Tuesday, May 4, 2010

Village diary and journeys Series: 6

ਮੱਘਰ ਦਾ ਪਿਉ ਸੋਹਣੀ

ਯਾਤਰਾਵਾਂ ਤਾਂ ਯਾਦ ਨੇ ਪਰ ਉਮਰ ਦੇ ਲਿਹਾਜ਼ ਨਾਲ ਪਾਤਰਾਂ ਦੇ ਨਾਂ ਭੁੱਲਣੇ ਸ਼ੁਰੂ ਹੋ ਗਏ ਹਨ। (ਯਾਤਰਾਵਾਂ ਦਾ ਸਿਲਸਿਲਾ ਤਾਂ ਅਜੇ ਮੈਂ ਸ਼ੁਰੂ ਵੀ ਨਹੀਂ ਕੀਤਾ।)
ਅੱਜ ਦੀ ਡਾਇਰੀ ਦਾ ਮੁੱਖ ਪਾਤਰ ਮੱਘਰ ਦਾ ਪਿਉ ਸੋਹਣੀ ਹੈ ਜਿਸ ਦਾ ਪੂਰਾ ਨਾਂ ਤਾਂ ਜ਼ਾਹਰਾ ਤੌਰ 'ਤੇ ਸੋਹਣ ਸਿੰਘ ਹੀ ਹੋਵੇਗਾ, ਪਰ ਪਿੰਡਾਂ ਵਾਲਿਆਂ ਦੀ ਤਹਿਜ਼ੀਬ ਦੀ ਘਾਟ ਕਹਿ ਲਈਏ ਜਾਂ ਕਿਰਦਾਰ ਦਾ ਹਿੱਸਾ, ਉਹ ਵੱਡੇ ਤੋਂ ਵੱਡੇ ਮੋਹਤਬਰ ਦਾ ਵੀ ਨਿੱਕਾ ਨਾਂਅ ਰੱਖ ਲੈਂਦੇ ਹਨ। ਮਸਲਨ ਸੁਰਜੀਤ ਦੇ ਦਾਦਾ ਅਤੇ ਜ਼ੈਲੇ (ਜ਼ੈਲ ਸਿੰਘ) ਦੇ ਪਿਤਾ ਦਾਨ ਸਿੰਘ ਦਾ ਨਾਂ ਉਨ੍ਹਾਂ ਨੇ ਦਾਨਾ ਰੱਖਿਆ ਹੋਇਆ ਸੀ। ਬੁੱਢੀ ਉਮਰ ਵਿਚ ਉਸ ਨੂੰ ਬਾਬਾ ਦਾਨਾ ਕਹਿਣ ਲੱਗ ਪਏ ਸਨ। ਮੈਨੂੰ ਯਾਦ ਹੈ ਕਿ ਬਹੁਤ ਨਿੱਕੀ ਉਮਰ ਵਿਚ ਮੰਡੀ ਵਿਚ 26 ਜਨਵਰੀ ਦੇ ਸਮਾਗਮ ਵਿਚ, ਜਦੋਂ ਬਾਬਾ ਦਾਨਾ ਕਮੇਟੀ ਦਾ ਪ੍ਰਧਾਨ ਸੀ, ਕੁੜੀਆਂ ਨੇ ਬੋਲੀ ਪਾਈ ਸੀ: ਬਾਰੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਰਾਇਆ; ਬਾਬੇ ਦਾਨੇ ਨੇ ਦੇਸ਼ ਆਜ਼ਾਦ ਕਰਾਇਆ।
ਇਨ੍ਹਾਂ ਦੋਵਾਂ ਭਰਾਵਾਂ ਦੇ ਨਾਂ ਮੈਂ ਭੁੱਲ ਚੁੱਕਿਆ ਹਾਂ ਜਿਨ੍ਹਾਂ ਨੇ ਪਿੰਡ ਦੇ ਬਾਹਰ-ਬਾਹਰ ਖੇਤਾਂ ਵਿਚ ਘਰ ਪਾ ਲਿਆ ਸੀ; ਖਾਂਦਾ-ਪੀਂਦਾ ਜ਼ਿਮੀਂਦਾਰਾ ਪਰਿਵਾਰ ਸੀ। ਇੱਕ ਭਰਾ ਨੇ ਬੜੇ ਸ਼ੌਕ ਨਾਲ ਗੱਡਾ ਬਣਵਾਇਆ, ਉਸ ਉੱਤੇ ਪਿੱਤਲ ਨਾਲ ਕਾਫੀ ਹਾਰ ਸ਼ਿੰਗਾਰ ਕਰਵਾਇਆ। ਬਿਲਕੁਲ ਉਸੇ ਤਰ੍ਹਾਂ ਦਾ ਗੱਡਾ ਜਿਸ ਦਾ ਜ਼ਿਕਰ ਉਸ ਗੀਤ ਵਿਚ ਆਉਂਦਾ ਹੈ ਜਿਸ ਉੱਤੇ 'ਆ ਗਿਆ ਸੰਦੂਕ ਮੁਟਿਆਰ ਦਾ।'
ਪਿੰਡ ਵਿੱਚ ਗੱਡੇ ਦੀ ਕਾਫੀ ਚਰਚਾ ਹੋਈ। (ਕ੍ਰਿਸ਼ਨ ਮਹਾਰਾਜ ਦੀ ਕਿਰਪਾ ਨਾਲ ਦੋਵਾਂ ਭਰਾਵਾਂ ਦੇ ਨਾਂ ਯਾਦ ਆ ਗਏ ਹਨ: ਰੱਤਾ ਤੇ ਫੱਤਾ।) ਫੱਤੇ ਨੇ ਬਣਵਾਇਆ ਸੀ ਇਹ ਗੱਡਾ! ਸੱਥ ਵਿਚ ਗੱਡੇ ਦੀਆਂ ਗੱਲਾਂ ਹੋ ਰਹੀਆਂ ਸਨ ਕਿ ਕਿਸੇ ਨੇ ਕਿਹਾ: "ਫੱਤਾ ਸਿਆਂ, ਏਨਾ ਕੀਮਤੀ ਗੱਡਾ ਹੈ, ਜੇ ਚੋਰੀ ਹੋ ਗਿਆ?" ਅੱਗੋਂ ਉਹ ਬੋਲਿਆ: "ਚੋਰੀ ਕਿਵੇਂ ਹੋਜੂ, ਗੱਡਾ ਛਤੜੇ 'ਚ ਖੜ੍ਹਾ ਕੇ, ਉਸ ਦੇ ਅੱਗੇ ਮੰਜੀ ਡਾਹ ਕੇ ਸੌਂਦਾ ਹਾਂ।"
ਸੋਹਣੀ ਰਾਤ ਵੇਲੇ ਉੱਠਿਆ ਅਤੇ ਫੱਤੇ ਦੇ ਛਤੜੇ ਮੂਹਰੇ ਪਹੁੰਚ ਗਿਆ ਜਿੱਥੇ ਉਹ ਸੁੱਤਾ ਪਿਆ ਸੀ। ਉਸ ਨੇ ਫੱਤੇ ਸਮੇਤ ਉਸ ਦਾ ਮੰਜਾ ਉਠਾਇਆ ਤੇ ਦੋ ਕਿੱਲੇ ਦੂਰ ਰੱਖ ਆਇਆ। ਫੇਰ ਉਸ ਨੇ ਉਸ ਦਾ ਗੱਡਾ ਸਿਰ ਉਤੇ ਚੁੱਕਿਆ ਅਤੇ ਲਿਆ ਕੇ ਪਿੰਡ ਦੇ ਟੋਭੇ ਦੇ ਵਿੱਚ-ਵਿਚਾਲੇ ਸੁੱਟ ਦਿੱਤਾ।
ਫੱਤਾ ਸਿਹੁੰ ਜਦੋਂ ਸਵੇਰੇ ਜਾਗੇ ਤਾਂ ਹੱਕੇ-ਬੱਕੇ। ਭੱਜ ਕੇ ਛਤੜੇ ਕੋਲ ਪਹੁੰਚਿਆ ਤਾਂ ਰੰਗ ਵੀ ਉੱਡ ਗਿਆ। ਨਾ ਗੱਡੇ ਦੀ ਲੀਹ ਤੇ ਨਾ ਇੱਕ ਬੰਦੇ ਦੀਆਂ ਪੈੜਾਂ ਤੋਂ ਬਿਨਾਂ ਤੀਜੀ ਪੈੜ!
ਫੱਤਾ ਪਿੰਡ ਨੂੰ ਭੱਜਿਆ, ਬਹੁੜੀ-ਦੁਹਾਈ ਕਰਦਾ।
ਸਾਰੀ ਰਾਮ ਕਹਾਣੀ ਸੁਣਾਈ। ਸੋਹਣੀ ਵੀ ਪਹੁੰਚ ਗਿਆ। ਬੋਲਿਆ: "ਫੱਤਾ ਸਿਆਂ, ਤੂੰ ਤਾਂ ਕਹਿੰਦਾ ਸੀ ਤੇਰਾ ਗੱਡਾ ਚੋਰੀ ਨਹੀਂ ਹੋ ਸਕਦਾ? ਜਾਹ ਟੋਭੇ 'ਚੋਂ ਕੱਢ ਲਿਆ!"

2 comments:

  1. (ਕ੍ਰਿਸ਼ਨ ਮਹਾਰਾਜ ਦੀ ਕਿਰਪਾ ਨਾਲ ਦੋਵਾਂ ਭਰਾਵਾਂ ਦੇ ਨਾਂ ਯਾਦ ਆ ਗਏ ਹਨ: ਰੱਤਾ ਤੇ ਫੱਤਾ।) wah ji badi kirpa karda hai murli wala tuhade te.. yar lagdi hai pakki..lolz//

    ReplyDelete
  2. ਸ਼ਹਿਰੀ ਕੁੜੀਆਂ ਦਾ ਨਖ਼ਰਾ ਹੈ, LoL!
    ਪਰ ਯਾਰਾਂ ਦਾ ਤਾਂ ਵੱਖਰਾ ਹੈ, LoL!

    ReplyDelete