Saturday, May 15, 2010

Saturday Musings : ਫੁਕਰਾ ਨਾ ਕਹੋ

ਫੁਕਰਾ ਨਾ ਕਹੋ,

‘ਫੁਕਰਾ ਜੀ’ ਕਹੋ ਮੈਨੂੰ।

ਬਾਅਦ ਵਿਚ ਦੇਖਾਂਗੇ ਕਿ ‘ਜੀ’ ਕਹਾਉਣ ਵਾਲਾ ਕੀ ਚੰਦ ਚੜ੍ਹਾਇਆ ਹੈ ਪਰ ਪਹਿਲਾਂ ਇਹ ਤਾਂ ਦੇਖੀਏ ਕਿ ਇਹ ਫੁਕਰਾ ਸ਼ਬਦ ਹੈ ਕਿਸ ਬਲਾ ਦਾ ਨਾਂਅ।ਬਗੈਰ ਕਿਸੇ ਸਿਆਣੇ ਦੀ ਰਾਇ ਲਿਆਂ ਅਤੇ ਕਿਸੇ ਹਵਾਲਾ ਪੁਸਤਕ ਦਾ ਸਹਾਰਾ ਲਿਆਂ, ਕਹਿਣ ਦੀ ਆਗਿਆ ਦਿਉ ਕਿ ਇਸ ਦਾ ਸ੍ਰੋਤ ਫੂਕ ਜਾਂ ਫੂਕ ਛਕਣਾ ਦਾ ਮੁਹਾਵਰਾ ਹੋ ਸਕਦਾ ਹੈ। ਜਾਂ ਫੇਰ ਫੁੰਕਾਰ। ਫਿਕਰ ਸ਼ਬਦ ਤੋਂ ਤਾਂ ਨਿੱਕਲਿਆ ਨਹੀਂ ਲਗਦਾ ਤੇ ਨਾ ਹੀ ਫਖ਼ਰ ਤੋਂ। ਹੋ ਸਕਦਾ ਹੈ ਫੁਕਰਾ ਸ਼ਬਦ ਫੱਕਰ ਸ਼ਬਦ ਤੋਂ ਹੀ ਨਿੱਕਲਿਆ ਹੋਵੇ।ਫੱਕਰਾਂ ਜਾਂ ਫਕੀਰਾਂ ਨੂੰ ਜ਼ਿਆਦਾਤਰ ਦੋਪਾਏ ਪਸੰਦ ਨਹੀਂ ਕਰਦੇ।

ਇਹ ਫਿਕਰਾ ਵੀ ਉਤਲੇ ਪੈਰੇ ਨਾਲ ਲਗਾਇਆ ਜਾਣਾ ਸੀ ਪਰ ਇਸ ਨਾਲ ਉਸ ਪੈਰੇ ਦੇ ਲੰਮਾ ਪੈ ਜਾਣ ਦਾ ਡਰ ਸੀ। ਇਸ ਲਈ ਇਹ ਨਵਾਂ ਪੈਰਾ। ਹੋ ਇਹ ਵੀ ਸਕਦਾ ਹੈ ਕਿ ਇਹ ਸ਼ਬਦ ਬੇਫਿਕਰਾ ਜਾਂ ਫਿਕਰ ਤੋਂ ਵਿਗੜ ਕੇ ਬਣਿਆ ਹੋਵੇ। ਪਾਣੀ ‘ਚ ਮਧਾਣੀ ਪਾਉਣੀ ਛੱਡ ਇਸ ਦਾ ਨਿਰਣਾ ਡਾ. ਜੀ ਐਸ ਰਿਆਲ ਜੀ ਉਤੇ ਛੱਡ ਦਿੰਦੇ ਹਾਂ।ਹਾਂ, ਜੇ ਇਹ ਸ਼ਬਦ ਫਖ਼ਰ ਨਾਲ ਕਿਸੇ ਤਰੀਕੇ ਜੁੜਿਆ ਹੋਇਆ ਹੈ ਤਾਂ ਬਹੁਤ ਮਾੜੀ ਗੱਲ ਹੋਵੇਗੀ।

‘ਫੁਕਰਾ ਜੀ’ ਦੇ ਮਾਮਲੇ ਵਿਚ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਮ ਫੁਕਰਾ ਨਹੀਂ ਹਾਂ, ਫੁਕਰਿਆਂ ਦਾ ਸਰਦਾਰ ਹਾਂ। ਨਿੱਕੇ ਸ਼ਹਿਰ ਦਾ ਫੁਕਰਾ ਤਾਂ ਇਸ ਗੱਲੋਂ ਪਛਾਣਿਆ ਜਾਂਦਾ ਹੈ ਕਿ ਉਹ ਨਿੱਤ ਨਵੇਂ ਭੇਸ ਬਦਲ ਦਾ ਹੈ। ਫੁਕਰਿਆਂ ਦੇ ਸਰਦਾਰ ਦੀ ਇਹ ਨਿਸ਼ਾਨੀ ਹੈ ਕਿ ਉਹ ਦਿਨ ਵਿਚ ਤਿੰਨ ਵਾਰ ਭੇਸ ਵਟਾਉਂਦਾ ਹੈ। ਹਰ ਵਾਰ ਪਛਾਣਿਆ ਹੀ ਨਹੀਂ ਜਾਂਦਾ।

ਆਮ ਫੁਕਰਾ: ਉਹ ਇੱਕ ਦਿਨ ਪੱਗ ਬੰਨ੍ਹ ਲੈਂਦਾ ਹੈ, ਦੂਜੇ ਦਿਨ ਲੈਨਿਨੀ ਟੋਪੀ ਤੀਜੇ ਦਿਨ ਪਟਿਆਂ ਨੂੰ ਤੇਲ ਲਾ ਕੇ ਘੁੰਮਦਾ ਹੈ ਅਤੇ ਚੌਥੇ ਦਿਨ ਸਿਰ ਉਤੇ ਉਸਤਰਾ ਫਿਰ ਵਾ ਲੈਂਦਾ ਹੈ।ਮੈਂ ਸਵੇਰ ਵੇਲੇ ਨਹਾ ਕੇ ਕੰਘੀ ਨਹੀਂ ਕਰਦਾ, ਦੁਪਹਿਰੇ ਰਾਜਸਥਾਨੀ ਪੱਗ ਬੰਨ੍ਹ ਲੈਂਦਾ ਹਾਂ ਤੇ ਸ਼ਾਮ ਪੱਗ ਕੱਛ ‘ਚ ਲੈ ਕੇ ਨੰਗੇ ਸਿਰ ਘਰ
ਆਉਂਦਾ ਹਾਂ!

ਆਮ ਫੁਕਰਾ ਇਕ ਦਿਨ ਨਿਗਾਹ ਦੇ ਚਸ਼ਮੇ ਲਗਾ ਕੇ ਫੋਟੋ ਫੇਸ ਬੁੱਕ ਉਤੇ ਪਾਉਂਦਾ ਹੈ, ਦੂਜੇ ਦਿਨ ਰੰਗਦਾਰ ਖੋਪੇ (ਗੌਗਲਜ਼) ਲਾ ਕੇ, ਇਕ ਫੋਟੋ ਵਿਚ ਫਰੈਂਚ ਕੱਟ ਹੁੰਦੀ ਹੈ, ਦੂਜੀ ਵਿਚ ਕੁੱਕੜ ਦੇ ਚਿੱਤੜਾਂ ‘ਤੇ ਬਣਦੀ ਭੰਬੀਰੀ ਵਰਗੀ ਦਾੜ੍ਹੀ ਨਾਲ! ਅੱਜ ਕੱਲ੍ਹ ਕਈ ਫਿਲਮੀ ਕਲਾਕਾਰ ਹੇਠਲੇ ਬੁੱਲ੍ਹ ਨੂੰ ਛੂੰਹਦੇ ਦਾੜ੍ਹੀ ਦੇ ਵਾਲਾਂ ਨੂੰ ਛੱਡ ਕੇ ਬਾਕੀ ਦਾੜ੍ਹੀ ਨੂੰ ਉਸਤਰਾ ਫਿਰਵਾ ਰਹੇ ਹਨ। ਇਹ ਫੁਕਰਪੰਥੀ ਮੈਂ ਵੀਹ ਸਾਲ ਪਹਿਲਾਂ ਕਰ ਚੁੱਕਿਆ ਹਾਂ ਤੇ ਮੇਰੇ ਕੋਲ ਇਸ ਦੀਆਂ ਤਸਵੀਰਾਂ ਵੀ ਹਨ!

ਗੱਲ ਦਾ ਭੋਗ ਪਾਉਣ ਵਾਲੀ ਗੱਲ ਕਰੀਏ ਪਾਠਕ ਜੀਉ। ਸੌ ਹੱਥ ਲਾਸ ਸਿਰੇ ‘ਤੇ ਗੰਢ ਵਾਲੀ ਗੱਲ ਵਾਂਗੂ, ਫੁਕਰੇ ਤੁਸੀਂ ਬਥੇਰੇ ਦੇਖੇ ਹੋਣਗੇ ਪਰ ਜਿਹੋ ਜਿਹੀਆਂ ਫੁਕਰ-ਘੀਸੀਆਂ ਸਰਦਾਰ ਫੁਕਰਾ ਜੀ (ਆ ਗਈ ਨਾ ਜੀ ਵਾਲੀ ਗੱਲ) ਕੀਤੀਆਂ ਹਨ ਉਹੋ ਜਿਹੀਆਂ ਕਰਦਾ ਕੋਈ ਫੁਕਰਾ ਅੱਜ ਤੱਕ ਨਹੀਂ ਮਿਲਿਆ।
ਸਿਖਰਲੀ ਫੁਕਰ-ਘੀਸੀ: 1986 ਵਿਚ ਮੈਂ ਆਪਣੇ ਸਿਰ ‘ਚ ਬੋਦੀ ਵਾਲੀ ਥਾਂ ਨੂੰ ਕੇਂਦਰੀ ਨੁਕਤਾ ਬਣਾ ਕੇ ਕੌਲੀ ਕੁ ਜਿੰਨੀ ਥਾਂ ਉਤੇ ਗੁਲਾਈਦਾਰ ਸ਼ਕਲ ਵਿਚ ਉਂਗਲ-ਉਂਗਲ ਵਾਲਾਂ ਨੂੰ ਛੱਡ ਕੇ ਬਾਕੀ ਸਿਰ ਉਤੇ ਉਸਤਰਾ ਮਰਵਾਇਆ ਹੋਇਆ ਸੀ। ਸਤਾਰਾਂ ਸੈਕਟਰ ਵਿਚ ਜਾ ਰਿਹਾ ਸਾਂ ਕਿ ਪਿੱਛੇ-ਪਿੱਛੇ ਆ ਰਹੇ ਦੋ ਜਣਿਆਂ ਵਿਚੋਂ ਇਕ ਬੋਲਿਆ ਕਿ ਮੈਂ ਟੋਪੀ ਹੀ ਇਸ ਤਰ੍ਹਾਂ ਦੀ ਪਾਈ ਹੋਈ ਹੈ, ਜਦ ਕਿ ਦੂਜਾ ਕਹਿੰਦਾ ਕਿ ਨਹੀਂ ਇਹ ਵਾਲ ਹਨ। ਜਦ ਟੋਪੀ ਵਾਲੇ ਨੇ ਕਿਹਾ ਕਿ ਲਾ ਲੈ ਸ਼ਰਤ, ਤਾਂ ਮੈਂ ਪਿਛਾਂਹ ਮੂੰਹ ਕੀਤਾ ਤੇ ਉਸ ਨੂੰ ਕਿਹਾ: “ਮੂਰਖਾ ਸ਼ਰਤ ਹਾਰ ਜਾਏਂਗਾ, ਨਾ ਲਾ।“


1 comment:

  1. ਆਹ ਟੋਟਣ ਪਰਨੇ ਹੋ ਕੇ ਫੋਟੋ ਫੇਸਬੁੱਕ 'ਤੇ ਲਾਉਣ ਦਾ ਫੁਰਨਾ ਕਿਸੇ ਐਰੇ ਗੈਰੇ ਫੁਕਰੇ ਨੂੰ ਫੁਰ ਸਕਦਾ ਹੈ?

    ReplyDelete