Tuesday, May 18, 2010

ਉਮਰ 87 ਸਾਲ

                                                                   ਉਮਰ 87 ਸਾਲ
ਮੈਂ ਨਾ ਤਾਂ ਜੋਤਸ਼ੀਆਂ ਉਤੇ ਇਤਬਾਰ ਕਰਦਾ ਹਾਂ, ਨਾ ਹੀ ਜੋਤਸ਼ੀਆਂ ਉਤੇ ਇਤਬਾਰ ਕਰਨ ਵਾਲਿਆਂ ਉਤੇ। ਪਰ ਇਨ੍ਹਾਂ ਸਾਲਾਂ ਵਿਚ ਭਾਂਤ-ਭਾਂਤ ਦੇ ਜੋਤਸ਼ੀਆਂ ਨੂੰ ਮਿਲੇ ਬਗੈਰ ਅਤੇ ਉਨ੍ਹਾਂ ਦੀਆਂ ਸੁਣੇ ਬਗੈਰ ਨਹੀਂ ਰਹਿ ਸਕਿਆ।
ਬਹੁਤ ਛੋਟੀ ਉਮਰ ਵਿਚ ਮੈਂ ਪਿੰਡ ਸਾਂ। ਅਚਾਨਕ ਤਿੰਨ-ਚਾਰ ਅਣਦਾੜ੍ਹੀਏ ਜਿਹੇ ਪਾਂਡੇ ਆ ਗਏ। ਸੁੱਖ ਨਾਲ ਛੇ ਭਰਾ ਸਾਂ, ਇਕ ਇਕ ਪਾਂਡੇ ਨੇ ਦੋ-ਦੋ ਦੇ ਹੱਥ ਦੇਖੇ! ਮੈਥੋਂ ਛੋਟੇ ਨੂੰ ਦੱਸਿਆ ਕਿ ਉਸ ਦੇ ਦੋ ਵਿਆਹ ਹੋਣਗੇ।ਕਈ ਸਾਲ ਪਹਿਲਾਂ ਉਸ ਦੀ ਪਤਨੀ ਬੱਚੇ ਨੂੰ ਜਨਮ ਦੇਣ ਪਿੱਛੋਂ ਚੱਲ ਵਸੀ। ਦੂਜਾ ਵਿਆਹ ਹੋ ਗਿਆ।ਉਸ ਤੋਂ ਛੋਟੇ ਭਾਈ ਨੂੰ ਦੱਸਿਆ ਸੀ ਕਿ ਉਹ ਬਾਹਰਲੇ ਮੁਲ਼ਕ ਜਾਵੇਗਾ। ਬਿਜਲੀ ਬੋਰਡ ਵਿਚ ਐਸ ਡੀ ਓ ਲੱਗਿਆ ਸੀ; ਇੱਕ ਸਾਲ ਭਰ ਤੋਂ ਕੈਨੇਡਾ ਬੈਠਾ ਹੈ। ਮੇਰੇ ਬਾਰੇ ਵੀ ਕੰਜਰਾਂ ਨੇ ਦੋ ਵਿਆਹਾਂ ਦੀ ਭਾਖਿਆ ਕੀਤੀ ਸੀ। ਪਹਿਲੇ ਵਿਆਹ ਦੌਰਾਨ ਜਦੋਂ ਕਦੇ ਮੈਨੂੰ ਦੂਜੇ ਵਿਆਹ ਦਾ ਸੁਫਨਾ ਆਉਂਦਾ ਤਾਂ ਮੈਂ ਤ੍ਰਭਕ ਕੇ ਜਾਗ ਜਾਂਦਾ ਸਾਂ। ਦੂਜਾ ਵਿਆਹ ਹੋ ਕੇ ਰਿਹਾ!ਪਰ ਜਿਹੜੀ ਗੱਲ ਨਹੀਂ ਭੁਲਦੀ, ਉਹ ਇਹ ਹੈ ਕਿ ਹੋਰਾਂ ਦੀ ਭਾਖਿਆ ਬਦਲੇ ਤਾਂ ਉਨ੍ਹਾਂ ਨੇ ਦਾਣੇ ਲਏ ਸਨ, ਪਰ ਮੇਰੀ ਭਾਖਿਆ ਬਦਲੇ ਉਨ੍ਹਾਂ ਕੰਜਰਾਂ ਨੇ ਮੇਰੇ ਸਭ ਤੋਂ ਪਸੰਦੀਦਾ ਝੁੱਗੇ ਉਤੇ ਹੱਥ ਧਰ ਦਿੱਤਾ। ਲੈ ਗਏ।ਟੈਰੀਕਾੱਟ ਦਾ ਡੱਬੀਦਾਰ ਝੁੱਗਾ। ਖ਼ਾਕੀ ਡੱਬੀਆਂ!
ਜਲੰਧਰ ਦੂਰਦਰਸ਼ਨ ਉਤੇ ਸਵੇਰੇ 8 ਵਜੇ ਵਾਲਾ ਬੁਲਿਟਨ ਚੱਲ ਕੇ ਹਟਿਆ ਹੀ ਸੀ ਕਿ ਨਿਊਜ਼ ਰੂਮ ਵਿਚ ਫੋਨ ਖੜਕਿਆ। ਫੋਨ ਉਤੇ ਆਵਾਜ਼ ਆਈ: “ਕੀ ਮੈਂ ਹੁਣੇ ਖ਼ਬਰਾਂ ਪੜ੍ਹ ਕੇ ਹਟੀ ਕੁੜੀ ਨਾਲ ਗੱਲ ਕਰ ਸਕਦਾ ਹਾਂ?” ਕੁੜੀ ਅਜੇ ਸਟੂਡੀਓ ‘ਚੋਂ ਵਾਪਸ ਨਹੀਂ ਆਈ ਸੀ, ਸੋ ਮੈਂ ਆਪਣਾ ਪਰੀਚੈ ਦਿੱਤਾ ਅਤੇ ਦੂਰਭਾਸ਼ੀਏ ਨੂੰ ਬੇਨਤੀ ਕੀਤੀ ਕਿ ਮੁਝ ਨਾਚੀਜ਼ ਨਾਲ ਹੀ ਗੱਲਾਂ ਕਰ ਕੇ ਗੁਜ਼ਾਰਾ ਕਰ ਲਵੇ! ਕੋਈ ਮਲੋਟ ਤੋਂ ਮਿਸਟਰ ਸ਼ਰਮਾ ਬੋਲ ਰਹੇ ਸਨ। ਖ਼ਬਰਾਂ ਪੜ੍ਹਣ ਵਾਲੀ ਬੀਬੀ ਗਗਨਦੀਪ ਕੌਰ ਦੇ ਫੈਨ ਹੋਣ ਦਾ ਦਾਅਵਾ ਕਰ ਰਹੇ ਸਨ। ਬੀਬੀ ਜਦੋਂ ਆਈ ਤਾਂ ਮੈਂ ਗੱਲ ਦੱਸ ਦਿੱਤੀ, ਉਹ ਕਹਿੰਦੀ ਜੀ ਪਹਿਲਾਂ ਵੀ ਫੋਨ ਆਉਂਦੇ ਰਹਿੰਦੇ ਸਨ। ਮੈਂ ਮਿਸਟਰ ਸ਼ਰਮਾ ਦੀ ਆਵਾਜ਼ ਦਾ ਮੁਲਾਂਕਣ ਕਰ ਕੇ ਕਿਹਾ ਕਿ ਬੀਬਾ! ਇਹ ਆਦਮੀ ਕੋਈ ਛੋਕਰਾ ਨਹੀਂ ਹੈ, ਸਿਆਣਾ ਬੰਦਾ ਹੈ, ਇਸ ਵੱਲੋਂ ਕੁੱਝ ਵੀ ਕਹੇ ਦਾ ਬੁਰਾ ਨਾ ਮੰਨੀਂ।
ਦੋ ਕੁ ਮਹੀਨਿਆਂ ਪਿੱਛੋਂ ਤਿੰਨ ਕੁ ਵਜੇ ਦੇ ਆਸ-ਪਾਸ ਨਿਊਜ਼ ਰੂਮ ਦਾ ਦਰਵਾਜ਼ਾ ਖੁੱਲ੍ਹਿਆ। ਆਗੰਤੁਕ ਨੇ ਰਸਮੀ ਤੌਰ ‘ਤੇ ਕਿਹਾ ‘ਮੈਂ ਅੰਦਰ ਆ ਸਕਦਾ ਹਾਂ?’ ਮੈਂ ਰਸਮੀ ਤੌਰ ‘ਤੇ ਕਿਹਾ ਕਿ ‘ਹਾਂ’। ‘ਮੈਂ ਗੁਰਮੇਲ ਸਿੰਘ ਸਰਾ ਨੂੰ ਮਿਲਣਾ ਹੈ,’ ਉਹ ਬੋਲਿਆ। ‘ਮਿਲ ਲਓ, ਮੈਂ ਹੀ ਹਾਂ,” ਮੈਂ ਕਿਹਾ।ਮਿਲੇ, ਚਾਹ ਪੀਤੀ, ਦੁਪਹਿਰ ਤਿੰਨ ਵਜੇ ਵਾਲਾ ਬੁਲਿਟਨ ਲੰਘ ਗਿਆ।ਆਗੰਤੁਕ ਮਲੋਟ ਵਾਲਾ ਸ਼ਰਮਾ ਸੀ, ਗਗਨਦੀਪ ਕੌਰ ਦਾ ਫੈਨ! ਚਾਹ ਪੀਣ ਤੋਂ ਬਾਅਦ ਮੈਂ ਕਿਹਾ ਕਿ ਚੱਲੋ ਬਾਹਰ ਘਾਹ ‘ਤੇ ਬੈਠਦੇ ਹਾਂ, ਮੈਂ ਸੂਟਾ ਵੀ ਲਾਉਣਾ ਹੈ। ਮੈਂ ਸੂਟਾ ਲਾ ਰਿਹਾ ਸਾਂ ਕਿ ਉਸ ਕਿਹਾ: ‘ਸਰਾ ਸਾਹਬ, ਬੁਰਾ ਨਾ ਮੰਨਿਉ। ਮੈਂ ਨਿੱਕਾ ਮੋਟਾ ਜੋਤਸ਼ੀ ਵੀ ਹਾਂ। ਤੁਹਾਡੇ ਉਤੇ ਰਾਹੂ ਭਾਰੂ ਹੈ।“ ਫੇਰ ਪੁੱਛਿਆ ‘ਸ਼ਰਾਬ ਵੀ ਪੀਂਦੇ ਹੋ?’ ਜਵਾਬ ਹਾਂ ਵਿਚ ਮਿਲਣ ਉਤੇ ਉਸ ਕਿਹਾ ਕਿ ਸ਼ਰਾਬ ਛੱਡ ਦਿਉ, ਨਹੀਂ ਤਾਂ ਬਦਨਾਮ ਹੋ ਜਾਉਗੇ।ਮੈਂ ਕਿਹਾ ਘਰੇ ਪੇਟੀ ਪਈ ਹੈ, ਮੁੱਕ ਗਈ ਤਾਂ ਛੱਡ ਦਿਆਂਗਾ। ਉਸ ਨੇ ਦੋ ਉਪਾਅ ਵੀ ਕਰਨ ਦੀ ਸਲਾਹ ਦਿੱਤੀ।
ਦੋ ਚਾਰ ਦਿਨਾਂ ਬਾਅਦ ਤਿੰਨ ਚੋਰਾਂ ਨੇ ਮੇਰੇ ਅਤੇ ਮੇਰੇ ਸਹਿਕਰਮੀ ਮਨਮੋਹਨ ਸ਼ਰਮਾ ਖਿਲਾਫ ਦਿੱਲੀ ਸ਼ਿਕਾਇਤ ਕਰ ਦਿੱਤੀ ਕਿ ਇਹ ਦੋਵੇਂ ਜਣੇ ਡਿਊਟੀ ਵੇਲੇ ਸ਼ਰਾਬ ਪੀ ਕੇ ਗ਼ਾਲਾਂ ਦਿੰਦੇ ਨੇ! ਮਲੋਟ ਵਾਲਾ ਜੋਤਸ਼ੀ ਯਾਦ ਆਇਆ, ਸ਼ਰਾਬ ਦੀ ਪੇਟੀ ਦਾਨ ਕਰ ਦਿੱਤੀ।
ਉਮਰ 87 ਸਾਲ। ਸੰਨ 1987 ਦੀ ਗੱਲ ਹੈ, ਮੈਂ ਅੰਮ੍ਰਿਤਸਰ ਵਿਚ ਆਕਾਸ਼ਵਾਣੀ ਦਾ ਸਟਾਫ ਰਿਪੋਰਟਰ ਸਾਂ। ਦਰਬਾਰ ਸਾਹਬ ਵਿਚ ਹਾਲਾਤ ਦਿਨ-ਬ-ਦਿਨ ਬਦ ਤੋਂ ਬਦਤਰ ਹੋ ਰਹੇ ਸਨ, ਪਰਿਕਰਮਾ ਦੇ ਹਰ ਕਮਰੇ ਵਿਚ ਚਹੁੰ-ਚਹੁੰ ਸੰਤਾਲੀਏ ਆ ਬੈਠੇ ਸਨ। ਮੈਨੂੰ ਉਥੇ ਜਾਏ ਬਿਨਾਂ ਵੀ ਨਹੀਂ ਸਰਦਾ ਸੀ, ਉਨ੍ਹਾਂ ਦੇ ਹੱਕ ਵਿਚ ਵੀ ਮੈ ਖ਼ਬਰ ਨਹੀਂ ਦੇ ਸਕਦਾ ਸੀ। ਸੋਚਿਆ, ਮਨਾਂ ਇਹ ਸਾਲ਼ੇ ਮਾਰਨਗੇ! ਸੱਚੀਂ ਮੈਂ ਡਰ ਗਿਆ। ਮਨਮੋਹਨ ਸ਼ਰਮਾ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਮੈਨੂੰ ਅੰਮ੍ਰਿਤਸਰ ਦੇ ਕਿਸੇ ਜੋਤਸ਼ੀ ਦਾ ਨਾਂਅ ਅਤੇ ਪਤਾ ਦੇ ਦਿੱਤਾ। ਬਜ਼ੁਰਗ ਸੀ ਜੋਤਸ਼ੀ, ਇਸ ਵੇਲੇ ਤਾਂ ਜਾ ਚੁੱਕਿਆ ਹੋਵੇਗਾ। ਮੈਂ ਮਨਮੋਹਨ ਦਾ ਹਵਾਲਾ 98;ਿੱਤਾ ਤਾਂ ਕਹਿੰਦਾ ਦੱਸੋ? ਮੈਂ ਦੁਬਿਧਾ ਦੱਸੀ ਕਿ ਮੈਨੂੰ ਡਰ ਹੈ ਕਿ ਜਾਂ ਤਾਂ ਮੈਨੂੰ ਅੱਤਵਾਦੀ ਮਾਰ ਦੇਣਗੇ ਜਾਂ ਮੈਂ ਖੁਦਕੁਸ਼ੀ ਕਰ ਲਵਾਂਗਾ। ਜੋਤਸ਼ੀ ਨੇ ਮੇਰਾ ਹੱਥ ਦੇਖਿਆ, ਬੋਲਿਆ: ਗੋਲ਼ੀ ਨਾਲ ਤੁਹਾਡੀ ਮੌਤ ਨਹੀਂ ਲਿਖੀ, ਗਲ਼ ‘ਚ ਰੱਸਾ ਪਾਉਗੇ ਤਾਂ ਉਹ ਰਿਸਕ ਕੇ ਲੱਕ ‘ਤੇ ਪਹੁੰਚ ਜਾਏਗਾ। ਰਹੀ ਮੌਤ ਦੀ ਗੱਲ, ਤੁਹਾਡੀ ਉਮਰ 87 ਸਾਲ ਹੈ ਅਤੇ ਤੁਸੀਂ ਇਸ ਮੁਲ਼ਕ ਵਿੱਚ ਨਹੀਂ ਮਰੋਗੇ, ਕਿਸੇ ਵਲੈਤੀ ਧਰਤੀ ‘ਤੇ ਜਾ ਕੇ ਮਰੋਗੇ!

ਮੈਂ ਜੋਤਸ਼ੀਆਂ ਉਤੇ ਇਤਬਾਰ ਨਹੀਂ ਕਰਦਾ, ਪਰ ਮੈਂ ਪਾਸਪੋਰਟ ਨਹੀਂ ਬਣਵਾਇਆ। ਨਾ ਪਾਸਪੋਰਟ ਹੋਵੇ, ਨਾ ਜਹਾਜ਼ ਚੜ੍ਹਾਂ, ਨਾ ਮੈਂ ਵਲੈਤ ਜਾਵਾਂ!

(18.05.2010)

1 comment:

  1. 53 ਦਾ ਹੋ ਗਿਆ ਹਾਂ, ਇਸ ਹਿਸਾਬ ਨਾਲ 34 ਰਹਿ ਗਏ ਹਨ। ਕੀ ਰਹਿੰਦੇ 34 ਸਾਲਾਂ 'ਚ ਮੈਂ ਉਹ ਸਭ ਕੁੱਝ ਲਿਖ ਸਕਦਾ ਹਾਂ ਜੋ ਲਿਖਣਾ ਚਾਹੁੰਦਾ ਹਾਂ? ਗੰਗਾ ਰਾਮ ਨਾਂ ਦੇ ਤੋਤੇ ਬਾਰੇ, ਬੱਕਰੀ ਵੱਟੇ ਲਏ ਸਾਈਕਲ ਬਾਰੇ, ਤਿਹੁੰ-ਤਿਹੁੰ ਦਿਨ ਭੁੱਖਾ ਰਹਿਣ ਬਾਰੇ, ਬੇਬੇ ਦੇ ਕੀਤੇ ਦਗੇ ਬਾਰੇ, ਭਰਾਵਾਂ ਵੱਲੋਂ ਕੀਤੇ ਧੋਖਿਆਂ ਬਾਰੇ, ਕੀ ਮੈਂ ਲਿਖ ਸਕਾਂਗਾ? ਇਨ੍ਹਾਂ 34 ਸਾਲਾਂ ਵਿਚ? ਮੈਂ ਜੋਤਸ਼ੀਆਂ ਉਤੇ ਇਤਬਾਰ ਨਹੀਂ ਕਰਦਾ!

    ReplyDelete