Wednesday, May 26, 2010

ਜੰਗ ਸਿਹੁੰ ਹਕੀਮ

                                 ਜੰਗ ਸਿਹੁੰ ਹਕੀਮ
ਸਾਡੇ ਵਾੜੇ ਦੇ ਨਾਲ ਪੈਂਦਾ ਸੀ ਉਸ ਦਾ ਘਰ। ਗੋਤ ਦਾ ਢਿੱਲੋਂ ਸੀ। ਢਿੱਲਵਾਂ ਦੇ ਉਨ੍ਹਾਂ ਘਰਾਂ ਵਿਚ 60-60 ਕਿੱਲਿਆਂ ਦੀਆਂ ਢੇਰੀਆਂ ਆਉਂਦੀਆਂ ਸਨ। ਟਰੈਂਡ ਆੱਵ ਮਾਈਗ੍ਰੇਸ਼ਨ ਵਿਸ਼ੇ ‘ਤੇ ਕਿਸੇ ਦਿਨ ਫਿਰ ਲਿਖਾਂਗਾ, ਪਰ ਮੇਰੇ ਪਿੰਡ ਵਿਚ ਜ਼ਿਆਦਾਤਰ ਲੋਕ ਰਾਜਸਥਾਨ ਵਿੱਚੋਂ ਸਤਲੁਜ ਦਰਿਆ ਦੇ ਖਿਸਕਣ ਨਾਲ ਖਿਸਕ ਕੇ ਆਏ ਹਨ (ਉਨ੍ਹਾਂ ਨੂੰ ਪਤਾ ਨਹੀਂ) ਪਰ ਕੁੱਝ ਪਾਕਿਸਤਾਨ ਵੱਲੋਂ ਵੀ ਆ ਕੇ ਵਸੇ ਹਨ, ਜਿਵੇਂ ਕਿ ਮੱਲ੍ਹੀ।ਚਹਿਲਾਂ ਬਾਰੇ ਤਾਂ ਬਾਬੂ ਰਜ਼ਬ ਅਲੀ ਦੀ ਟਿੱਪਣੀ ਤੋਂ ਬਾਅਦ ਕਿਸੇ ਟਿੱਪਣੀ ਦੀ ਗੁੰਜ਼ਾਇਸ਼ ਨਹੀਂ ਰਹਿੰਦੀ, ਤੇ ਸੁੱਖ ਨਾਲ ਸਾਡੇ ਪਿੰਡ ਵਿੱਚ ਮਾਨ ਗੋਤ ਦਾ ਇਕ ਵੀ ਬੰਦਾ ਨਹੀਂ ਰਹਿੰਦਾ।(ਸੌਰੀ ਪ੍ਰੇਮ!)
ਹਾਂ, ਜੰਗ ਸਿਹੁੰ ਹਕੀਮ ਵੱਲ ਮੁੜਾਂ! ਮੇਰੀ ਸੁਰਤ ਸੰਭਾਲਣ ਬਾਅਦ ਮੈ ਆਪਣੇ ਅੱਖੀਂ ਉਸ ਨੂੰ ਕੂੰਡੇ-ਘੋਟਣੇ ਨਾਲ ਦਵਾਈਆਂ ਰਗੜਦਾ ਦੇਖਿਆ। ਉਦੋਂ ਤੱਕ ਉਹ ਵਿਆਹਿਆ ਨਹੀਂ ਸੀ। ਜਵਾਨੀ ਵਿਚ ਪਤਾ ਨਹੀਂ ਕਿਸ ਹਕੀਮ ਦਾ ਚੇਲਾ ਹੋ ਗਿਆ ਕਿ ਜਵਾਨੀ ਹਿਕਮਤ ਦੀ ਸੂਝ ਹਾਸਲ ਕਰਨ ਵਿੱਚ ਹੀ ਨਿੱਕਲ ਗਈ।
ਮੇਰੀ ਮਾਂ ਨੂੰ, ਦੱਸਿਆ ਜਾਂਦਾ ਹੈ ਕਿ, ਹੱਡਾਂ ਦਾ ਕੋਈ ਅਜਿਹਾ ਰੋਗ ਲੱਗ ਗਿਆ ਕਿ ਨੇੜੇ-ਤੇੜੇ ਕੋਈ ਇਲਾਜ ਨਹੀ ਹੋ ਸਕਿਆ। ਉਸ ਵੇਲੇ ਫਿਰੋਜ਼ਪੁਰ ਦਾ ਸਿਵਲ ਹਸਪਤਾਲ ਨੇੜੇ-ਤੇੜੇ ਦਾ ਸਭ ਤੋਂ ਵੱਡਾ/ਚੰਗਾ ਹਸਪਤਾਲ ਸਮਝਿਆ ਜਾਂਦਾ ਸੀ। ਮੇਰਾ ਪਿਉ, ਮੇਰੀ ਮਾਂ ਨੂੰ ਫਿਰੋਜ਼ਪੁਰ ਤੱਕ ਲੈ ਕੇ ਗਿਆ। ਇਲਾਜ ਨਹੀਂ ਹੋਇਆ।ਆਖਿਰ, ਪਿੰਡ ਆਏ ਕੋਲ ਜੰਗ ਸਿਹੁੰ ਆਪ ਤੁਰ ਕੇ ਆਇਆ। ਬੋਲਿਆ: “ਬਾਬੂ ਸਿਆਂ! ਤੂੰ ਕਿਉਂ ਏਨੀ ਦੂਰ ਤੱਕ ਗਿਆ, ਮੇਰੇ ਕੋਲ ਆ ਜਾਂਦਾ।“ ਉਸ ਦੀ ‘ਦਵਾਈ’ ਨਾਲ ਮੇਰੀ ਮਾਂ ਦਾ ਰੋਗ ਜਾਂਦਾ ਰਿਹਾ।ਬਾਅਦ ਵਿਚ ਵੀ ਮੈਂ ਆਪਣੀ ਸੁਰਤ ਵਿਚ ਉਸ ਨੂੰ ਮੇਰੀ ਸਵਰਗੀ ਮਾਂ ਲਈ ਕੂੰਡੇ ਵਿਚ ਲਾਲ ਰੰਗ ਦੀ ਦਵਾਈ ਘੋਟਦਾ ਦੇਖਿਆ।
ਉਦੋਂ ਕਾਂਵਾਂ ਦਾ ਰੰਗ ਬੱਗਾ ਹੁੰਦਾ ਸੀ, ਸੰਕਲਪ ਵੱਖਰੇ ਹੁਂਦੇ ਸਨ ਹੁਣ ਨਾਲੋਂ।ਪੰਜਾਹ ਸਾਲ ਨੂੰ ਢੁਕ ਚੁੱਕੇ ਜੰਗ ਸਿਹੁੰ ਨਾਲ ਕੋਈ ਜੱਟ ਆਪਣੀ ਧੀ- ਭੈਣ ਵਿਆਹੁਣ ਲਈ ਤਿਆਰ ਨਹੀਂ ਸੀ। ਜੰਗ ਸਿਹੁੰ ਮੁੱਲ ਦੀ ਤੀਵੀਂ ਲੈ ਆਇਆ। ਮਜ਼ਬਣ ਸੀ, ਉਸ ਦੀ ਰੂਹ ਨੂੰ ਆਵੱਸ਼ ਹੀ ਗੁਰੂ ਨੇ ਆਪਣੇ ਚਰਨਾਂ ਵਿਚ ਪਨਾਹ ਦਿੱਤੀ ਹੋਵੇਗੀ, ਬਹੁਤ ਹੀ ਨੇਕ ਰੂਹ ਸੀ ਉਹ। ਪਿੱਛੋਂ “ਮੂਹਰੀ” ਵਿੱਚ ਇਕ ਕੁੜੀ ਲਿਆਈ ਸੀ।ਉਸ ਨੇ ਜੰਗ ਸਿੰਹੁ ਦੇ ਘਰ ਨੂੰ ਰੰਗ-ਭਾਗ ਲਾ ਦਿੱਤੇ। ਤਿੰਨ ਮੁੰਡਿਆਂ ਤੇ ਇਕ ਕੁੜੀ ਦਾ ਬਾਪ ਬਣਿਆ ਹਕੀਮ।
ਇਸ ਤੋਂ ਅੱਗੇ ਦਾਸਤਾਨ-ਇ-ਫਨਾਹੀ!
ਤਿੰਨੇ ਮੁੰਡੇ ਲਫੰਡਰ ਨਿੱਕਲੇ। ਵਿਚਾਲੜਾ ਰੂਪ ਤਾਂ ਗੱਡੀ ਹੇਠ ਆ ਕੇ ਮਰ ਗਿਆ। ਸਾਰਿਆਂ ਤੋਂ ਛੋਟੇ ਦਾ ਨਾਂ ਯਾਦ ਨਹੀਂ ਰਿਹਾ, ਵੱਡਾ ਗੋਰਾ ਅੱਜ ਕੱਲ੍ਹ ਦਿਹਾੜੀ ਕਰਦਾ ਹੈ। ਤਿੰਨੇ ਪਿਉ ਦੇ ਪੁੱਤਾਂ ਨੇ ਵੀਹ-ਵੀਹ ਕਿੱਲੇ ਜ਼ਮੀਨ ਵਿਲੇ ਲਾ ਦਿੱਤੀ!
ਪਿੱਛੇ ਜਿਹੇ, ਕੋਈ ਦੋ ਕੁ ਸਾਲ ਪਹਿਲਾਂ, ਪਿੰਡ ਗਿਆ ਸਾਂ ਤਾਂ ਗੋਰੇ ਦੀ ਘਰ ਵਾਲੀ ਬੰਗਾਲਣ ਇਕ ਜੁਆਕੜੀ ਨੂੰ ਚੁੱਕੀ ਸਾਡੇ ਘਰੇ ਬੈਠੀ ਸੀ। ਮਿਲਣ ਆਈ ਸੀ।ਦੁੱਖ ਸਾਂਝਾ ਕਰਨ ਲਈ। ਮੈਂ ਉਸ ਬੰਗਾਲਣ ਨੂੰ ਪੰਜਾਬੀ ਵਿਚ ਪੁੱਛਿਆ (ਉਹ ਪੰਜਾਬੀ ਬੋਲਦੀ ਤੇ ਸਮਝਦੀ ਸੀ): “ਅੰਬੋ, ਤੂੰ ਇਸ ਡੰਗਰ ਨਾਲ ਕਿਵੇਂ ਫਸ ਗਈ?” ਮੇਰੇ ਤੋਂ ਉਮਰ ਵਿਚ ਬਹੁਤ ਛੋਟੀ ਹੋਣ ਦੇ ਬਾਵਜੂਦ, ਉਸ ਨੇ ਪੰਜਾਬੀ ਅੰਬੋਆਂ ਵਾਂਗ ਜੁਆਬ ਦਿੱਤਾ: “ਪੁੱਤ, ਮੈਨੂੰ ਕੀ ਪਤਾ ਸੀ ਇਹ ਡੰਗਰ ਹੈ। ਕਲਕੱਤੇ ਗਿਆ ਤਾਂ ਫਰਾਟੇ ਦਾਰ ਅੰਗਰੇਜ਼ੀ ਬੋਲਦਾ ਸੀ।ਲਾਈਕ ਐਨੀ ਜੈਂਟਲਮੈਨ!”
ਇੱਕ ਅਨਪੜ੍ਹ ਆਦਮੀ ਤੇ ਫਰਾਟੇਦਾਰ ਅੰਗਰੇਜ਼ੀ, ਆਈ ਵਾਂਡਰਡ! ਪੁੱਛਣ ‘ਤੇ ਪਤਾ ਲੱਗਿਆ ਕਿ ਸਾਲ਼ਾ ਅਕਾਸ਼ਵਾਣੀ ਦੇ ਪੰਦਰਾਂ ਮਿੰਟਾਂ ਦੇ ਅੰਗਰੇਜ਼ੀ ਬੁਲਿਟਨ ਨੂੰ ਸੁਣਨ ਪਿੱਛੋਂ ਹੂ-ਬ-ਹੂ ਦੁਹਰਾ ਦਿੰਦਾ ਸੀ, ਨਿਊਜ਼-ਰੀਡਰ ਦੇ ਅਕਸੈਂਟ ਸਮੇਤ!
ਅੱਜ ਕੱਲ੍ਹ ਗੋਰਾ ਜ਼ਿਆਦਾਤਰ ਪਿੰਡਾਂ ਵਿਚ ਬੋਰ ਕਰ ਕੇ ਬਣਾਈਆਂ ਟੱਟੀਆਂ ਦੇ ਜ਼ਰੀਏ ਦਰ-ਗੁਜ਼ਰ ਕਰਦਾ ਹੈ।ਮੈਨੂੰ ਦੱਸਿਆ ਗਿਆ ਕਿ ਉਸ ਦੇ ਪੱਟੇ ਬੋਰ ਦਾ ਕੋਈ ਭਰੋਸਾ ਨਹੀਂ, ਪਤਾ ਨਹੀਂ ਬੋਰ ਕਰਦਾ-ਕਰਦਾ ਕਿੱਧਰ-ਕਿੱਧਰ ਦੀ ਚਲਿਆ ਜਾਂਦਾ ਹੈ, ਬੋਰ ‘ਚ ਸੈਂਕੜੇ ਵਲ-ਵਿੰਗ ਪਾ ਦਿੰਦਾ ਹੈ।

ਜੰਗ ਸਿਹੁੰ ਹਕੀਮ ਦਾ ਜਵਾਨੀ ਵਿਚ ਕੀਤੀ ਮਿਹਨਤ ਰੁਲ਼ ਗਈ ਹੈ। ਕਾਸ਼, ਮੈਂ ਇਸ ਕਿਤਾਬੀ ਗਿਆਨ ਦੀ ਥਾਂ ਜੰਗ ਸਿਹੁੰ ਤੋਂ ਹਿਕਮਤ ਸਿੱਖਣ ਨੂੰ ਤਰਜੀਹ ਦਿੱਤੀ ਹੁੰਦੀ!

ਅਗਲੀ ਛੁਰਲੀ: ਮੇਰਾ ਨਾਂ-ਗੁਰਮੇਲ ਸਰਾਂ

No comments:

Post a Comment