Saturday, May 22, 2010

Saturday Musings: ਮਾਂ-ਪਿਉ ਤੇ ਹਮਜ਼ਾਤੋਫ

         ਮਾਂ-ਪਿਉ ਤੇ ਹਮਜ਼ਾਤੋਫ
         ਵੀਹ ਸਾਲ ਪਿੱਛੇ ਪੈ ਗਿਆ ਹੈ ਮੇਰਾ ਇਹ ਕਾਲਮ। ਸੁੱਖ ਸਿੱਧੂ ਪੁਛਦਾ ਹੈ ਕਿ ‘ਚਾਚਾ ਤੂੰ ਕਿੱਥੇ ਲੁਕਿਆ ਰਿਹਾ ਏਨੇ ਸਾਲ?’ ਮੇਰਾ ਜਵਾਬ ਹੈ: ‘ਕਾਕਾ, ਤੂੰ ਦਸ ਕੁ ਸਾਲ ਦਾ ਉੱਠਿਆ ਹੈਂ, ਮੈਂ ਦਸ ਕੁ ਸਾਲ ਤੋਂ ਬੈਠਾ ਸਾਂ।ਮੈਂ ਦੁਬਾਰਾ ਉੱਠ ਪਿਆ ਹਾਂ।‘
         ਬਾਪੂ ਜਾਂ ਪਿਉ ਨੂੰ ਪਿਤਾ ਜਾਂ ਡੈਡ ਕਹਿਣ ਵਾਲੇ ਜਣੇ ਦੀ ਮੇਰੇ ਨਾਲ ਲਿਹਾਜ਼ ਨਹੀਂ ਪੈ ਸਕਦੀ।ਮੇਰਾ ਸਭ ਤੋਂ ਵੱਡਾ ਭਰਾ ਕੁੱਝ ਸਾਲ ਨਾਨਕੇ ਰਹਿਣ ਪਿੱਛੋਂ ਪਿੰਡ ਆਇਆ ਤਾਂ ਬਾਪੂ ਨੂੰ ਬਾਜ਼ੀ ਕਹਿ ਕੇ ਸੰਬੋਧਨ ਕਰਦਾ ਸੀ। ਮੈਥੋਂ ਵੱਡੀ ਭੈਣ ਵੀ ਕੁੱਝ ਸਾਲ ਕਿਸੇ ਸਕੀਰੀ ਵਿੱਚ ਰਹਿਣ ਪਿੱਛੋਂ ਆ ਕੇ ਬਾਪੂ ਨੂੰ ਬਾਜ਼ੀ ਕਹਿਣ ਲੱਗੀ ਸੀ। ਦੋਵੇਂ ਜਣੇ ਮਲੋਟ-ਅਬੋਹਰ ਦੇ ਇਲਾਕੇ ਵਿਚ ਰਹਿ ਕੇ ਆਏ ਸਨ। ਮੇਰੇ ਪਿਓ ਨੂੰ ਮੇਰੇ ਹੀ ਭਰਾ ਤੇ ਭੈਣ ਵੱਲੋਂ ਬਾਜ਼ੀ ਕਹੇ ਜਾਣ ਉਤੇ ਮੈਂ ਬੌਂਦਲ ਗਿਆ: ਖੌਰੇ ਮੇਰਾ ਪਿਉ ਇਨ੍ਹਾਂ ਦੋਵਾਂ ਦੀ ਕੀ ਲਗਦਾ ਹੈ! ਖੈਰ, ਸਮਾਂ ਪੈਣ ‘ਤੇ ਦੋਵੇਂ ਉਸ ਨੂੰ ਬਾਪੂ ਕਹਿਣ ਲੱਗ ਪਏ।(ਬਾਪੂ ਤੇ ਪਿਉ ਵਿਚ ਇਹ ਫਰਕ ਹੈ ਕਿ ਜਦੋਂ ਤੁਸੀਂ ਸਿੱਧਾ ਪਿਉ ਨੂੰ ਸੰਬੋਧਨ ਕਰਦੇ ਹੋ ਤਾਂ ਬਾਪੂ ਕਹਿੰਦੇ ਹੋ, ਜਦੋ ਤੀਜੇ ਵਿਅਕਤੀ ਕੋਲ ਉਸ ਦੀ ਗੱਲ ਕਰਦੇ ਹੋ ਤਾਂ ਪਿਉ ਕਹਿੰਦੇ ਹੋ, ਜਾਂ ਮੇਰਾ ਬਾਪੂ।)
        ਪਿਉ ਸ਼ਬਦ ਉਤੇ ਸਵੇਰੇ ਸਵੇਰੇ ਮੰਥਨ ਕਰਨ ਕਾਰਣ ਹੀ ਕਰਤਾ ਇਸ ਰਚਨਾ ਨੂੰ ਸੰਪੂਰਣ ਕਰਨ ਦੀ ਆਹਰ ‘ਤੇ ਲੱਗਿਆ।(ਕਰਤਾ ਨੇ, ਕਰਮ ਕੋ, ਕਰਨ ਸੇ ਆਦਿ ਨਾਮੀ ਇਕ ਮੁਹਾਰਨੀ ਵੀ ਯਾਦ ਆ ਗਈ ਜੋ ਦਸਵੀਂ ਜਮਾਤ ਦੀ ਹਿੰਦੀ ਵਿਆਕਰਣ ਵਿੱਚ ਰੱਟਾ ਲਾ ਕੇ ਯਾਦ ਕੀਤੀ ਸੀ ਜੋ ਬਾਅਦ ਵਿੱਚ ਅੰਗਰੇਜ਼ੀ ਦੀ ਗ੍ਰਾਮਰ ਸਿੱਖਣ ਵਿਚ ਬਹੁਤ ਕੰਮ ਆਈ) ਹਮਜ਼ਾਤੋਫ ਯਾਦ ਆ ਗਿਆ ਜੋ ਆਪਣੀ ਸਦਾਬਹਾਰ ਕਿਤਾਬ ‘ਮੇਰਾ ਦਾਗ਼ਿਸਤਾਨ’ ਵਿਚ ਕਿਤੇ ਲਿਖਦਾ ਹੈ ਕਿ ਜੋ ਲੋਕ ਆਪਣੀ ਸੱਸ ਨੂੰ ਮਾਂ ਕਹਿੰਦੇ ਹਨ ਉਹ ਉਸ ਨੂੰ ਬਿਲਕੁਲ ਨਹੀ ਭਾਉਂਦੇ। ਸੱਸ ਕਦੇ ਮਾਂ ਦੀ ਥਾਂ ਨਹੀਂ ਲੈ ਸਕਦੀ।
        ਹਮਜ਼ਾਤੋਫ ਤੋਂ ਯਾਦ ਆਇਆ ਕਿ ਕਿਸੇ ਅਨਾੜੀ ਨੇ ਉਸ ਦੀ ਕਿਤਾਬ ਮੇਰਾ ਦਾਗ਼ਿਸਤਾਨ ਦਾ ਅਨੁਵਾਦ ਕਰਨ ਵੇਲੇ ਅਜਿਹੀ ਕੁਤਾਹੀ ਕੀਤੀ ਜਿਸ ਦਾ ਖਮਿਆਜ਼ਾ ਪੰਜਾਬੀਆਂ ਦੀ ਇੱਕ ਪੀੜ੍ਹੀ ਨੇ ਭੁਗਤਿਆ। ਇਹ ਕੁਤਾਹੀ ਸੀ ‘ਹਮਜ਼ਾਤੋਫ’ ਨੂੰ ‘ਹਮਜ਼ਾਤੋਵ’ ਲਿਖਣਾ। ਜਿਹੜਾ ਵੀ ਰੂਸੀ ਨਾਂ ਅੰਗਰੇਜ਼ੀ ਦੇ ਅੱਖਰ ‘ਵੀ’ ਨਾਲ ਖਤਮ ਹੁੰਦਾ ਹੈ, ਉਸ ਦਾ ਉਚਾਰਣ ‘ਫ’ ਹੁੰਦਾ ਹੈ। ਜਿਵੇਂ ਬ੍ਰੈਜ਼ਨੇਫ, ਖਰੁਸ਼ਚੇਫ, ਬੋਰਸ਼ਨੇਫ, ਆਦਿ। ਮੈਂ ਇਸ ਦੀ ਪੁਸ਼ਟੀ ਆਪਣੇ ਪਾਸ ਰੱਖੇ ਵੈਬਸਟਰ ਦੇ ਸ਼ਬਦਕੋਸ਼ ਅਤੇ ਮਰੀਅਮ ਦੇ ‘ਜੀਵਨੀਆਂ ਬਾਰੇ ਸ਼ਬਦਕੋਸ਼’ ਵਿੱਚੋਂ ਕੀਤੀ ਹੈ। ਮੇਰੇ ਇਸ ਇੰਕਸ਼ਾਫ ਨਾਲ ਕਿੰਨੇ ਪੰਜਾਬੀ-ਰਸੀਆਂ ਨੂੰ ਕਿੰਨੀ ਠੇਸ ਪਹੁੰਚੇਗੀ ਕਿ ਉਹ ਉਨ੍ਹਾਂ ਦੇ ਹਰਮਨ ਪਿਆਰੇ ਲੇਖਕ/ਕਵੀ (ਅਸਲ ਵਿਚ ਹਮਜ਼ਾਤੋਫ ਮੂਲ ਤੌਰ ‘ਤੇ ਇਕ ਕਵੀ ਸੀ ਅਤੇ ਉਸ ਦੀ ਵਾਰਤਕ ਵਿਚੋਂ ਵੀ ਕਵਿਤਾ ਹੀ ਡੁਲ੍ਹ-ਡੁਲ੍ਹ ਪੈਂਦੀ ਹੈ) ਦਾ ਨਾਂ ਏਨੇ ਸਾਲ ਗਲਤ ਪੜ੍ਹਦੇ, ਬੋਲਦੇ ਤੇ ਸੁਣਦੇ ਰਹੇ।
        ਕੁੱਝ ਹਫਤੇ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਹਫਤਾਵਾਰੀ ਕਾਲਮ ਵਿਚ ਵਰਿੰਦਰ ਵਾਲੀਆ ਨੇ ਹਮਜ਼ਾਤੋਫ ਨਹੀਂ ‘ਹਮਜ਼ਾਤੋਵ’ ਬਾਰੇ ਲੇਖ ਲਿਖਿਆ, ਜੋ ਲੇਖ ਆਪਣੇ ਆਪ ਵਿਚ ਬਹੁਤ ਵਧੀਆ ਸੀ। ਪਰ ਮੈਂ ਪੱਤਰ ਉਸ ਲੇਖ ਦੇ ਹੁੰਗਾਰੇ ਵਿਚ ਲਿਖਿਆ, ਜੇ ਉਹ ਵਾਲੀਆ ਛਾਪ ਦਿੰਦਾ ਤਾਂ ਮੈਨੂੰ ਇਹ ਮਧਾਣੀ ਨਾ ਫੇਰਨੀ ਪੈਂਦੀ।

3 comments:

  1. ਹਾ ਹਾ.. ਬਈ ਸਾਡਾ ਚਾਚਾ ਹੈ ਬੜਾ ਖੋਜੀ ਪੁਰਸ਼। ਪਰ ਦਿੱਕਤਾਂ ਸਾਨੂੰ ਖੜੀਆਂ ਕਰ ਦਿੰਦਾ। ਮੇਰਾ ਇੱਕ ਮਿੱਤਰ ਹੈ ਕਨੇਡਾ, ਉਹ ਆਪਣਾ ਨਾਂ ਮਨਮੀਤ 'ਸਰਾਂ' ਲਿਖਦਾ ਹੈ। ਹੁਣ ਜਦੋਂ ਵੀ ਉਹਦੇ ਨਾਲ ਗੱਲ ਹੁੰਦੀ ਹੈ ਤਾਂ ਮੈਂ ਕਹਿੰਨਾਂ ਬਾਈ ਪਹਿਲਾਂ ਆਪਣਾ ਸਰਨੇਮ ਸਹੀ ਕਰੋ ਅਤੇ ਇਸਤੋਂ ਬੇਲੋੜੀ ਬਿੰਦੀ ਦਾ ਬੋਝ ਹਟਾਓ। 'ਸਰਾ' ਲਿਖੋ 'ਸਰਾਂ' ਨਹੀਂ। ਉਹ ਮੰਨਦਾ ਨਹੀਂ, ਕਹਿੰਦਾ ਤੇਰਾ ਦਿਮਾਗ ਖਰਾਬ ਹੋ ਗਿਆ। ਮੇਰਾ ਤਾਂ ਸਾਰਾ ਓੜਮਾਂ ਕੋੜਮਾਂ ਸਰਾਂ ਲਿਖਦਾ.. ਚਲੋ ਕਥਾ ਚਲ ਰਹੀ ਹੈ...

    ReplyDelete
  2. ਹੁਣ 'ਹਮਜ਼ਾਤੋਫ’ ਨੂੰ ‘ਹਮਜ਼ਾਤੋਵ’... ਅਸੀਂ ਕਿਧਰ ਜਾਈਏ..

    ReplyDelete
  3. ਬੁੱਲ੍ਹੇ ਸ਼ਾਹ ਚੇਲਿਆਂ ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਰੋਜ਼ਿਆਂ ਦੇ ਦਿਨ ਸਨ, ਅੱਗੇ ਗਾਜਰਾਂ ਦਾ ਖੇਤ ਆ ਗਿਆ। ਗੁਰੂ ਦੀ ਆਗਿਆ ਨਾਲ ਚੇਲਿਆਂ ਨੇ ਗਾਜਰਾਂ ਖਾ ਲਈਆਂ, ਗੁਰੂ ਨੇ ਵੀ।... ਬਾਕੀ ਕਥਾ ਤੈਨੂੰ ਪਤਾ ਹੀ ਹੈ।.... ਬਾਕੀ ਉਸ ਨੂੰ ਦੱਸ ਕਿ ਮੂਰਖਾ ਸਰਾਂ ਰਾਤ ਕੱਟਣ ਵਾਲੀ ਥਾਂ ਹੁੰਦੀ ਹੈ, ਸਰਾ ਕੋਈ ਗੋਤ ਨਹੀਂ ਸਗੋਂ ਉਪਾਧੀ ਹੈ, ਜੋ ਆਪਣੀ ਉਪਾਧੀ ਨੂੰ ਨਹੀਂ ਜਾਣਦੇ, ਉਨ੍ਹਾਂ ਨੂੰ ਰਾਤ ਕੱਟਣ ਦੇ ਟਿਕਾਣੇ ਬਣੇ ਰਹਿਣ ਦਿਉ।

    ReplyDelete