Monday, May 24, 2010

ਆਮਦਗੀਆਂ ਤੇ ਰੁਖ਼ਸਤੀਆਂ

ਆਮਦਗੀਆਂ ਤੇ ਰੁਖ਼ਸਤੀਆਂ

5 ਮਈ 2005। ਜਦੋਂ ਜਹਾਜ਼ ਲੇਹ ਦੇ ਹਵਾਈ ਅੱਡੇ ਉਤੇ ਉਤਰਣ ਲੱਗਿਆ ਤਾਂ ਅਨਾਊਂਸਮੈਂਟ ਹੋਈ: ਅਸੀਂ ਲੇਹ ਦੇ ਹਵਾਈ ਅੱਡੇ ਉਤੇ ਉਤਰਨ ਲੱਗੇ ਹਾਂ ਜਿੱਥੇ ਇਸ ਵੇਲੇ ਤਾਪਮਾਨ ਮਨਫੀ ਤਿੰਨ ਡਿਗਰੀ ਹੈ। ਮੇਰੇ ਮੋਢੇ ਉਤੇ ਕੋਟ ਟੰਗਿਆ ਹੋਇਆ ਸੀ। ਬਾਹਰ ਨਿੱਕਲਦੇ ਨੂੰ ਇਕ ਸੁਰੱਖਿਆ ਗਾਰਦ ਨੇ ਸਲਾਹ ਦਿੱਤੀ ਕਿ ਮੈਂ ਕੋਟ ਪਾ ਲਵਾਂ।ਪਾ ਲਿਆ। ਆਕਾਸ਼ਵਾਣੀ ਫੋਨ ਕੀਤਾ ਕਿ ਮੇਰੇ ਲਈ ਗੱਡੀ ਭੇਜ ਦਿਉ। ਗੱਡੀ ਪੌਣਾ ਘੰਟਾ ਨਾ ਪਹੁੰਚੀ ਤਾਂ ਮਹਿਸੂਸ ਹੋਇਆ ਕਿ ਤਾਪਮਾਨ ਮਨਫੀ ਤਿੰਨ ਡਿਗਰੀ ਤੋਂ ਕਿਤੇ ਠੰਢਾ ਹੈ ਲੇਹ ਦੇ ਲੋਕਾਂ ਦੇ ਦਿਲਾਂ ਦਾ। ਟੈਕਸੀ ਕੀਤੀ, ਪਹੁੰਚ ਗਿਆ। ਨਿਊਜ਼ ਰੂਮ ਵਿੱਚ ਡੋਲਮਾ ਨਾਂ ਦੀ ਮਾਂ ਵਰਗੀ ਨਿਊਜ਼ਰੀਡਰ ਬੈਠੀ ਸੀ। ਜਾਣ ਪਛਾਣ ਪਿੱਛੋਂ ਮੈਂ ਕਿਹਾ ਕਿ 9 ਵਜੇ ਵਾਲੇ ਬੁਲਿਟਨ ਵਿਚ ਇਹ ਖ਼ਬਰ ਵੀ ਬੋਲ ਦਿਉ ਕਿ ਭਾਰਤੀ ਸੂਚਨਾ ਸੇਵਾ ਦੇ ਸੀਨੀਅਰ ਅਧਿਕਾਰੀ ਗੁਰਮੇਲ ਸਿੰਘ ਸਰਾ ਨੇ ਖ਼ਬਰਾਂ ਦੇ ਮੁਖੀ ਦਾ ਅਹੁਦਾ ਅੱਜ ਸਵੇਰੇ ਸੰਭਾਲ ਲਿਆ। ਸਟੇਸ਼ਨ ਡਾਇਰੈਕਟਰ 9 ਵਜੇ ਸਟਾਫ ਦੀ ਮੀਟਿੰਗ ਲੈ ਰਹੀ ਸੀ ਜਦੋਂ ਉਸ ਦੇ ਸਿਰ ਵਿਚ ਯਾਰਾਂ ਦੇ ਅਹੁਦਾ ਸੰਭਾਲਣ ਦੀ ਖ਼ਬਰ ਠਾਹ-ਸੋਟਾ ਬਣ ਕੇ ਵੱਜੀ। ਬੋਲ ਜਾਣ ਪਿੱਛੋਂ ਮੈਂ ਉਸ ਦੀ ਮੀਟਿੰਗ ਵਿਚ ਜਾ ਖਲਲ ਪਾਇਆ। ਰਹਿੰਦੀ-ਖੂੰਹਦੀ ਦੀ ਵੀ ਜੜ ਪੁੱਟ ਦਿੱਤੀ। ਅਜਿਹੇ ਸ਼ੁੱਭ ਅਵਸਰਾਂ ਉਤੇ ਮੈ ਰਵਾਇਤੀ ਰਾਜਸਥਾਨੀ ਪੱਗ ਬੰਨ੍ਹ ਕੇ, ਲੰਮਾ ਟੌਰਾ ਛੱਡ ਕੇ ਜਾਂਦਾ ਹਾਂ।ਤੇ ਅੰਗਰੇਜ਼ੀ ਪਤਾ ਨਹੀਂ ਕਿੱਥੋਂ ਫੁਰਰ-ਫੁਰਰ ਕਰ ਕੇ ਨਿੱਕਲਣ ਲਗਦੀ ਹੈ।

ਉਸ ਹੰਕਾਰੀ ਔਰਤ ਵੱਲੋਂ ਹਵਾਈ ਅੱਡੇ ਉਤੇ ਗੱਡੀ ਨਾ ਭੇਜਣ ਦੀ ਹਿਮਾਕਤ ਨੇ ਇਕ ਜੰਗ ਦੀ ਸ਼ੁਰੂਆਤ ਕਰ ਦਿੱਤੀ। ਇਹ ਜੰਗ ਡੇਢ ਸਾਲ ਚਲਦੀ ਰਹੀ। ਜੰਗ ਦੇ ਮੈਦਾਨ ਵਿਚ ਯਾਰਾਂ ਦੀ ਪਿੱਠ ਕਿਸੇ ਨਹੀਂ ਦੇਖੀ।ਉਸ ਹੰਕਾਰਨ ਦੀ ਮੈਂ ਪਿੱਠ ਲੁਆ ਦਿੱਤੀ। ਅਧਿਕਾਰੀਆਂ ਨੂੰ ਉਸ ਦਾ ਦਿੱਲੀ ਤਬਾਦਲਾ ਕਰਨ ਲਈ ਮਜ਼ਬੂਰ ਹੋਣਾ ਪੈ ਗਿਆ। ਲੰਮੀ ਕਹਾਣੀ ਹੈ, ਕਦੇ ਫੇਰ ਸਹੀ।

6 ਅਕਤੂਬਰ 2006।ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੂਮ ਵਿੱਚ ਜਾ ਹਾਜ਼ਰੀ ਪਾਈ।ਰਾਹੁਲ ਸ਼ਰਮਾ ਨਾਂ ਦਾ ਇਕ ਕੈਜੂਅਲ ਨਿਊਜ਼ ਐਡੀਟਰ ਬੈਠਾ ਸੀ, ਉਸ ਨਾਲ ਜਾਣ ਪਛਾਣ ਪਿੱਛੋਂ ਉਹੀ ਲੇਹ ਵਾਲਾ ਕਾਰਨਾਮਾ। ਭਾਰਤੀ ਸੂਚਨਾ ਸੇਵਾ ਦੇ ਸੀਨੀਅਰ ਅਧਿਕਾਰੀ ਗੁਰਮੇਲ ਸਿੰਘ ਸਰਾ ਨੇ ਅੱਜ ਦੂਰਦਰਸ਼ਨ ਜਲੰਧਰ ਦੇ ਖ਼ਬਰਾਂ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ!

ਉਸ ਵੇਲੇ ਜਲੰਧਰ ਦੂਰਦਰਸ਼ਨ ਸਵੇਰੇ 8 ਵਜੇ ਵਾਲੇ ਬੁਲਿਟਨ ਦੀ 10 ਵਜੇ ਰਿਕਾਰਡਿੰਗ ਚਲਾਉਣ ਤੋਂ ਇਲਾਵਾ ਸ਼ਾਮੀਂ ਪੰਜ ਵਜੇ ਪੰਜ ਮਿੰਟ ਦਾ ਅਤੇ 7 ਵਜੇ ਪੰਦਰਾਂ ਮਿੰਟਾਂ ਦਾ ਬੁਲਿਟਨ ਚਲਾਉਂਦਾ ਸੀ। ਮੈਂ ਦਸ ਵਜੇ ਵਾਲਾ ਬੁਲਿਟਨ ਵੀ ਲਾਈਵ ਕਰਵਾ ਦਿੱਤਾ, 12:30 ‘ਤੇ ਪੰਜ ਮਿੰਟਾਂ ਦਾ, ਬਾਅਦ ਦੁਪਹਿਰ 3 ਵਜੇ ਦਸ ਮਿੰਟਾਂ ਦਾ ਅਤੇ ਰਾਤੀਂ 9:30 ਵਜੇ ਇਕ ਹੋਰ ਬੁਲਿਟਨ ਚਾਲੂ ਕਰਵਾ ਦਿੱਤੇ।

ਸਾਡੇ ਉਥੇ ਰਿਸ਼ੂ ਨਾਂ ਦਾ ਮੈਂ ਕੈਜੂਅਲ ਮਜ਼ਦੂਰ ਲਗਵਾਇਆ ਸੀ। ਉਹ ਸ਼ਨੀ-ਐਤ ਨੂੰ ਮਕਾਨਾਂ ਦੇ ਬਾਹਰ ਲਗਦੇ ਸੰਗਮਰਮਰ ਦੇ ਪੱਥਰਾਂ ਉਤੇ ਨਕਾਸ਼ੀ ਕਰਿਆ ਕਰਦਾ ਸੀ। ਹਰ ਘਰ ‘ਚ ਕੋਈ ਨਾ ਕੋਈ ਬਜ਼ੁਰਗ ਹੁੰਦਾ ਹੀ ਹੈ। ਇਕ ਦਿਨ ਆ ਕੇ ਕਹਿਣ ਲੱਗਿਆ ਕਿ ਜਲੰਧਰ ਦੇ ਕਈ ਬਜ਼ੁਰਗਾਂ ਨੇ ਮੇਰਾ ਧੰਨਵਾਦ ਕੀਤਾ ਹੈ ਕਿ ਹੁਣ ਉਨ੍ਹਾਂ ਨੂੰ ਅਖ਼ਬਾਰ ਨਾਲ ਮੱਥਾ ਨਹੀਂ ਮਾਰਨਾ ਪੈਂਦਾ।

ਪਹਿਲਾਂ ਵੀ ਕਦੇ ਨਹੀਂ ਹੋਇਆ ਸੀ ਤੇ ਮੇਰੇ ਆਉਣ ਬਾਅਦ ਵੀ ਨਹੀਂ ਹੋਇਆ ਕਿ ਮੀਂਹ ਸੈਂਟੀਮੀਟਰਾਂ ਦੀ ਥਾਂ ਉਂਗਲਾਂ ਦੀ ਮਿਣਤੀ ਵਿਚ ਪੈਣ ਲਾ ਦਿੱਤਾ ਮੈਂ। ਇੱਕ ਦਿਨ ਨਿਊਜ਼ਰੀਡਰ ਵਰਿੰਦਰ ਕਹਿਣ ਲੱਗੀ, ‘ਸਰ ਉਂਗਲਾਂ ਨਾਲ ਮੀਂਹ ਪੈਣਾ ਕਿਵੇਂ ਮਿਣੀਦਾ ਹੈ?” ਮੈਂ ਉਸ ਨੂੰ ਦਸਿਆ ਕਿ ਜੱਟ ਕਹੀ ਨਾਲ ਜ਼ਮੀਨ ਪੁੱਟ ਕੇ ਉਂਗਲਾਂ ਨਾਲ ਗਿੱਲ ਮਿਣਦਾ ਹੈ, ਤੇ ਮੇਰੀਆਂ ਖ਼ਬਰਾਂ ਜੱਟ ਸੁਣਦੇ ਹਨ ਜਿਨ੍ਹਾਂ ਨੂੰ ਸੈਂਟੀਮੀਟਰਾਂ ਦੀ ਕੋਈ ਸਮਝ ਨਹੀਂ। ਇਕ ਦਿਨ ਗੁਰਦਾਸਪੁਰ ਜ਼ਿਲੇ ਦੀ ਕਿਸੇ ਕਿਸਾਨ ਯੂਨੀਅਨ ਦਾ ਪ੍ਰਧਾਨ ਸਰਦਾਰ ਕਾਹਲੋਂ ਨਿਊਜ਼ ਰੂਮ ਵਿਚ ਆ ਗਿਆ। ਚਾਹ ਪਾਣੀ ਦੀ ਰਸਮ ਤੋਂ ਬਾਅਦ ਕਹਿਣ ਲੱਗਿਆ ਕਿ ਉਹ ਸਾਰੇ ਜ਼ਿਲੇ ਦੇ ਕਿਸਾਨਾਂ ਦੀ ਬਿਨਾ ਉਤੇ ਧੰਨਵਾਦ ਕਰਨ ਆਇਆ ਹੈ ਕਿਉਂ ਕਿ ਆਮ ਕਿਸਾਨ ਦੀ ਪਹੁੰਚ ਰੋਜ਼ 2-3 ਰੁਪਏ ਖਰਚ ਕੇ ਅਖ਼ਬਾਰ ਖਰੀਦਣ ਦੀ ਨਹੀਂ ਹੈ ਤੇ ਹੁਣ ਉਨ੍ਹਾਂ ਨੂੰ ਅਖ਼ਬਾਰ ਖਰੀਦਣਾ ਨਹੀਂ ਪੈਂਦਾ!

ਮੈਂ ਕਿਸੇ ਤਰੱਕੀ ਉਤੇ ਕਿਸੇ ਨੂੰ ਪਾਰਟੀ ਨਹੀਂ ਦਿੱਤੀ, ਕਦੇ ਰੁਖਸਤੀ ਪਾਰਟੀ ਨਹੀਂ ਲਈ, ਪਰ ਇਸ ਵੇਰ ਸਟੇਸ਼ਨ ਡਾਇਰੈਕਟਰ ਡਾ. ਦਲਜੀਤ ਸਿੰਘ ਨੇ ਜ਼ੋਰ ਪਾ ਦਿੱਤਾ ਕਿ ਮੈਂ ਵਿਦਾਇਗੀ ਪਾਰਟੀ ਜ਼ਰੂਰ ਲਵਾਂ। ਮੈਂ ਰਾਜਸਥਾਨੀ ਪੱਗ ਸਜਾ ਲਈ। ਫੁਰਰ ਫੁਰਰ ਅੰਗਰੇਜ਼ੀ ਤੇ ਫਾਰਸੀ ਉੱਤਰ ਪਈਆਂ। ਦਸ-ਬਾਰਾਂ ਕੁੜੀਆਂ ਨੂੰ ਮੈਂ ਰੋਜ਼ੀ ਦਿਵਾਈ ਸੀ, ਤੇ ਉਹ ਵੀ ਇਸ ਪਾਰਟੀ ਵਿਚ ਬੈਠੀਆਂ ਸਨ। ਉਨ੍ਹਾਂ ਦਸ ਪੜ੍ਹੀਆਂ ਨੂੰ ਮੇਰੀ ਅੰਗਰੇਜ਼ੀ ਤੇ ਫਾਰਸੀ ਸਮਝ ਪੈ ਗਈ ਤੇ ਉਹ ਰੋਣ ਲੱਗ ਪਈਆਂ। ਮੇਰੀ ਵਿਦਾਇਗੀ ਪਾਰਟੀ ਦੀ ਖ਼ਬਰ ਵੀ, ਮੌਨ ਤਸਵੀਰ ਸਮੇਤ ਲੱਗੀ।

ਰਾਜਬੀਰ ਜੌਹਲ ਨਾਂ ਦੀ ਨਿਊਜ਼ ਰੀਡਰ ਮੇਰੀ ਬੇਟੀ ਦੀ ਸਹੇਲੀ ਬਣ ਗਈ ਸੀ। ਦੂਏ-ਤੀਏ ਦਿਨ ਕਹਿਣ ਲੱਗੀ ਜੀ ਮੇਰੇ ਪਿਤਾ ਜੀ ਦੀ ਟਿੱਪਣੀ ਹੈ ਕਿ ਏਨੀ ਪਰਫੈਕਟ ਅੰਗਰੇਜ਼ੀ ਉਨ੍ਹਾਂ ਕਦੇ ਪਹਿਲਾਂ ਨਹੀਂ ਸੁਣੀ! ਏਅਰ ਫੋਰਸ ‘ਚੋਂ ਰਿਟਾਇਰ ਹੋਏ ਉਸ ਸੱਜਣ ਦਾ ਕਹਿਣਾ ਸੀ: ਮੈਂ ਤਾਂ ਸੋਚਿਆ ਸੀ ਕਿ ਇਹ ਰਾਜਸਥਾਨੀ ਮੜਾਸੇ ਵਾਲਾ ਬੂਝੜ ਪਤਾ ਨਹੀਂ ਕੀ ਬੋਲੂ!

ਅਗਲੇ ਦਿਨਾਂ ਵਿਚ ਮੇਰੀ ਬੇਟੀ ਦੀ ਰਿੰਗ ਸੈਰੇਮਨੀ ਹੈ। ਮੈਨੂੰ ਤਰ੍ਹਾਂ-ਤਰ੍ਹਾਂ ਦੀਆਂ ਨਸੀਹਤਾਂ ਕੀਤੀਆਂ ਜਾ ਰਹੀਆਂ ਹਨ, ਅਹਿ ਕਰਨਾ ਹੈ, ਅਹਿ ਨਹੀਂ ਕਰਨਾ। ਮੈਨੂੰ ਰਾਜਸਥਾਨੀ ਪੱਗੜ ਬੰਨ੍ਹਣ ਤੋਂ ਵੀ ਰੋਕਿਆ ਜਾ ਰਿਹਾ ਹੈ। ਪੱਗ ਬੰਨ੍ਹਣ ਤੋਂ ਤਾਂ ਮੈਂਨੂੰ ਰੱਬ ਵੀ ਨਹੀਂ ਰੋਕ ਸਕਦਾ, ਪਰ ਮੈਂ ਡਰਦਾ ਹਾਂ ਕਿ ਕਿਤੇ ਅੰਗਰੇਜ਼ੀ ਨਾ ਫੁਰਰ-ਫੁਰਰ ਬੋਲਣ ਲੱਗ ਪਵਾਂ ਤੇ ਸਾਰਿਆਂ ਨੂੰ ਅੰਗਰੇਜ਼ੀ ਭਾਵੇਂ ਨਾ ਸਮਝ ਪਵੇ, ਪਰ ਇਹ ਜ਼ਰੂਰ ਪਤਾ ਲੱਗ ਜਾਵੇਗਾ ਕਿ ਇਹ ਰਾਜਸਥਾਨੀ ਮੜਾਸੇ ਵਾਲਾ ਬੰਦਾ ਕੋਈ ਬੂਝੜ ਨਹੀਂ ਹੈ।

(ਅਗਲਾ ਲੇਖ: ਜੰਗ ਸਿਹੁੰ ਹਕੀਮ)


No comments:

Post a Comment