Friday, May 28, 2010

ਮੇਰਾ ਨਾਂ- ਗੁਰਮੇਲ ਸਰਾਂ

          ਮੇਰਾ ਨਾਂ- ਗੁਰਮੇਲ ਸਰਾਂ
ਮੈਂ ਗੱਲਾਂ ਕਰਦਾ ਰਹਿੰਦਾ ਹਾਂ। ਕਿਸੇ ਮੂਰਖ ਨੇ ਆਪਣਾ ਨਾਂ ਸੋ ਐਂਡ ਸੋ ਸਰਾਂ ਲਿਖਿਆ ਹੋਇਆ ਹੈ।ਬਥੇਰਾ ਸਮਝਾਇਆ ਕਿ ਸਰਾਂ ਨਹੀਂ ਸਰਾ ਹੈ; ਸਰਾਂ ਰਾਤ ਕੱਟਣ ਦਾ ਟਿਕਾਣਾ ਹੁੰਦਾ ਹੈ, ਸਰਾ ਨਦੀਆਂ ਨੂੰ ਲੱਭਣ ਵਾਲੇ ਹੁੰਦੇ ਹਨ। ਸੰਸਕ੍ਰਿਤ ਦਾ ਸ਼ਬਦ ਹੈ ਇਹ।ਇਹ ਕੋਈ ਗੋਤ ਨਹੀਂ, ਇਹ ਇੱਕ ਉਪਾਧੀ ਹੈ।ਮੇਰਾ ਇਹ ਲੇਖ, ਜੰਗ ਸਿਹੁੰ ਹਕੀਮ ਦੇ ਮੁੰਡੇ ਗੋਰੇ ਦੇ ਪੁੱਟੇ ਬੋਰ ਦੀ ਤਰ੍ਹਾਂ ਵਿੰਗ-ਤੜਿੰਗਾ ਹੋ ਜਾਣ ਦਾ ਡਰ ਹੈ, ਸਿੱਧਾ ਰੱਖਣ ਦੀ ਕੋਸ਼ਿਸ਼ ਕਰਦਾ ਹਾਂ।
ਮੇਰੀ ਮਾਸੀ ਮੇਰੇ ਪਿਉ ਨੂੰ ਵਿਆਹੀ ਸੀ। ਇਕ ਕੁੜੀ ਨੂੰ ਜਨਮ ਦੇ ਕੇ ਪ੍ਰਲੋਕ ਸਿਧਾਰ ਗਈ। ਮੇਰੇ ਨਾਨਕਿਆਂ ਨੇ ਮੇਰੀ ਮਾਂ ਤੋਰ ਦਿੱਤੀ। ਮੇਰਾ ਚਾਚਾ ਵਿਆਹ ਪਿੱਛੋਂ ਮੁਕਲਾਵਾ ਲਿਆਉਣ ਤੋਂ ਪਹਿਲਾਂ ਹੀ ਪ੍ਰਲੋਕ ਸਿਧਾਰ ਗਿਆ। ਉਹ ਮਾਤਾ ਵੀ ਮੇਰੇ ਪਿਉ ਨਾਲ ਵਰ ਦਿੱਤੀ ਗਈ। ਅਸੀਂ ਤਿੰਨਾਂ ਮਾਵਾਂ ਦੇ ਦਸ ਪੁੱਤ-ਧੀਆਂ ਦੋਵਾਂ ਨੂੰ ਬੇਬੇ ਕਹਿ ਕੇ ਹੀ ਸੰਬੋਧਨ ਕਰਦੇ ਸਾਂ; ਸਿਵਾਇ ਮਾਸੀ ਦੀ ਧੀ ਮਿੱਠੋ ਦੇ, ਜੋ ਮੇਰੀ ਮਾਂ ਨੂੰ ਮਾਸੀ ਕਹਿ ਕੇ ਬੁਲਾਉਂਦੀ ਸੀ।(ਸਹੁਰੀਂ ਜਾਣ ਪਿੱਛੋਂ ਉਹ ਵੀ ਮੇਰੀ ਮਾਂ ਨੂੰ ਬੇਬੇ ਕਹਿਣ ਲੱਗ ਪਈ ਸੀ। ਜਦੋਂ ਬੇਬੇ ਮਰੀ ਤਾਂ ਉਹ ਬਹੁਤ ਰੋਈ; ਉਸ ਦੀ ਸੱਸ ਕਹਿਣ ਲੱਗੀ ਕਿ ਉਹ ਕਿਹੜਾ ਤੇਰੀ ਸਕੀ ਮਾਂ ਸੀ, ਤੂੰ ਏਨਾ ਰੋਂਦੀ ਕਿਉਂ ਹੈਂ?) ਦੋਵੇਂ ਮਾਂਵਾਂ ਇਸ ਵੇਲੇ ਇਸ ਜਹਾਨ ਵਿੱਚ ਨਹੀਂ ਹਨ।
ਮੇਰੀ ਮਾਂ ਨੇ ਇਕ ਕੁੜੀ ਨੂੰ ਜਨਮ ਦਿੱਤਾ। ਪਰ ਦੂਜੀ ਬੇਬੇ ਨੇ ਇੰਨੇ ਚਿਰ ਵਿੱਚ ਦੋ ਮੁੰਡੇ ਜੰਮ ਦਿੱਤੇ। ਮੇਰੀ ਮਾਂ, ਨਸੀਬ ਕੌਰ ਚਿੰਤਤ ਹੋ ਗਈ; ਖੌਰੇ ਸੌਂਕਣ ਦੀ ਔਲਾਦ ਜ਼ਮੀਨ-ਜਾਇਦਾਦ ਦੀ ਮਾਲਕ ਨਾ ਬਣ ਬੈਠੇ। ਨਸੀਬ ਕੌਰ ਨੇ ਕਿਸੇ ਸਾਧ ਦੇ ਡੇਰੇ ‘ਤੇ ਚੌਂਕੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ਨੀਵਾਰ ਦੇ ਸ਼ਨੀਵਾਰ।ਚਾਲੀ ਸ਼ਨੀਵਾਰ ਉਸ ਨੇ ਚੌਂਕੀਆਂ ਭਰੀਆਂ।ਫੇਰ ਕਿਤੇ ਮੈਂ ਉਸ ਦੇ ਗਰਭ ਵਿਚ ਆਇਆ! ਮਾਂ ਨੇ ਮੇਰਾ ਨਾਂ ਰੱਖ ਦਿੱਤਾ ਡੀ.ਸੀ.। ਪੁੱਤ ਜੰਮਣ ਦਾ ਏਨਾ ਚਾਅ ਵੀ ਕੀ ਆਖੇ! ਇਹ ਸੀ ਸੰਨ 1957।
ਸੰਨ 1962। ਬਾਪੂ ਦੀ ਉਂਗਲ ਫੜ ਕੇ ਸਕੂਲ ‘ਚ ਦਾਖਲ ਹੋਣ ਜਾ ਰਿਹਾ ਸਾਂ। ਸਕੂਲ ਤੋਂ ਸੌ ਕੁ ਗਜ਼ ਪਿਛਾਂਹ ਪਹੁੰਚਣ ‘ਤੇ ਬਾਪੂ ਨੇ ਪੁੱਛਿਆ: “ਡੀ.ਸੀ. ਤੇਰਾ ਸਕੂਲ ‘ਚ ਕੀ ਨਾਂਅ ਲਿਖਾਈਏ? ਤੇਰੀ ਮਾਂ ਤਾਂ ਕਹਿੰਦੀ ਹੈ ਕਿ ਗੁਰਾਂਦਿੱਤਾ ਲਿਖਾਇਆ ਜਾਵੇ!” ਗੁਰਾਂਦਿੱਤਾ ਨਾਂ ਦਾ ਸਾਡੇ ਪਿੰਡ ਵਿੱਚ ਇਕ ਚਹਿਲ ਸੀ ਜਿਸ ਦੀ ਦਾੜੀ ਉਸ ਦੇ ਕੰਨਾਂ ਨੂੰ ਢਕਦੀ ਸੀ।ਮੈਂ ਤਟਫਟ ਬੋਲਿਆ: “ਬਾਪੂ, ਮੇਰਾ ਨਾਂ ਗੁਰਾਂਦਿੱਤਾ ਨਹੀ ਲਿਖਾਉਣਾ।“ ਉਹ ਬੋਲਿਆ: “ਫੇਰ ਤੇਰਾ ਨਾਂ ਗੁਰ ਦੇ ਨਾਲ ਤਾਂ ਜ਼ਰੂਰ ਸ਼ੁਰੂ ਹੋਵੇਗਾ, ਤੂੰ ਸੋਚ ਲੈ।“ ਸਾਡੀ, ਮੇਰੇ ਪਿਉ ਦੇ ਨਾਨਕਿਆਂ ‘ਚੋ ਸਕੀਰੀ ‘ਚ ਇੱਕ ਮੇਰੇ ਭਰਾ ਲਗਦੇ ਬੰਦੇ ਦਾ ਨਾਂ ਗੁਰਮੇਲ ਸੀ, ਜੋ ਬੰਦਾ ਮੈਂਨੂੰ ਚੰਗਾ ਲਗਦਾ ਸੀ। ਮੈਂ ਕਿਹਾ ਮੇਰਾ ਨਾਂ ਗੁਰਮੇਲ ਲਿਖਾ ਦਿਉ।
ਬਾਪੂ ਨੇ ਹਰਨਾਮ ਸਿਹੁੰ ਮਾਸਟਰ (ਜੋ ਉਸ ਦਾ ਕਲਾਸ ਫੈਲੋ ਸੀ) ਨੂੰ ਇੱਕ ਆਨਾ ਫੜਾਉਂਦਿਆ ਕਿਹਾ: “ਹਰਨਾਮ, ਤੇਰਾ ਭਤੀਜ ਕਹਿੰਦਾ ਹੈ ਕਿ ਇਸ ਦਾ ਨਾਂ ਗੁਰਮੇਲ ਲਿਖਿਆ ਜਾਵੇ।“ ਉਹ ਵੱਡਾ ਸਾਰਾ ਰਜਿਸਟਰ ਅੱਖਾਂ ਸਾਹਮਣੇ ਆ ਗਿਆ ਹੈ- ਜਿਸ ਵਿੱਚ ਉਰਦੂ ਵਿੱਚ ਲਿਖਿਆ ਗਿਆ ਸੀ ‘ਗੁਰਮੇਲ’।
ਸਾਰੇ ਕਹਿੰਦੇ ਨੇ ਕਿ ਮੇਰਾ ਨਾਂ ਮੇਰੀ ਮਾਸੀ ਨੇ ਰੱਖਿਆ, ਭੂਆ ਨੇ ਰੱਖਿਆ, ਤਾਈ ਨੇ ਰੱਖਿਆ, ਕੋਈ ਮਿਲਿਆ ਅਜਿਹਾ ਇਨਸਾਨ ਜਿਹੜਾ ਕਹਿੰਦਾ ਹੋਵੇ ‘ਮੇਰਾ ਨਾਂਅ ਮੈਂ ਆਪ ਰੱਖਿਆ?'


2 comments:

  1. ‘ਮੇਰਾ ਨਾਂਅ ਮੈਂ ਆਪ ਰੱਖਿਆ?'
    ਹੇਠਾਂ ਦੋ ਮੁਹਾਵਰੇ ਹਨ, ਜਿਹੜਾ ਠੀਕ ਲੱਗਿਆ ਰੱਖ ਲਿਓ।
    1. ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ
    2. ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ

    ReplyDelete
  2. ਡੀ ਸੀ ਕਿਹੜਾ ਵੱਢਦਾ ਸੀ, ਕਰਤੂਤਾਂ ਤਾਂ ਆਪਾਂ ਇਹੋ ਰੱਖਣੀਆਂ ਸੀ। ਅਖੇ ਗੁਰਾਂਦਿੱਤਾ, ਅਖੇ ਗੁਰਮੇਲ। ਨਾ ਦੇਣ ਵਾਲ਼ੇ 'ਗੁਰਾਂ' ਨੂੰ ਜਾਣਿਆਂ, ਨਾ ਜਿਨ੍ਹੇ ਮਿਲਾਇਆ, ਉਸ 'ਗੁਰ' ਨੂੰ ਸਿਆਣਿਆ। ਅਖੇ ਨਦੀਆਂ ਲੱਭਦੇ ਆਏ ਹਾਂ, ਭਾਵੇਂ ਰਾਤ ਨੂੰ ਮੂਤਣ ਲਈ ਵਹੀਣ ਨਾ ਲੱਭਿਆ ਹੋਵੇ।

    ReplyDelete