Tuesday, May 11, 2010

11: Of Pigeons

                                                                  ਕਬੂਤਰਾਂ ਬਾਰੇ
      ਸਾਡਾ ਸਾਰਿਆਂ ‘ਚੋਂ ਛੋਟਾ ਪ੍ਰਾਹੁਣਾ ਚੀਨੇ ਪਾਲਣ ਦਾ ਸ਼ੌਕ ਰੱਖਣ ਲੱਗ ਪਿਆ। ਹੁਣ ਤਾਂ ਉਸ ਨੂੰ ਮਿਲੇ ਨੂੰ ਕਈ ਸਾਲ ਹੋ ਗਏ ਪਰ ਉਸ ਨੇ ਦੱਸਿਆ ਕਿ ਕਬੂਤਰੀ ਸਿਰਫ ਦੋ ਹੀ ਅੰਡੇ ਦਿੰਦੀ ਹੈ ਅਤੇ ਇਕ ਵਿਚੋਂ ਨਰ ਅਤੇ ਦੂਜੇ ਵਿਚੋਂ ਮਾਦਾ ਨਿਕਲਦਾ ਹੈ। ਅੱਗੋਂ ਜਾ ਕੇ ਦੋਵੇਂ ਭੈਣ-ਭਰਾ ਜੋੜੀ ਬਣਾ ਕੇ ਨਸਲ ਵਧਾਉਂਦੇ ਹਨ। ਕਿਉਂ ਕਿ ਉਹ ਕਬੂਤਰ ਕਾਫੀ ਸਾਲਾਂ ਤੋਂ ਪਾਲ ਰਿਹਾ ਸੀ, ਇਸ ਲਈ ਮੈਂ ਉਸ ਨੂੰ ਇਸ ਮਾਮਲੇ ਵਿਚ ਅਥਾਰਟੀ ਮੰਨ ਲਿਆ। ਸ਼ਾਇਦ ਇਹੀ ਕਾਰਣ ਹੈ ਕਿ ਕਬੂਤਰ ਨੂੰ ਸਾਰੇ ਪੰਛੀਆਂ ਵਿਚੋਂ ਬੇਵਕੂਫ ਗਿਣਿਆ ਜਾਂਦਾ ਹੈ ਕਿਉਂ ਕਿ ਇਸ ਨਸਲ ਦੇ ਜਨੌਰਾਂ ਵਿਚ ਜੀਨਜ਼ (genes) ਦਾ ਆਦਾਨ-ਪ੍ਰਦਾਨ ਨਾ ਹੋਣ ਕਰ ਕੇ ਇਹ ਪੀੜ੍ਹੀ ਦਰ ਪੀੜ੍ਹੀ ਬੌਂਗੇ ਦੇ ਬੌਂਗੇ ਹੀ ਚਲੇ ਆਉਂਦੇ ਹਨ।
      ਇਸ ਨੁਕਤੇ ਦਾ ਅੱਜ ਕੱਲ੍ਹ ਹਰਿਆਣਾ, ਰਾਜਸਥਾਨ ਅਤੇ ਯੂ ਪੀ ਦੇ ਕੁੱਝ ਹਿੱਸਿਆਂ ਵਿਚ ਖਾਪ ਪੰਚਾਇਤਾਂ ਦੀ ਚੱਲ ਰਹੀ ਦਗੜ-ਦਗੜ ਨਾਲ ਵੀ ਕੁੱਝ ਸੰਬੰਧ ਲਗਦਾ ਹੈ ਕਿਉਂ ਕਿ ਇਕੋ ਪਿੰਡ ਵਿਚ ਨਾ ਸਹੀ, ਇਕੋ ਗੋਤ ਵਿਚ ਵਿਆਹ ਕਰਵਾਉਣ ਨਾਲ ਜੀਨਜ਼ ਦੀ ਲੈ-ਦੇ ਸੀਮਿਤ ਹੋ ਜਾਂਦੀ ਹੈ ਅਤੇ ਜੀਨਜ਼ ਦੀ ਭੰਨ-ਤੋੜ (mutation) ਹੋਣ ਦਾ ਵੀ ਖਤਰਾ ਰਹਿੰਦਾ ਹੈ। ਮੁਸਲਮਾਨਾਂ ਦੇ ਵੀ ਪਛੜੇ ਹੋਣ ਪਿੱਛੇ ਕਈ ਵਿਦਵਾਨ ਇਸੇ ਕਾਰਕ ਦਾ ਹੱਥ ਦਸਦੇ ਹਨ।
     ਕਹਿੰਦੇ ਹਨ ਕਿ ਕਬੂਤਰਾਂ ਦਾ ਵਾਸਾ ਉਜਾੜੇ ਦੀ ਨਿਸ਼ਾਨੀ ਹੁੰਦਾ ਹੈ। ਜਿੱਥੇ ਕਬੂਤਰ ਘਰ ਕਰ ਲੈਣ, ਉਹ ਘਰ ਵਸਦਾ ਵੀ ਹੋਵੇ ਤਾਂ ਉੱਜੜ ਜਾਂਦਾ ਹੈ। (ਮੈਂ ਦਸ ਕੁ ਸਾਲ ਪਹਿਲਾਂ ਪੰਜਾਬ ਨੂੰ ਭੰਡਦੀ ਇਕ ਕਵਿਤਾ ਲਿਖੀ ਸੀ ਜਿਸ ਦਾ ਇਕ ਸਤਾਂਜ਼ਾ ਇਉਂ ਸੀ:
ਗੋਲ਼ਿਆਂ ਦਾ ਵਾਸ ਇਥੇ,
ਚੁੱਲਿਆਂ ਤੇ ਘਾਸ ਇਥੇ,
ਉਗਦੀ ਕਪਾਸ ਇਥੇ,...) ਇਸ ਪ੍ਰਸੰਗ ਵਿਚ ਮੈਨੂੰ ਰੁਥ ਝਬਵਾਲਾ ਦੇ ਨਾਵਲ ‘ਫਲਾਈਟ ਆੱਵ ਪਿਜਨਜ਼’ ਉਤੇ ਬਣਾਈ ਗਈ ਹਿੰਦੀ ਫਿਲਮ ਦਾ ਵੀ ਚੇਤਾ ਆਉਂਦਾ ਹੈ ਜੋ ਨਫੀਸਾ ਅਲੀ ਦੀ ਬਤੌਰ ਨਾਇਕਾ ਪਹਿਲੀ ਫਿਲਮ ਸੀ। ਸ਼ਸ਼ੀ ਕਪੂਰ ਇਸ ਦਾ ਨਾਇਕ ਸੀ। ਜੇ ਮੇਰਾ ਚੇਤਾ ਮੇਰੇ ਨਾਲ ਗ਼ਦਾਰੀ ਨਹੀਂ ਕਰ ਰਿਹਾ ਤਾਂ ਨਾਇਕ ਇਕ ਰਾਜਕੁਮਾਰ ਹੁੰਦਾ ਹੈ ਜੋ ਕਬੂਤਰ ਰੱਖਣ ਦੇ ਸ਼ੌਕ ਦਾ ਮਾਰਾ ਆਪਣਾ ਰਾਜ-ਭਾਗ ਲੁਟਾ ਦਿੰਦਾ ਹੈ। ਇਸੇ ਫਿਲਮ ਵਿਚ ਅੱਧੀ ਰਾਤ ਦੇ ਇਕ ਦ੍ਰਿਸ਼ ਵਿਚ ਨਫੀਸਾ ਅਲੀ ਵੱਲੋਂ ਮਾਰੀ ਗਈ ਭਿਆਨਕ ਚੀਕ ਵੀ ਨਹੀਂ ਭੁਲਦੀ। ਐਸੀ ਡਰਾਉਣੀ ਚੀਕ ਮੈਂ ਆਪਣੀ ਜ਼ਿੰਦਗੀ ਵਿਚ ਅਜੇ ਤੱਕ ਨਹੀਂ ਸੁਣੀ- ਕਿਸੇ ਔਰਤ ਦੇ ਇਕਲੌਤੇ ਪੁੱਤਰ ਦੀ ਮੌਤ ‘ਤੇ ਮਾਰੀ ਗਈ ਚੀਕ ਵੀ ਐਸੀ ਡਰਾਉਣੀ ਨਹੀਂ ਹੋ ਸਕਦੀ।(ਬਲੌਗਬੁਆਏ ਸੋਚਦਾ ਹੈ ਕਿ ਕਿੱਥੇ ਕਬੂਤਰ-ਕਬੂਤਰੀਆਂ, ਕਿੱਥੇ ਨਫੀਸਾ ਅਲੀ! ਕੋਈ ਸਨਬੰਧ ਤਾਂ ਦੱਸ? ਸੁਣ ਲਉ: ਸਾਜਨ ਰਾਇਕੋਟੀ ਸਾਡੀ ਮੰਡੀ ਵਿਚ ਰਾਮਲੀਲਾ ਦੌਰਾਨ ਉਸ ਵੇਲੇ ਗਾਇਆ ਕਰਦਾ ਸੀ ਜਦੋਂ ਰਾਵਣ ਕਿਹਾ ਕਰਦਾ ਸੀ:’ਮੰਤਰੀ ਜੀ, ਕਿਸੀ ਗਾਣੇ ਵਾਲੀ ਕੋ ਬੁਲਾਓ!” ਸਾਜਨ ਦੇ ਨਾਲ ਔਰਤ ਦੇ ਭੇਸ ਵਿਚ ਇਕ ਕੰਵਲ ਨਾਂਅ ਦਾ ਨਚਾਰ ਹੋਇਆ ਕਰਦਾ ਸੀ – ਰਾਇਕੋਟੀ ਤਾਂ ਪ੍ਰਲੋਕ ਚਲਿਆ ਗਿਆ ਹੈ ਪਰ ਕੰਵਲ ਦਾ ਪਤਾ ਨਹੀਂ। ਸਾਜਨ ਦਾ ਰਾਵਣ ਦੇ ਦਰਬਾਰ ਵਿਚ ਹਰ ਸਾਲ ਗਾਇਆ ਜਾਂਦਾ ਮਸ਼ਹੂਰ ਗੀਤ ਹੋਇਆ ਕਰਦਾ ਸੀ: ਨੀ ਬੱਗੀਏ ਕਬੂਤਰੀਏ, ਅਸੀਂ ਦੱਸ ਕੀ ਕਰੀਏ?
      ਕਬੂਤਰਾਂ ਦੀ ਦੁਨੀਆ ਹੀ 442 ਸ਼ਬਦ ਖਾ ਗਈ ਹੈ। ਬਾਕੀ ਪੰਛੀਆਂ ਬਾਰੇ ਅਗਲੀ ਪੋਸਟ ਵਿਚ, ਸ਼ਾਇਦ ਅੱਜ ਰਾਤ ਹੀ। (11.05.10)

No comments:

Post a Comment