Friday, May 14, 2010

ਸੰਪੂਰਣਤਾਵਾਦੀ

                                                                  ਸੰਪੂਰਣਤਾਵਾਦੀ
ਬਹੁਤ ਸਾਲ ਪਹਿਲਾਂ ਮੈਂ ਇੱਕ ਕਹਾਣੀ ਪੜ੍ਹੀ ਸੀ ਜਿਸ ਦਾ ਸਿਰਲੇਖ ਸੀ ‘ਸੰਪੂਰਣਤਾਵਾਦੀ’(The Perfectionist)। ਤੁਸੀਂ ਆਪਣੇ ਸਰਚ ਇੰਜਣ ਵਿਚ ਜਾ ਕੇ ਇਸ ਕਹਾਣੀ ਦਾ ਤੱਤ-ਸਾਰ ਦੇਖ ਸਕਦੇ ਹੋ।
ਇੱਥੇ ਚੰਡੀਗੜ੍ਹ ਵਿਚ ਮੇਰਾ ਇਕ ਮਸੇਰ ਹੈ, ਕਿਸੇ ਬੀਮਾ ਕੰਪਨੀ ਵਿਚ ਅਫਸਰ ਲੱਗਿਆ ਹੈ। ਉਸ ਦੇ ਵਤੀਰੇ/ਸੁਭਾਅ ਬਾਰੇ ਸੌ ਲੇਖ ਲਿਖੇ ਜਾ ਸਕਦੇ ਹਨ, ਪਰ ਜੇ ਉਸ ਦੀ ਕਥਾ ਇਕ ਲੇਖ ਵਿਚ ਸਮੋਈ ਜਾ ਸਕੇ ਤਾਂ ਕੀ ਕਹਿਣੇ।
ਰੱਦੀ ਖਰੀਦਣ ਵਾਲਿਆਂ ਦਾ ਸੁਭਾਅ ਹੈ ਕਿ ਉਹ ਪਾਸਕੂ ਮਾਰੇ ਬਗੈਰ ਬਗੈਰ ਨਹੀ ਰਹਿ ਸਕਦੇ। ਮੈਂ ਖ਼ੁਦ ਕਈ ਪਾਸਕੂ-ਮਾਰ ਕੁੱਟੇ ਹਨ (ਜਵਾਨੀ ਵਿੱਚ)।ਪਰ ਮਸੇਰ ਦੇ ਕੀ ਕਹਿਣੇ!
ਉਹ ਸਤਾਈ ਸੈਕਟਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ।ਰੱਦੀ ਖਰੀਦਣ ਵਾਲੇ ਨੂੰ ਕਹਿੰਦਾ : “ਤੂੰ ਰੱਦੀ ਤੋਲ, ਮੈਂ ਨਹਾ ਕੇ ਆਉਂਦਾ ਹਾਂ। ਪਰ ਖ਼ਿਆਲ ਰੱਖੀਂ, ਪਾਸਕੂ ਨਾ ਮਾਰੀਂ ਨਹੀਂ ਤਾਂ ਮੈਂ ਭੈੜੀ ਕਰੂੰਗਾ।“ ਨਹਾ ਕੇ ਆਇਆ ਤਾਂ ਰੱਦੀ ਵਾਲੇ ਨੇ ਦੱਸਿਆ ਕਿ ਐਨੇ ਕਿੱਲੋ ਹੈ। ਉਸ ਨੇ ਤੱਕੜੀ-ਵੱਟੇ ਫੜੇ ਤੇ ਆਪ ਰੱਦੀ ਨੂੰ ਦੁਬਾਰਾ ਤੋਲਣ ਲੱਗਿਆ। ਦੋ ਕਿੱਲੋ ਦਾ ਫਰਕ ਨਿੱਕਲ ਆਇਆ। ਰੱਦੀ ਵਾਲੇ ਦੇ ਵੱਟੇ ਰੱਖ ਕੇ ਕਹਿਣ ਲੱਗਿਆ ਕਿ ਤੇਰੇ ਏਨੀ ਹੀ ਸਜ਼ਾ ਹੈ!
ਅਗਲੀ ਵੇਰ ਹੋਰ ਰੱਦੀ ਵਾਲਾ ਆਇਆ ਤਾਂ ਉਸ ਦੇ ਤੱਕੜੀ ਵੱਟੇ, ਦੋਵੇਂ ਰੱਖ ਲਏ।
ਤੀਜੀ ਵੇਰ ਆਉਣ ਵਾਲੇ ਦਾ ਸਾਈਕਲ ਕਬਜ਼ੇ ਕਰ ਲਿਆ!
ਜੂਨ ਦੇ ਮਹੀਨੇ ਇਕ ਐਤਵਾਰ ਵਾਲੇ ਦਿਨ ਮੈਂ ਉਸ ਦੇ ਘਰ ਗਿਆ ਤਾਂ ਬਾਹਰਲੇ ਗੇਟ ਨਾਲ ਇਕ ਮੋਟਾ-ਕਾਲਾ ਜਿਹਾ ਬੰਦਾ ਸੰਗਲੀ-ਜਿੰਦਰੇ ਨਾਲ ਬੰਨ੍ਹਿਆ ਮਿਲਿਆ। ਤੇੜ ਉਸ ਦੇ ਸਿਰਫ ਬੋਸਕੀ ਦਾ ਕੱਛਾ! ਮੇਰੇ ਪੁੱਛਣ ‘ਤੇ ਮਸੇਰ ਨੇ ਦੱਸਿਆ ਕਿ ਇਹ ਸਾਲ਼ਾ ਰੱਦੀ ਖਰੀਦਣ ਵਾਲਿਆਂ ਦੀ ਯੂਨੀਅਨ ਦਾ ਪ੍ਰਧਾਨ ਹੈ! ਮਗਰੋਂ ਦੋ ਕੁ ਦਿਨ ਬਾਅਦ ਪੁੱਛਣ ‘ਤੇ ਉਸ ਨੇ ਦੱਸਿਆ ਕਿ ਸ਼ਾਮ ਨੂੰ ਸਾਰੀ ਯੂਨੀਅਨ ਇਕੱਠੀ ਹੋ ਕੇ ਆਈ ਸੀ ਤੇ ਇਹ ਵਾਅਦਾ ਦੇ ਕੇ ਆਪਣੇ ਪ੍ਰਧਾਨ ਨੂੰ ਛੁਡਾ ਕੇ ਲੈ ਗਈ ਕਿ ਅੱਗੋਂ ਤੋਂ ਉਹ ਇਸ ਗਲ਼ੀ ਵਿਚ ਰੱਦੀ ਖਰੀਦਣ ਨਹੀਂ ਆਇਆ ਕਰਨਗੇ।
ਸਬਜ਼ੀ ਵੇਚਣ ਵਾਲਿਆਂ ਨਾਲ ਵੀ ਉਹ ਇਉਂ ਹੀ ਕਰਦਾ ਸੀ। ਉਹ ਵੀ ਉਸ ਦੀ ਗਲ਼ੀ ਵਿਚ ਆਉਣਾ ਛੱਡ ਗਏ!
ਅੱਤਵਾਦ ਦੇ ਦਿਨਾਂ ਦੀ ਗੱਲ ਹੈ। ਮਸੇਰ ਸਕੂਟਰ ‘ਤੇ ਜਾ ਰਿਹਾ ਸੀ। ਵੀਹ ਸੈਕਟਰ ਦੇ ਗੁਰਦੁਆਰੇ ਵਾਲੇ ਚੌਕ ਵਿਚ ਇਕ ਟਰੱਕ ਵਾਲਾ ਉਸ ਨੂੰ ਫੇਟ ਮਾਰ ਕੇ ਦੌੜ ਗਿਆ। ਉਹ ਡਿੱਗ ਪਿਆ ਅਤੇ ਲਹੂ-ਲੁਹਾਨ ਹੋ ਗਿਆ। ਫਟਾਫਟ ਉੱਠ ਕੇ ਸਕੂਟਰ ਨੂੰ ਕਿੱਕਾਂ ਮਾਰਨ ਲੱਗਿਆ ਪਰ ਸਕੂਟਰ ਸਟਾਰਟ ਨਾ ਹੋਇਆ। ਇਕੱਤਰ ਹੋਏ ਲੋਕਾਂ ਨੂੰ ਕਹਿੰਦਾ: ਭਰਾਵੋ ਧੱਕਾ ਮਾਰ ਕੇ ਸਕੂਟਰ ਸਟਾਰਟ ਕਰਵਾ ਦਿਉ। ਸਕੂਟਰ ਸਟਾਰਟ ਕਰਵਾ ਕੇ ਟਰੱਕ ਵਾਲੇ ਦਾ ਪਿੱਛਾ ਸ਼ੁਰੂ ਕਰ ਦਿੱਤਾ। ਜ਼ੀਰਕਪੁਰ ਕੋਲ ਪੁਲਸ ਦਾ ਨਾਕਾ ਹੋਇਆ ਕਰਦਾ ਸੀ ਜਿੱਥੇ ਟਰੱਕ ਨੂੰ ਪੁਲਸ ਵਾਲਿਆਂ ਨੇ ਰੋਕਿਆ ਹੋਇਆ ਸੀ। ਮਸੇਰ ਨੇ ਡਰਾਈਵਰ ਨੂੰ ਗਲਮੇ ਤੋਂ ਫੜ ਕੇ ਲਾਹ ਲਿਆ ਤੇ ਉਸ ਦੀ ਮੰਜਾਈ ਸ਼ੁਰੂ ਕਰ ਦਿੱਤੀ। ਪੁਲਸ ਵਾਲੇ ਹੈਰਾਨ-ਪ੍ਰੇਸ਼ਾਨ ਕਿ ਇਹ ਲਹੂ ਭਿੱਜਿਆ ਦੈਂਤ ਕੀ ਕਰ ਰਿਹਾ ਹੈ! ਅਖੀਰ ਡਰਾਈਵਰ ਨੂੰ 800 ਰੁਪਏ ਦਾ ਦੰਡ ਲਗਾ ਕੇ ਉਸ ਦਾ ਖਹਿੜਾ ਛੱਡਿਆ। 300 ਰੁਪਏ ਪੁਲਸ ਵਾਲਿਆਂ ਨੂੰ ਦੇ ਕੇ ਅਤੇ 500 ਆਪਣੀ ਜੇਬ ਵਿਚ ਪਾ ਕੇ ਮਸੇਰ ਸਤਾਈ ਸੈਕਟਰ ਵਲ ਆਪਣੀ ਰਿਹਾਇਸ਼ ਨੂੰ ਮੁੜ ਆਇਆ।

(14 ਮਈ 2010)




1 comment: