ਗੁਰੂ ਤੱਤਿਆਂ ਥੰਮ੍ਹਾਂ 'ਤੇ ਅਇਆ,
ਕੀੜੀ ਵਾਲਾ ਰੂਪ ਧਾਰ ਕੇ॥
ਪਿੰਡ ਦੇ ਕਈ ਸਾਰੇ ਵਿਅਕਤੀਆਂ ਦੀ ਰੱਬ ਨਾਲ ਮੁਲਾਕਾਤ ਹੋ ਚੁੱਕੀ ਹੈ। ਮੇਰੀ ਵੀ ਹੋ ਚੁੱਕੀ ਹੈ। ਫਰਕ ਹੈ ਤਾਂ ਸਿਰਫ ਇਹ ਕਿ ਰੱਬ ਦਾ ਪਤਾ ਨਹੀਂ ਕਿਹੜੇ ਵੇਲੇ ਕਿਹੜਾ 'ਰੂਪ' ਧਾਰ ਕੇ ਮਿਲੇ।
ਬਾਬੇ ਮੁਖ਼ਤਿਆਰ ਦੀ ਰੱਬ ਨਾਲ ਮੁਲਾਕਾਤ ਉਸ ਦਿਨ ਗੁਦਰਾਨਾ ਪਿੰਡ ਵਿਚ ਹੋਈ ਸੀ ਜਿਸ ਦਿਨ ਉਥੇ, ਉਸ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ ਜਿਸ ਵਿਚ ਬਾਬਾ ਲੁਕਿਆ ਹੋਇਆ ਸੀ।
ਮੇਰੀ (ਪਹਿਲੀ) ਮੁਲਾਕਾਤ 27 ਨਵੰਬਰ 1986 ਨੂੰ ਤਲਵੰਡੀ ਸਾਬੋ ਅਤੇ ਭਾਗੀ ਬਾਂਦਰ ਦੇ ਵਿਚਕਾਰ ਪੈਣ ਵਾਲੀ ਕੱਸੀ ਦੀ ਪੁਲ਼ੀ ਦੇ ਲਾਗੇ ਹੋਈ ਸੀ। ਰਾਤ ਨੂੰ ਮੇਰੇ ਮੋਟਰਸਾਈਕਲ ਦਾ ਹਾਦਸਾ ਹੋ ਗਿਆ ਸੀ, ਸਾਰੀ ਰਾਤ ਰੱਬ ਨੇ ਮੈਂਨੂੰ ਆਪਣੀ ਬੁੱਕਲ ਵਿਚ ਪਾ ਕੇ ਰੱਖਿਆ। ਜੇ ਤੁਹਾਨੂੰ ਯਾਦ ਹੋਵੇ, 27 ਨਵੰਬਰ 1986 ਦੀ ਉਸ ਰਾਤ ਨੂੰ ਉਸ ਇਲਾਕੇ ਵਿਚ ਕੱਕਰ ਪਿਆ ਸੀ। ਕੱਕਰ ਦੀ ਉਸ ਰਾਤ ਵਿਚ ਕਿਸੇ ਜ਼ਖ਼ਮੀ ਵਿਅਕਤੀ ਨੂੰ ਸਿਰਫ ਰੱਬ ਹੀ ਆਪਣੀ ਬੁੱਕਲ ਵਿੱਚ ਰੱਖ ਕੇ ਬਚਾਅ ਸਕਦਾ ਸੀ। ਉਸ ਰਾਤ ਰੱਬ ਨੇ ਕਈ ਸਾਰੇ ਭੇਸ ਵਟਾ ਕੇ ਮੇਰੀ ਰੱਖਿਆ ਕੀਤੀ।
ਸਵਰਗੀ ਯ੍ਹੀਰੇ ਦੀ ਸਵਰਗੀ ਮਾਂ ਦੀ ਵੀ ਕਿਸੇ ਵੇਲੇ ਰੱਬ ਨੇ ਰੱਖਿਆ ਕੀਤੀ ਸੀ। ਓਦੋਂ ਮੈਂ ਤਾਂ ਬਹੁਤ ਛੋਟਾ ਸਾਂ, ਅਤੇ ਮੈਨੂੰ ਤਾਂ ਬਿਲਕੁਲ ਯਾਦ ਨਹੀਂ ਕਿ ਉਹ ਮਾਤਾ ਕਿਸ ਗੱਲੋਂ ਦੁਖੀ ਹੋ ਕੇ ਖੂਹ ਵਿਚ ਕੁੱਦ ਪਈ ਸੀ। ਮੈਨੂੰ ਤਾਂ ਇਹ ਵੀ ਯਾਦ ਨਹੀਂ ਕਿ ਉਹ ਕਿਸ ਦੀ ਮਾਂ ਸੀ, ਪਰ ਭੂਆ ਦਸਦੀ ਹੈ ਕਿ ਉਹ ਯ੍ਹੀਰੇ ਦੀ ਮਾਂ ਸੀ। ਵਾਕਿਆ ਮੈਨੂੰ ਪੂਰੇ ਦਾ ਪੂਰਾ ਯਾਦ ਹੈ।
ਅੱਜ ਕੱਲ੍ਹ ਤਾਂ, ਖਾਸ ਕਰ ਭਾਖੜਾ ਨਹਿਰ ਦੇ ਨਿੱਕਲਣ ਬਾਅਦ, ਪਾਣੀ ਕਾਫੀ ਉਤਾਂਹ ਆ ਚੁੱਕਿਆ ਹੈ ਅਤੇ ਖੂਹ ਬਹੁਤੇ ਡ;ੂੰਘੇ ਨਹੀਂ ਲਗਾਉਣੇ ਪੈਂਦੇ, ਪਰ ਪਿੰਡ ਦੇ ਜਿਸ ਖੂਹ ਵਿਚ ਸਵਰਗੀ ਯ੍ਹੀਰੇ ਦੀ ਸਵਰਗੀ ਮਾਂ ਨੇ ਛਾਲ ਮਾਰੀ ਸੀ, ਉਹ ਨਾ ਕੇਵਲ ਡੂੰਘਾ ਹੀ ਸੀ ਸਗੋਂ ਮੈਂ ਤਾਂ ਆਪਣੀ ਸੁਰਤ ਵਿਚ ਉਸ ਵਿਚੋਂ ਕਦੇ ਪਾਣੀ ਨਿਕਲਦਾ ਨਹੀਂ ਦੇਖਿਆ।
ਉਸ ਨੇ ਘੱਗਰੀ ਪਾਈ ਹੋਈ ਸੀ ਅਤੇ ਰੱਬ ਨੇ ‘ਹਵਾ ਵਾਲਾ ਰੂਪ’ ਧਾਰ ਕੇ ਉਸ ਨਾਲ ਮੁਲਾਕਾਤ ਕੀਤੀ। ਘੱਗਰੀ ਨੇ ਛਤਰੀ ਦਾ ਰੂਪ ਧਾਰ ਲਿਆ ਅਤੇ ਮਾਤਾ ਜੀ ਕੰਵਲ ਦੇ ਫੁੱਲ ਵਾਂਗ ਖੂਹ ਦੇ ਖੜ੍ਹੇ ਪਾਣੀ ਉਤੇ ਤੈਰਨ ਲੱਗੇ। ਪਿੰਡ ਦੇ ਲੋਕਾਂ ਨੇ ਉਸ ਨੂੰ ਖੂਹ ਵਿਚੋਂ ਕੱਢ ਲਿਆ, ਬਚਾਅ ਲਿਆ!
ਗੱਜਣ ਸਿੰਘ ਦੇ ਪੁੱਤ ਹਰਨੀ ਦੀ ਵੀ ਇਸ ਖੂਹ ਵਿਚ ਰੱਬ ਨਾਲ ਮੁਲਾਕਾਤ ਹੋਈ ਸੀ, ਪਰ ਕਾਫੀ ਸਾਲਾਂ ਬਾਅਦ। ਪਤਾ ਨਹੀਂ ਉਸ ਨੂੰ ਕੀ ਦੁੱਖ ਸੀ ਕਿ ਉਸ ਨੇ ਖੂਹ ਵਿਚ ਛਾਲ ਮਾਰ ਦਿੱਤੀ। ਹਵਾ ਵਾਲਾ ਰੂਪ ਧਾਰ ਕੇ ਹੀ ਰੱਬ ਨੇ ਉਸ ਦੇ ਚਾਦਰੇ ਦੀ ਛਤਰੀ ਬਣਾ ਦਿੱਤੀ ਸੀ। ਪਿੰਡ ਵਾਲਿਆਂ ਨੇ ਉਸ ਨੂੰ ਬਚਾਅ ਲਿਆ ਸੀ।
(ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਦੋਂ ਸਵਰਗੀ ਹਰਨੀ ਨੇ ਦੂਸਰੀ ਵੇਰ ਇਸ ਖੂਹ ਵਿਚ ਛਾਲ ਮਾਰੀ ਤਾਂ ਉਸ ਦੀ ਰੱਬ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ। ਪਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ।)
ਅਜਮੇਰ ਘੋਨਾ –ਅਜਮੇਰ ਘੋਨੇ ਹੋਰੀਂ ਦੋ ਭਰਾ ਹਨ ਅਤੇ ਦੂਸਰੇ ਭਰਾ ਦਾ ਨਾਂਅ ਬੇਸ਼ੱਕ ਗੁਰਜੰਟ ਸਿੰਘ ਹੈ, ਪਰ ਮੇਰੇ ਲੇਖਾਂ ਵਿਚ ਉਸ ਨੂੰ ਉਸ ਦੇ ਪਿੰਡ ਵਾਲੇ ਨਾਂਅ, ਕੱਕੀ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ।ਬਖਤੌਰ ਸਿੰਘ ਦੇ ਇਹ ਦੋ ਸਪੁੱਤਰ ਹਨ। ਪਿੰਡ ਦੇ ਕਾਫੀ ਸਾਰੇ ਸਰਾ ਗੋਤ ਦੇ ਲੋਕਾਂ ਦੀਆਂ ਜ਼ਮੀਨਾਂ ਮਲਕਪੁਰੇ ਪਿੰਡ ਵਿਚ ਵੀ ਹਨ, ਇਹਨਾਂ ਦੀ ਵੀ ਹੈ, ਤੇ ਕੱਕੀ ਮਲਕਪੁਰੇ ਰਹਿਣ ਲੱਗ ਪਿਆ ਹੈ।
ਪਿੰਡ ਵਿਚ ਕਾਫੀ ਸਾਰੇ ਅਜਮੇਰ ਸਿੰਘ ਹਨ ਜਿਨ੍ਹਾਂ ਨੂੰ ਪਛਾਣਨ ਵਾਸਤੇ ਉਨ੍ਹਾਂ ਦੇ ਨਾਂਅ ਨਾਲ ਕੁੱਝ ਨਾ ਕੁੱਝ ਲਗਾ ਕੇ ਵਖਰਾਇਆ ਜਾਂਦਾ ਹੈ।ਇਸੇ ਤਰ੍ਹਾਂ ਅਜਮੇਰ ‘ਘੋਨਾ’ ਹੈ।
ਉਸ ਦੇ ਬਾਰੇ ਇਕ ਗੱਲ ਬਹੁਤ ਮਸ਼ਹੂਰ ਹੈ ਕਿ ਉਹ ਕੁੱਤਿਆਂ ਨਾਲ ਬਹੁਤ ਜ਼ਿਆਦਾ ਬਦਸਲੂਕੀ ਕਰਿਆ ਕਰਦਾ ਸੀ। ਕੁੱਤਿਆਂ ਨੂੰ ਪੁਚਕਾਰ ਕੇ, ਰੋਟੀ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਕੋਲ ਬੁਲਾ ਲਿਆ ਕਰਦਾ ਸੀ।ਪਾਸ ਆਇਆਂ ਨੂੰ ਫੜ ਕੇ, ਗਲ ਵਿਚ ਰੱਸਾ ਪਾ ਕੇ ਦਰਖਤ ਨਾਲ ਨੂੜ ਲਿਆ ਕਰਦਾ ਸੀ।ਤੇ ਫੇਰ, ਗੱਲ ਮਸ਼ਹੂਰ ਹੈ ਕਿ, ਉਹ ਇਨ੍ਹਾਂ ਕੁੱਤਿਆਂ ਨੂੰ ਟੰਬਿਆ ਦੇ ਨਾਲ ਬਹੁਤ ਹੀ ਜ਼ਿਆਦਾ ਕੁੱਟਿਆ ਕਰਦਾ ਸੀ।
ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਅਤੇ ਰੱਬ ਤੋਂ ਡਰਨ ਵਾਲੇ ਬੰਦੇ ਉਸ ਨੂੰ ਕਿਹਾ ਕਰਦੇ ਸਨ ਕਿ ‘ਅਜਮੇਰ ਸਿਆਂ, ਰਹਿਣ ਦੇ ਇੰਜ ਨਾ ਕਰਿਆ ਕਰ। ਕਦੇ ਨਾ ਕਦੇ ਰੱਬ ਦੀ ਮਾਰ ਪੈ ਜਾਇਆ ਕਰਦੀ ਹੈ।‘ ਤੇ ਸੱਚਮੁੱਚ ਹੀ ਪੰਜ ਛੇ ਸਾਲ ਪਹਿਲਾਂ ਉਸ ਨੂੰ ‘ਰੱਬ ਦੀ ਮਾਰ’ ਪੈ ਗਈ।ਅਜਮੇਰ ਘੋਨੇ ਨੂੰ ਅਧਰੰਗ ਹੋ ਗਿਆ।
ਮੈਂ ਉਸ ਨੂੰ ਅਧਰੰਗ ਦੇ ਪੀੜਤ ਨੂੰ ਕਈ ਵੇਰ ਦੇਖਿਆ ਹੈ, ਪਰ ਮੰਜੇ ਉਤੇ ਪਿਆ ਪਿਆ ਉਹ ਕੀ ਕੁੱਝ ਬੋਲਦਾ ਸੀ, ਮੈਂ ਸੁਣਿਆ ਦੇਖਿਆ ਨਹੀਂ ਸੀ। ਉਹ ਯਾਰਾਂ ਦਾ ਯਾਰ ਹੈ ਅਤੇ ਅਧਰੰਗ ਹੋਣ ਤੋਂ ਪਹਿਲਾਂ ਵੀ ਉਹ ਗੁੱਸਾ ਆਉਣ ਉਤੇ ਆਪੇ ਤੋਂ ਬਾਹਰ ਹੋ ਜਾਇਆ ਕਰਦਾ ਸੀ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਹ ਆਪਣੇ ਸਰੀਰ ਦੇ ਸਾਰੇ ਅੰਗਾਂ ਵਿਚੋਂ ਸਿਰਫ ਜ਼ੁਬਾਨ ਦੀ ਹੀ ਵਰਤੋਂ ਆਪਣੀ ਮਰਜ਼ੀ ਨਾਲ ਕਰ ਸਕਦਾ ਸੀ ਤਾਂ ਉਹ ਆਪਣੀ ਹਰ ਤਰ੍ਹਾਂ ਦੀ ਬੇਵਸੀ ਨੂੰ, ਗੁੱਸੇ ਨੂੰ ਕਿੰਨ੍ਹਾਂ ਲਫਜ਼ਾਂ ਵਿਚ ਪ੍ਰਗਟ ਕਰਦਾ ਹੋਵੇਗਾ।
ਪੁੱਤ ਜਵਾਨ ਸਨ, ਲਹੂ ਗਰਮ ਸੀ। ਉਨ੍ਹਾਂ ਨੂੰ ਬਾਪ ਦੀ ਲਾਚਾਰੀ ਦੀ, ਉਸ ਦੇ ਹਰ ਤਰ੍ਹਾਂ ਦਾ ਪ੍ਰਗਟਾਅ ਜ਼ੁਬਾਨ ਰਾਹੀਂ ਕਰਨ ਦੀ ਮਜ਼ਬੂਰੀ ਦੀ ਸਮਝ ਨਾ ਆਈ।ਪੁੱਤਰ ਜ਼ਿਆਦਾ ਚਿਰ ਮੰਜੇ ਉਤੇ ਪਏ ਬਾਪ ਦੇ ‘ਬੋਲ-ਕੁਬੋਲ’ ਬਰਦਾਸ਼ਤ ਨਾ ਕਰ ਸਕੇ।
ਪੁੱਤ ਦੁਖੀ ਹੋ ਕੇ, ਅਜਮੇਰ ਘੋਨੇ ਨੂੰ ਪਿੰਡ ਦੇ ਬਾਹਰ-ਬਾਹਰ ਜੰਡ ਦੇ ਹੇਠਾਂ ਬੰਨ੍ਹ ਆਏ।ਤੇ ਕੜਕਦੀ ਧੁੱਪ ਵਿਚ ਘੋਨਾ ਜੰਡ ਦੇ ਛਾਂ-ਰਹਿਤ ਮੁੱਢ ਨਾਲ ਬੱਝਿਆ ਪਿਆ ਰਿਹਾ। ਪਸੀਨੋ-ਪਸੀਨੀਂ।
ਪਤਾ ਨਹੀਂ ਕਿਹੜੇ ਪਾਸਿਉਂ ਘਟਾ ਆ ਗਈ, ਝੱਖੜ ਆ ਗਿਆ। ਮੀਂਹ ਵਰ੍ਹਦਾ ਰਿਹਾ, ਘੋਨਾ ਜੰਡ ਨਾਲ ਬੱਝਿਆ ਰਿਹਾ।
ਮੀਂਹ ਹਟ ਗਿਆ। ਅਧਰੰਗ ਦਾ ਮਰੀਜ਼ ਘੋਨਾ ਉੱਠਿਆ, ਉੱਠ ਕੇ ਆਪਣੇ ਆਪ ਨੂੰ ਜੰਡ ਨਾਲੋਂ ਖੋਲ੍ਹਿਆ। ਰੱਸਾ ਖੋਲ੍ਹ ਕੇ ਉਹ ਖੜ੍ਹਾ ਹੋ ਗਿਆ। ਖੜ੍ਹਾ ਹੋ ਕੇ ਉਹ ਤੁਰ ਪਿਆ। ਤੁਰ ਕੇ ਉਹ ਘਰੇ ਪਹੁੰਚ ਗਿਆ।
(ਅਜੀਤ ਮੈਗਜ਼ੀਨ, 11 ਅਗਸਤ 1991)

No comments:
Post a Comment