Friday, May 21, 2010

ਕਾਂ-ਕਥਾ

                                                          ਕਾਂ-ਕਥਾ
        ਕਾਵਾਂ ਬਾਰੇ ਸੌ ਕਥਾਵਾਂ ਲਿਖਣ ਦੀ ਸਮੱਗਰੀ ਸਿਰ ‘ਚ ਲੈ ਕੇ ਬੈਠਾ ਹਾਂ। 
        ਇਕ ਚੁਟਕਲੇ ਨਾਲ ਸ਼ੁਰੂ ਕਰੀਏ ਅੱਜ ਦੀ ਕਥਾ। (ਬੋਕ ਦਾ ਨਾਂ ‘ਸਰਾਕਥਾਵਾਂ’ ਨਾ ਰੱਖ ਲਈਏ?) ਪਹਿਲਾਂ ਚੁਕਟਲਾ! ਕਹਿੰਦੇ ਛੁੱਟੀ ‘ਤੇ ਆਇਆ ਫੌਜੀ ਰੋਟੀ ਖਾ ਰਿਹਾ ਸੀ ਕਿ ਬਨੇਰੇ ਉਤੇ ਆ ਕੇ ਇਕ ਕਾਂ ਬੈਠ ਗਿਆ। ਆਪਣੀ ਮਾਂ ਨੂੰ ਪੁੱਛਿਆ: ‘ਮਾਤਾ, ਯੇਹ ਕਿਆ ਜਾਨਵਰ ਹੈ?” ਮਾਂ ਕਹਿੰਦੀ ਪੁੱਤ ਇਹ ਉਹੀ ਜਾਨਵਰ ਹੈ ਜਿਹੜਾ ਛੋਟੇ ਹੁੰਦੇ ਤੋਂ ਤੇਰੇ ਹੱਥ ‘ਚੋਂ ਰੋਟੀ ਖੋਹ ਕੇ ਲੈ ਜਾਂਦਾ ਸੀ। ਫੌਜੀ ਬੋਲਿਆ: ‘ਅੱਛਾ, ਅੱਛਾ, ਯੇ ਕਊਆ ਹੈ!” ਭਾਵ ਫੌਜੀ ਹਿੰਦੀ ਬੋਲਣ ਲੱਗਿਆ ਸੀ ਤੇ ਕਾਂ ਨੂੰ ਕਊਆ ਕਹਿਣ ਲੱਗਿਆ ਸੀ!
        ਲਕਸ਼ਮਣਨ ਨਰਾਇਣਨ ਨੇ ਕਾਂਵਾਂ ਦੇ ਹਾਵ-ਭਾਵਾਂ ਬਾਰੇ ਬਹੁਤ ਸਾਰੇ ਰੇਖਾ-ਚਿੱਤਰ ਬਣਾਏ ਸਨ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਨੁਮਾਇਸ਼ਾਂ ਵੀ ਲੱਗੀਆਂ। ਕਾਲੇ ਕਾਵਾਂ ਦੀ ਕਣਖੀ ਨੂੰ ਉਸ ਨੇ ਖ਼ੂਬ ਚਿੱਤਰਿਆ। (ਸਾਡੇ ਇੱਥੇ ਚੰਡੀਗੜ੍ਹ ਵਿਚ ਇਕ ਬਹੁਤ ਪਹੁੰਚਿਆ ਹੋਇਆ ਬਹੁ-ਪੱਖੀ ਕਲਾਕਾਰ ਹੈ, ਸ਼ਿਵ ਸਿੰਘ। ਅਮੂਮਨ ਕਾਲੇ ਵਸਤਰ ਪਹਿਣ ਕੇ ਰੱਖਦਾ ਹੈ, ਬੱਗੀਆਂ ਗਾਈਆਂ ਦੇ ਚੜ੍ਹਦੀਆਂ-ਲਹਿੰਦੀਆਂ ਦੇ ਚਿੱਤਰ ਬਣਾਉਣ ਲਈ ਪਿਛਲੇ ਸਮੇ ਵਿਚ ਚਰਚਾ ਵਿਚ ਵੀ ਰਿਹਾ। ਨਿਰੂਪਮਾ ਦੀਦੀ ਨੇ ਉਸ ਦੀਆਂ ਗਾਈਆਂ ਬਾਰੇ ਕ੍ਰਿਤਾਂ ਦੀ ਸਫਾਈ ਵਿਚ ਇਕ ਲੇਖ ਵੀ ਲਿਖਿਆ ਸੀ।)  Something titled 'Bovine....'.
        1967 ਦੀ ਗੱਲ ਹੈ। ਸਾਡੇ ਕੱਸੀ ਵਾਲੇ ਖੇਤ ਵਿਚ ਇੱਕ ਕਿੱਕਰ ਉਤੇ ਕਾਂ-ਕਾਂਉਣੀ ਨੇ ਆਲ੍ਹਣਾ ਪਾ ਲਿਆ। ਅੰਡੇ ਦਿੱਤੇ, ਬੱਚੇ ਕੱਢੇ। ਚਾਰ। ਮੈਥੋਂ ਵੱਡਾ ਇਕ ਦਿਨ ਕਿੱਕਰ ਉਤੇ ਚੜ੍ਹ ਗਿਆ।ਉਥੋਂ ਕਾਂ ਦੇ ਬੱਚਿਆਂ ਨੂੰ ਇੱਕ ਇਕ ਕਰ ਕੇ ਹੇਠਾਂ ਸੁਟਦਾ ਰਿਹਾ। ਹੇਠਾਂ ਡਿੱਗਣ ਸਾਰ ਮੈਂ ਛੋਟੇ ਕਸੀਏ ਨਾਲ ਇਕ ਇਕ ਕਰ ਕੇ ਉਨ੍ਹਾਂ ਦੇ ਗਾਟੇ ਲਾਹੁੰਦਾ ਰਿਹਾ। ਕਾਂ-ਕਾਉਣੀ ਨੇ ਬਥੇਰਾ ਰੌਲਾ ਪਾਇਆ, ਕਿੱਕਰ ਉਤੇ ਬੈਠੇ ਦੇ ਠੁੰਗਾਂ ਮਾਰ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਨਿਰਦਈ ਲੋਕ ਡਰਿਆ ਕਰਦੇ ਨੇ?  ਨਾਲ ਲਗਦੇ ਖੇਤ ਵਿਚ ਧਾਨਕੀਆਂ ਘਾਹ ਖੋਤ ਰਹੀਆਂ ਸਨ। ਉਨ੍ਹਾਂ ਨੇ ਪਿੱਛੇ ਝੋਲੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਬਿੰਦੇ-ਝੱਟੇ ਝੋਲੀ ਨਾਲ ਦੇ ਖਾਲ਼ ਵਿਚ ਆਪਣੀ ਆਪਣੀ ਢੇਰੀ ਉਤੇ ਖਾਲੀ ਕਰ ਜਾਂਦੀਆਂ ਸਨ। ਅਸੀਂ ਦੋਵਾਂ ਨੇ ਇਕ ਇਕ ਧੜ ਅਤੇ ਇਕ ਇਕ ਸਿਰ ਚਾਰਾਂ ਧਾਨਕੀਆਂ ਦੀਆਂ ਘਾਹ ਦੀਆਂ ਢੇਰੀਆਂ ਵਿਚ ਲੁਕਾ ਦਿੱਤੀਆਂ। ਸ਼ਾਮ ਨੂੰ ਜਦੋਂ ਉਹ ਆਪਣੀਆਂ ਪੰਡਾਂ ਬੰਨ੍ਹਣ ਲੱਗੀਆਂ ਤਾਂ ਪਹਿਲਾਂ ਤਾਂ ਇਕੱਲੀ ਇਕੱਲੀ ਨੇ ਚੀਕ ਮਾਰੀ ਤੇ ਫੇਰ ਸਾਨੂੰ ਦੂਰ ਬੈਠ ਕੇ ‘ਤਮਾਸ਼ਾ’ ਦੇਖਦਿਆਂ ਨੂੰ ਗਾਲ਼ਾਂ ਦੇਣ ਲੱਗੀਆਂ। ਅਸੀਂ ਦੌੜ ਗਏ।
        ਬੇਸ਼ੱਕ ਮੈਂ ਅਣਭੋਲ ਉਮਰ ਵਿਚ ਸਾਂ, ਪਰ ਮੈਂ ਅੱਜ ਤੱਕ ਸੋਚਦਾ ਹਾਂ ਕਿ 1967 ਵਿੱਚ ਕੀਤੇ ਉਸ ਕਾਂਵਾਂ ਦੇ ਘਲੂਘਾਰੇ ਦੀ ਹੀ ਸਜ਼ਾ ਹੈ ਕਿ ਮੈਂਨੂੰ ਪਿਛਲੇ 43 ਸਾਲਾਂ ਵਿਚ ਕੋਈ ਖੁਸ਼ੀ ਨਸੀਬ ਨਹੀਂ ਹੋ ਸਕੀ। (ਉਹ ਕਿੱਕਰ ਵੱਢ ਕੇ ਵੇਚ ਦਿੱਤੀ ਤੇ ਉਥੇ ਇਕ ਟਾਹਲੀ ਲਾ ਦਿੱਤੀ ਗਈ ਜੋ ਬਾਅਦ ਵਿਚ ਜ਼ਮੀਨ ਦੀ ਵੰਡ ਵੇਲੇ ਵੱਟ ਉਤੇ ਆ ਜਾਣ ਕਾਰਣ ਸਾਰੇ ਭਰਾਵਾਂ ਵਿਚ ਝਗੜੇ ਦਾ ਕਾਰਣ ਬਣੀ। ਕਾਂ ਦੇ ਬੱਚਿਆਂ ਦਾ ਖ਼ੂਨ ਸੀ ਉਸ ਟਾਹਲੀ ਵਿੱਚ, ਸ਼ਾਇਦ।)
       ਦੂਰਦਰਸ਼ਨ ਜਲੰਧਰ ਦੇ ਵਿਹੜੇ ਵਿਚ ਦੋ ਕੌਨੀਫਰਸ (Conifers) (ਇਸ ਦਾ ਪੰਜਾਬੀ ਵਿਚ ਪਤਾ ਨਹੀਂ ਕੀ ਨਾਂ ਹੈ, ਪਰ ਮੈਂ ਇਸ ਨੂੰ ਰੋਂਦੇ ਪੱਤਿਆਂ ਵਾਲੇ ਰੁੱਖ ਕਹਾਂਗਾ) ਦੇ ਦਰਖਤ ਸਨ ਜਿਨ੍ਹਾਂ ਉਤੇ ਦੋ ਕਾਂਵਾਂ ਦੇ ਪਰਿਵਾਰਾਂ ਦੇ ਆਲ੍ਹਣੇ ਸਨ। ਬੱਚੇ ਕੱਢੇ ਹੋਏ ਸਨ ਦੋਵਾਂ ਪਰਿਵਾਰਾਂ ਨੇ। ਕਾਂਉਣੀਆਂ ਬੱਚਿਆਂ ਕੋਲ ਰਹਿੰਦੀਆਂ, ਇਕ ਕਾਂ ਪਹਿਰੇ ‘ਤੇ ਬਹਿੰਦਾ, ਤੇ ਦੂਜਾ ਚੋਗਾ ਚੁਗਣ ਚਲਿਆ ਜਾਂਦਾ ਸੀ। ਸ਼ਾਇਦ ਦੋਵੇਂ ਪਰਿਵਾਰਾਂ ਦੀ ਆਪਸ ਵਿੱਚ ਕੋਈ ਰਿਸ਼ਤੇਦਾਰੀ ਸੀ। ਮੈਂ ਜਦੋਂ ਵੀ ਨਿਊਜ਼ ਰੂਮ ‘ਚੋਂ ਆਪਣੇ ਕੁਆਰਟਰ ਵੱਲ ਜਾਂਦਾ ਤਾਂ ਪਹਿਰੇਦਾਰ ਕਾਂ ਨਾ ਕੇਵਲ ਸ਼ੋਰ ਮਚਾ ਦਿੰਦਾ, ਸਗੋਂ ਮੇਰੇ ਗੰਜੇ ਸਿਰ ਵਿਚ ਠੁੰਗਾਂ ਮਾਰਨ ਦੀ ਕੋਸ਼ਿਸ਼ ਵੀ ਕਰਦਾ। ਮੈਂ ਸੋਚਿਆ ਇਹ 1967 ਵਾਲੇ ਘੱਲੂ-ਘਾਰੇ ਦੇ ਸ਼ਿਕਾਰ ਕਾਂਵਾਂ ਦੀ ਨਸਲ ‘ਚੋ ਹਨ, ਜਾਣਦੇ ਹਨ ਕਿ ਸੱਜਣ ਕੁਮਾਰ ਜਾ ਰਿਹਾ ਹੈ!

       ਮੈਂ ਆਪਣਾ ਆਉਣ ਜਾਣ ਦਾ ਰਾਹ ਬਦਲ ਲਿਆ।

No comments:

Post a Comment