Saturday, May 15, 2010

ਸ਼ਰਾਬ-ਸਿਰਜਣਾ  
ਸ਼ਰਾਬ ਪੀਣਾ ਨਾ ਕੋਈ ਚੰਗੀ ਗੱਲ ਹੈ, ਨਾ ਮਾੜੀ। ਅੱਤ ਦੀ ਸ਼ਰਾਬ ਪੀਣਾ ਠੀਕ ਉਸੇ ਤਰ੍ਹਾਂ ਹੀ ਹਾਨੀਕਾਰਕ ਹੈ ਜਿਸ ਤਰ੍ਹਾਂ ਅੱਤ ਦਾ ਦੇਸੀ ਘਿਉ ਪੀਣਾ।ਅਖੇ ਅੱਤ ਖ਼ੁਦਾ ਦਾ ਵੈਰ!

ਬੋਤਲ ਵਿਚ ਸਾਢੇ ਬਾਰਾਂ ਪੈੱਗ ਹੁੰਦੇ ਹਨ, ਇਕ ਪੈੱਗ ਵਿਚ 60 ਮਿਲੀ ਲਿਟਰ। ਬੜੇ ਸਾਲਾਂ ਦੀ ਗੱਲ ਹੈ, ਪੀਂਦੇ-ਪੀਂਦੇ ਰਾਤ ਦੇ ਦਸ ਵੱਜ ਚੁੱਕੇ ਸਨ, ਤੇ ਪੈੱਗਾਂ ਦੀ ਗਿਣਤੀ ਵੀ ਦਸ ਹੀ ਹੋ ਗਈ ਸੀ। ਅਚਾਨਕ ਮੈਂ ਡਾਇਰੀ ਅਤੇ ਪੈੱਨ ਚੁੱਕੇ, ਤੇ ਇਕ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਕਵਿਤਾ ਸੀ ‘ਸ਼ਿਵ ਉਸਤਤੀ’:

ਹਰ ਬਿਪਤਾ ਨੂੰ ਝੋਟੇ ਵਾਂਗ ਮਿਲਾਂਗੇ ਹੁਣ।
ਬਿਪਤਾ ਜੇ ਬਣੀ ਸਾਨ੍ਹ ਤਾਂ ਸਿੰਗਾਂ ਤੋਂ ਫੜਾਂਗੇ ਹੁਣ॥
ਕਿਸ ਮੁਕਾਮ ‘ਤੇ ਪਹੁੰਚ ਗਿਆ ਹੈ ਕਰਿੰਦਾ,
ਤੂੰ ਕੀਟ ਨੂੰ ਨਿਵਾਜਿਆ ਤੇਰਾ ਸ਼ੁਕਰੀਆ।
ਉਇ ਮੇਰਿਆ ਵੱਡਿਆ ਭਰਾਵਾ, ਤੇਰਾ ਸ਼ੁਕਰੀਆ॥
ਤੂੰ ਹੀ ਗੰਧ ਸ਼ਿਵਜੀ,
ਤੂੰ ਹੀ ਚੰਦ ਸ਼ਿਵਜੀ।
ਤੂੰ ਹੀ ਓਟ ਮੇਰੀ,
ਤੇ ਬਖ਼ਸ਼ਿੰਦ ਸ਼ਿਵਜੀ॥
ਦੁੱਖਾਂ ਦੇ ਦਰ ਉਤੇ ਤੂੰ ਤਾਲੇ ਲਗਾਏ
ਭੁੱਖਾਂ ਦੇ ਭੋਰੇ ਤੂੰ ਢਾਹ ਕੇ ਸੁਆਹੇ।
ਅਰਸ਼ਾਂ ਤੇ ਫਰਸ਼ਾਂ ਨੂੰ ਚਹੁੰ ਚੰਦ ਲਾਏ
ਤੂੰ ਪਿੰਗਲੇ ਤੇ ਲੂਲ੍ਹੇ ਵੀ ਦੌੜਾਂ ਦੌੜਾਏ॥
ਤੂੰ ਹੀ ਮੇਰਾ ਮਾਹੀ
ਤੇ ਮੈਂ ਤੇਰਾ ਰਾਹੀ।
ਤੂੰ ਹੀ ਸੱਤ ਸ਼ਿਵਜੀ,
ਤੂੰ ਹੀ ਅੱਤ ਸ਼ਿਵਜੀ॥
ਤੂੰ ਮਹਿਲਾਂ ਨੂੰ ਢਾਇਆ, ਤੂੰ ਝੁੱਗੀਆਂ ਨੂੰ ਸਜਾਇਆ
ਤੂੰ ਰਾਜੇ ਰੁਆਏ, ਤੂੰ ਰੰਕਾ ਵਰਾਇਆ।
ਤੂੰ ਬਾਜ਼ਾਂ ਨੂੰ ਚਿੜੀਆਂ ਤੋਂ ਤੋੜ ਤੁੜਾਇਆ
ਤੂੰ ਕਿੱਕਰਾਂ ਦੀ ਟੀਸੀ ਤੋਂ ਕਾਗਾਂ ਨੂੰ ਲਾਹਿਆ॥
ਤੂੰ ਹੀ ਸੰਤ ਸ਼ਿਵਜੀ,
ਤੂੰ ਹੀ ਅੰਤ ਸ਼ਿਵਜੀ।
ਤੂੰ ਹੀ ਮਾਤ ਮੇਰਾ,
ਤੂੰ ਹੀ ਤਾਤ ਮੇਰਾ॥
ਤੂੰ ਤੋਤੇ ਨੂੰ ਸ਼ਾਹਾਂ ਦੇ ਪਿੰਜਰਿਉਂ ਛੁਡਾਇਆ
ਤੂੰ ਉੱਲੂ ਨੂੰ ਬੁੱਧੀ ਦਾ ਰਾਖਾ ਬਣਾਇਆ।
ਤੂੰ ਕਾਇਦੇ ਨੂੰ ਜਿਲਦਾਂ ‘ਚ ਪਾ-ਪਾ ਕੇ ਪਾਇਆ
ਤੂੰ ਅਨਪੜ੍ਹ ਨੂੰ ਪੋਥੀ ਦਾ ਜਾਪੁ ਕਰਾਇਆ॥
ਤੂੰ ਹੀ ਮੇਰਾ ਕਾਨ੍ਹਾ ਤੇ ਮੈਂ ਤੇਰੀ ਗੋਪੀ,
ਤੂੰ ਹੀ ਮੇਰੀ ਪਗੜੀ
ਤੂੰ ਹੀ ਮੇਰੀ ਟੋਪੀ॥
ਇਹ ਏਂਗਲਸ ਤੇ ਮਾਰਕਸ ਤੇਰੇ ਚਰਨੀਂ ਬੈਠੇ
ਤੇ ਲੈਨਿਨ ਦਾ ਪਰਚਮ ਤੇਰੇ ਸਿਰ ਦੀ ਪੱਟੀ।
ਤੇਰੀ ਕਿਰਪਾ ਹੋਈ ਤਾਂ ਸਾਰੇ ਹੀ ਕਾਮੇ
ਖਾਂਦੇ-ਕਮਾਂਦੇ ਦਸਾਂ ਨੌਹਾਂ ਦੀ ਖੱਟੀ॥
ਉੱਤੇ ਤੇ ਥੱਲੇ
ਤੇਰਾ ਸਿੱਕਾ ਚੱਲੇ।
ਤੂੰ ਹੀ ਸ਼ਾਮ ਸ਼ਿਵ ਜੀ,
ਤੂੰ ਪ੍ਰਭਾਤ ਸ਼ਿਵਜੀ॥
ਤੂੰ ਹੀ ਸੱਤ ਸ਼ਿਵਜੀ।
ਮੇਰੀ ਮੱਤ ਸ਼ਿਵਜੀ॥ (15.4.96)
16 ਅਪ੍ਰੈਲ 1996, ਦਿਨ ਸੋਮਵਾਰ ਨੂੰ ਮੈਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਰਦਾਰ ਹ.ਸ.ਹਲਵਾਰਵੀ ਨੂੰ ਸੁਭਾਇਕੀ ਮਿਲਣ ਗਿਆ ਤਾਂ ਉਨ੍ਹਾਂ ਪੁੱਛਿਆ ਕਿ ਕੀ ਨਵੀਂ ਤਾਜ਼ੀ ਹੈ। ਮੈਂ ਕਿਹਾ ਇਕ ਕਵਿਤਾ ਹੈ। ਉਸ ਨੇ ਸੁਣੀ ਤੇ ਹੈਰਾਨ ਹੋ ਕੇ ਪੁੱਛਿਆ ਕਿ ਤੂੰ ਕਵਿਤਾ ਲਿਖ ਕੇ ਉਸ ਵਿਚ ਸੁਧਾਈ ਨਹੀਂ ਕਰਦਾ? ਮੈ ਕਿਹਾ ਜਿਸ ਵਿਚ ਸੁਧਾਈ ਕਰਨ ਦੀ ਲੋੜ ਪਵੇ ਮੈਂ ਉਹ ਕਵਿਤਾ ਲਿਖਦਾ ਹੀ ਨਹੀਂ।
ਬਾਅਦ ਵਿਚ ਮੈਂ ਦਲਬੀਰ ਦੇ ਕੈਬਿਨ ਵਿਚ ਚਲਿਆ ਗਿਆ। ਉਥੇ ਸਵਰਗੀ ਪ੍ਰੀਤਮ ਸਿੰਘ ਕਵੀ ਵੀ ਬੈਠੇ ਸਨ। ਮੈਂ ਦੋਵਾਂ ਨੂੰ ਸੰਬੋਧਨ ਕਰ ਕੇ ਕਿਹਾ ਕਿ ਸੁਣੋ ਸਦ ਪੈੱਗ ਲਾ ਕੇ ਲਿਖੀ ਕਵਿਤਾ ਤੇ ‘ਸ਼ਿਵ ਉਸਤਤੀ’ ਉਨ੍ਹਾਂ ਨੂੰ ਸੁਣਾ ਦਿੱਤੀ। ਪ੍ਰੀਤਮ ਸਿੰਘ ਕਵੀ ਦੀ ਟਿੱਪਣੀ ਸੀ: ‘ਗੁਰਮੇਲ, ਮੈਂ ਤੇਰਾ ਨਾਂਅ ਭੁੱਲ ਸਕਦਾ ਹਾਂ, ਪਰ ਇਹ ਨਹੀਂ ਭੁੱਲ ਸਕਦਾ ਕਿ ਮੈਨੂੰ ਇਕ ਅਜਿਹੀ ਕਵਿਤਾ ਤੂੰ ਸੁਣਾਈ ਜੋ ਦਸ ਪੈੱਗ ਪੀ ਕੇ ਲਿਖੀ ਗਈ ਸੀ!”
ਇਸ ਵਕਤ ਨਾ ਦਲਬੀਰ ਤੇ ਨਾ ਹੀ ਪ੍ਰੀਤਮ ਸਿੰਘ ਕਵੀ ਇਸ ਫਾਨੀ ਦੁਨੀਆ ਵਿਚ ਰਹੇ ਹਨ।
(15.05.2010)


No comments:

Post a Comment