Monday, May 10, 2010

Journeys 8 ਲੰਗੜਾ ਖੁਸ਼ ਕਿਉਂ ਹੈ

  ਲੰਗੜਾ ਹੀ ਦਸਦਾ ਹੈ ਕਿ ਲੰਗੜਾ ਖੁਸ਼ ਕਿਉਂ ਹੈ
ਸਾਡੇ ਪੱਤਰ ਸੂਚਨਾ ਮਹਿਕਮੇ ਦੇ ਸ਼ਿਮਲਾ ਦਫਤਰ ਵਿਚ ਇਕ ਸੂਚਨਾ ਕੇਂਦਰ ਹੋਇਆ ਕਰਦਾ ਸੀ। ਕੁੱਝ ਸਾਲ ਪਹਿਲਾਂ ਖਰਚ ਘਟਾਉਣ ਲਈ ਲੱਗੀ ਇਕ ਕਟੌਤੀ ਤਹਿਤ ਇਹ ਸੂਚਨਾ ਕੇਂਦਰ ਬੰਦ ਕਰ ਦਿੱਤਾ ਗਿਆ। ਕੇਂਦਰ ਦੀਆਂ ਕੁੱਲ 306 ਕਿਤਾਬਾਂ ਅਜੇ ਦਫਤਰ ਵਿਚ ਹੀ ਪਈਆਂ ਹਨ।
ਪਿਛਲੇ ਢਾਈ ਸਾਲਾਂ ਵਿਚ ਲੰਗੜੇ* ਨੇ ਇਨ੍ਹਾਂ 306 ਕਿਤਾਬਾਂ ਵਿਚੋਂ ਚੰਗੀਆਂ-ਚੰਗੀਆਂ ਤਕਰੀਬਨ ਸਾਰੀਆਂ ਹੀ ਕਿਤਾਬਾਂ ਪੜ੍ਹ ਦਿੱਤੀਆਂ ਹਨ। ਇਨ੍ਹਾਂ ਵਿਚ ਕੌਲਿਨ ਤੇ ਲੇਪੀਅਰ ਦੀਆਂ ਮਹਾਨ ਕਿਰਤਾਂ, ‘ਅੱਧੀ ਰਾਤ ਆਜ਼ਾਦੀ’ (ਫਰੀਡਮ ਐਟ ਮਿਡਨਾਈਟ) ਅਤੇ ‘ਜਾਂ ਮੇਰਾ ਮਰੇ ਦਾ ਮੂੰਹ ਦੇਖੀਂ’ (ਆੱਰ ਯੂ ਸੀ ਮਾਈ ਫੇਸ ਡੈਡ), ਰੀਡਰਜ਼ ਡਾਈਜੈਸਟ ਦੀ ਤਿੰਨ ਜਿਲਦਾਂ ਵਿਚ ‘ਆਧੁਨਿਕ ਗਿਆਨ ਦੀ ਲਾਇਬਰੇਰੀ’ (ਲਾਇਬਰੇਰੀ ਆਵ ਮਾਡਰਨ ਨੌਲਜ), ਅਤੇ ਹੋਰ ਤਾਂ ਹੋਰ, ਇਨਸਾਈਕਲੋਪੀਡੀਆ ਬ੍ਰਿਟੇਨਿਕਾ ਦੀਆਂ 19 ਵਿਚੋਂ 17 ਜਿਲਦਾਂ ਸ਼ਾਮਲ ਹਨ। ਲੰਗੜਾ ਸੋਚਦਾ ਹੈ ਕਿ ਜੇ ਮੌਲਿਕ ਹੋਰ ਕੁੱਝ ਵੀ ਨਾ ਲਿਖਿਆ ਜਾਵੇ, ਤਾਂ ਖਾਲਸੇ ਦੀ ਸਾਜਨਾ ਦੀ ਤ੍ਰੈ-ਸ਼ਤਾਬਦੀ ਦਾ ਵਰ੍ਹਾ ਲਿਖਦਿਆਂ-ਲਿਖਦਿਆਂ ਲੰਘ ਸਕਦਾ ਹੈ। ਲੰਗੜਾ ਇਸੇ ਗੱਲੋਂ ਖੁਸ਼ ਹੈ।
‘ਆਧੁਨਿਕ ਗਿਆਨ ਦੀ ਲਾਇਬਰੇਰੀ’ ਹੋਰਾਂ ਗੱਲਾਂ ਤੋਂ ਇਲਾਵਾ ਇਸ ਗੱਲੋਂ ਬਹੁਤ ਸ਼ਲਾਘਾਯੋਗ ਹੈ ਕਿ ਇਸ ਵਿਚ ਹਰ ਵਿਸੇ ਨੂੰ ਦੋ ਸਫਿਆਂ ਵਿਚ ਸਮੇਟਿਆ ਗਿਆ ਹੈ। ਗਣਿਤ ਬਾਰੇ ਅਧਿਾਇ ਵਿਚ ਇਕ ਦਿਲਚਸਪ ਵਾਕਿਆ ਦਰਜ ਹੈ। ਰੇਖਾ-ਗਣਿਤ ਦੇ ਮਹਾਨ ਵਿਦਵਾਨ ਪਾਇਥਾਗੋਰਸ ਦਾ ਇਕ ਚੇਲਾ ਸੀ, ਹਿੱਪਾਸਸ। ਹਿੱਪਾਸਸ ਇਸ ਨਤੀਜੇ ਉਤੇ ਪਹੁੰਚਿਆ ਕਿ ਕੁੱਝ ਅੰਕ ਤਾਰਕਿਕ ਨਹੀਂ ਹਨ। ਮਸਲਨ 2 ਦੇ ਵਰਗਮੂਲ ਨੂੰ 2 ਦੇ ਵਰਗਮੂਲ ਨਾਲ ਹੀ ਜ਼ਰਬ ਕੀਤਾ ਜਾਵੇ ਤਾਂ ਮੁਕੰਮਲ 2 ਹਾਸਲ ਨਹੀਂ ਹੁੰਦਾ। ਇਸ ਸਮੱਸਿਆ ਤੋਂ ਪਾਇਥਾਗੋਰਸ ਦੇ ਬਾਕੀ ਚੇਲੇ ਏਨੇ ਖਿਝੇ ਕਿ ਉਨ੍ਹਾਂ ਨੇ ਹਿੱਪਾਸਸ ਦਾ ਸਿਰ ਹੀ ਧੜ ਤੋਂ ਅਲੱਗ ਕਰ ਦਿਤਾ।
ਕੌਲਿਨ ਅਤੇ ਲੇਪੀਅਰ ਦੀ ‘ਅੱਧੀ ਰਾਤ ਆਜ਼ਾਦੀ’ ਇਕ ਅੰਤਾਂ ਦੀ ਖੋਜ ਭਰਪੂਰ ਕਿਤਾਬ ਹੈ।ਇਸ ਦੇ ਅੰਤ ਉਤੇ ਇਕੱਲੇ-ਇਕੱਲੇ ਅਧਿਆਇ ਵਿਚ ਦਿੱਤੀ ਗਈ ਜਾਣਕਾਰੀ ਦਾ ਸਰੋਤ ਦਿੱਤਾ ਗਿਆ ਹੈ। ਪੁਤਸਕ ਦੇ ਵਿਕਾਸ ਪ੍ਰਕਾਸ਼ਨ ਘਰ ਵੱਲੋਂ 1976 ਵਿਚ ਪ੍ਰਕਾਸ਼ਿਤ ਪਹਿਲੇ ਛਾਪੇ ਦੇ ਸਫਾ 337-38 ਅਤੇ 457-60 ਉਤੇ ਬੂਟਾ ਸਿੰਘ** ਨਾਂਅ ਦੇ ਇਕ ਇਨਸਾਨ ਦੀ ਅੰਤਾਂ ਦੀ ਦਰਦ ਭਰੀ ਪ੍ਰੇਮ-ਕਥਾ ਦਰਜ ਹੈ।ਬੂਟਾ ਸਿੰਘ ਨੇ 1947 ਵਿਚ ਇਕ ਜ਼ੈਨਬ ਨਾਂਅ ਦੀ ਮੁਸਲਮਾਨ ਲੜਕੀ ਨਾਲ ਗੁਰ-ਮਰਿਆਦਾ ਅਨੁਸਾਰ ਵਿਆਹ ਕਰਵਾਇਆ। ਸਾਲ ਬਾਅਦ ਉਨ੍ਹਾਂ ਦੇ ਘਰ ਇਕ ਕੁੜੀ ਪੈਦਾ ਹੋਈ ਤਾਂ ਬੂਟਾ ਸਿੰਘ ਨੇ ਗੁਰੂ-ਗ੍ਰੰਥ ਸਾਹਿਬ ਖੋਲ੍ਹਿਆ, ਵਿਚੋਂ ‘ਤ’ ਨਿਕਲਿਆ ਅਤੇ ਲੜਕੀ ਦਾ ਨਾਂਅ ਰੱਖਿਆ ਗਿਆ ਤਨਵੀਰ।ਫੇਰ ਜਦੋਂ ਵੰਡ ਪਿੱਛੋਂ ਇਧਰ ਰਹਿ ਗਈਆ ਮੁਸਲਮਾਨ ਔਰਤਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਤਾਂ ਬੂਟੇ ਦੇ ਭਰਾ-ਭਤੀਜਿਆਂ ਨੇ ਜ਼ਮੀਨ ਦੇ ਲਾਲਚ ਵਿਚ ਜ਼ੈਨਬ ਦੀ ਸੂਹ ਦੇ ਦਿੱਤੀ। ਬੂਟਾ ਚੋਰੀ-ਛੁਪੇ ਪਾਕਿਸਤਾਨ ਚਲਿਆ ਗਿਆ ਅਤੇ ਮੁਸਲਮਾਨ ਧਰਮ ਅਪਣਾ ਲਿਆ। ਮਾਮਲਾ ਅਦਾਲਤ ਵਿਚ ਚਲਿਆ ਗਿਆ, ਪਰ ਜ਼ੈਨਬ ਬੂਟੇ ਦੇ ਹੱਥ ਨਾ ਲੱਗੀ। ਬੂਟੇ ਨੇ ਰੇਲ ਗੱਡੀ ਹੇਠ ਆ ਕੇ ਜਾਨ ਦੇ ਦਿੱਤੀ।# ਲੇਖਕ ਦਸਦੇ ਹਨ ਕਿ ਬੂਟਾ ਸਿੰਘ ਦੀ ਧੀ, ਜਿਸ ਦੇ ਪਾਲਕ ਮਾਪਿਆਂ ਨੇ ਉਸ ਦਾ ਨਾਂਅ ਸੁਲਤਨਾ ਰੱਖ ਦਿੱਤਾ, ਕਿਤਾਬ ਲਿਖਣ ਵੇਲੇ ਤਿੰਨ ਬੱਚਿਆਂ ਦੀ ਮਾਂ ਸੀ ਅਤੇ ਲਿਬੀਆ ਵਿਚ ਆਪਣੇ ਇੰਜੀਨੀਅਰ ਪਤੀ ਨਾਲ ਰਹਿ ਰਹੀ ਸੀ।***
ਡਾ. ਐਮ.ਐਸ.ਰੰਧਾਵਾ ਦੀ ਕਿਤਾਬ ‘ਪੱਛਮੀ ਹਿਮਾਲਿਆ ਦੀਆਂ ਯਾਤਰਾਵਾਂ’ ਵਿਚ ਬਹੁਤ ਸਾਰੇ ਦਿਲਚਸਪ ਟੋਟਕੇ ਹਨ। ਕੁੱਲੂ ਵਿਚ ਲਹੌਲ ਸਪਿਤੀ ਤੋਂ ਆਏ ਇਕ ਮੈਜਿਸਟਰੇਟ ਦਾ ਨਿਆਂ ਕਰਨ ਦਾ ਆਪਣਾ ਤਰੀਕਾ ਸੀ।ਉਹ ਸ਼ਿਕਾਇਤ ਕਰਤਾ ਤੋਂ ਮੇਜ਼ਬਾਨੀ ਕਰਵਾਉਂਦਾ, ਉਸ ਦੇ ਘਰ ਭੋਜਨ ਕਰਦਾ, ਚੌਲਾਂ ਦੀ ਬੀਅਰ ਪੀਂਦਾ। ਦੋ ਦਿਨਾਂ ਬਾਅਦ ਦੂਜੀ ਧਿਰ ਦੇ ਘਰ। ਸਿਲਸਿਲਾ ਓਨਾ ਚਿਰ ਚਲਦਾ ਰਹਿੰਦਾ ਜਿੰਨਾ ਚਿਰ ਦੋਵੇਂ ਧਿਰਾਂ ਆਪਣੇ-ਆਪ ਰਾਜ਼ੀਨਾਮਾ ਨਾ ਕਰ ਲੈਂਦੀਆਂ।
ਡਾ. ਰੰਧਾਵਾ ਇਸ ਸਦੀ ਦੇ ਵੀਹਵਿਆਂ ਵਿਚ ਫੈਜ਼ਾਬਾਦ ਦੇ ਇਕ ਅੰਗਰੇਜ਼ ਡਿਪਟੀ ਕਮਸ਼ਿਨਰ ਦੇ ਨਿਆਂ ਕਰਨ ਦੇ ਤਰੀਕੇ ਬਾਰੇ ਵੀ ਦਸਦੇ ਹਨ। ਉਹ ਕਾਨੂੰਨ ਦੀਆਂ ਭਾਰੀ-ਭਾਰੀ ਕਿਤਾਬਾਂ ਵਕੀਲਾਂ ਉਤੇ ਵਗਾਹ ਮਾਰਦਾ ਸੀ। ਗਰਮੀਆਂ ਦੇ ਦਿਨਾਂ ਵਿਚ ਉਹ ਝਗੜੇ ਵਾਲੀਆਂ ਧਿਰਾਂ ਨੂੰ ਆਪਣੀ ਰਿਹਾਇਸ਼ ਉਤੇ ਸੱਦ ਲੈਂਦਾ ਅਤੇ ਉਨ੍ਹਾਂ ਨੂੰ ਛੱਤ ਉਤੇ ਚੜ੍ਹਾ ਦਿੰਦਾ।ਗਿਆਰਾਂ ਵਜੇ ਆਵਾਜ਼ ਲਗਾਈ ਜਾਂਦੀ ਕਿ ਜਿੰਨ੍ਹਾਂ-ਜਿਨ੍ਹਾਂ ਦਾ ਰਾਜ਼ੀਨਾਮਾ ਹੋ ਗਿਆ ਹੈ, ਉਹ ਹੇਠਾਂ ਆ ਜਾਣ। ਬਾਰਾਂ ਵਜੇ ਫੇਰ ਇਹੀ ਆਵਾਜ਼ ਲਗਾਈ ਜਾਂਦੀ!
(ਪੰਜਾਬੀ ਟ੍ਰਿਬਿਊਨ, 27 ਸਤੰਬਰ, 1998)
*ਲੰਗੜਾ- ਤੁਹਾਡਾ ਪ੍ਰੀਆ।
** ਮਾਨ ਦੀ ਸ਼ਹੀਦੇ-ਆਜ਼ਮ ਬੂਟਾ ਸਿੰਘ ਨਾਂਅ ਦੀ ਫਿਲਮ ਇਸ ਲੇਖ ਦੇ ਲਿਖੇ ਜਾਣ ਤੋਂ ਬਾਅਦ ਬਣੀ।
*** ਮਰਹੂਮ ਹਮਨਵਾ ਸੁਰਜੀਤ ਜਲੰਧਰੀ ਨੇ ਦੱਸਿਆ ਸੀ ਇਸ ਕਾਂਡ ਦੀ 1947 ਦੇ ਅਖ਼ਬਾਰਾਂ ਵਿਚ ਬਹੁਤ ਚਰਚਾ ਹੋਈ ਸੀ।
#ਇਹ ਕਿੱਸਾ ਹੀਰ ਵਾਰਿਸ ਸ਼ਾਹ ਨੂੰ ਮਾਤ ਪਾਉਂਦਾ ਹੈ।

3 comments:

  1. Old Monk rum manufacturers claim it to be 12 year old, so do I. Many years back I had the privilege of drinking 30 years old white rum. you will also get a chance to read 30 year old articles on this blog.

    ReplyDelete
  2. Sra Sahib....

    Os 'Budde Padri' (Old Monk) di taN sangat maani hai, ais 'Budde Padri' di sangat vee maan rahe haN....

    ReplyDelete