲੁੱਚਾ ਨੰਬਰ ਵਨ!

    ReplyDelete