Wednesday, May 19, 2010

ਯਾਦਾਸ਼ਤ ਜਾਣ ਦਾ ਖ਼ਤਰਾ

                                                      ਯਾਦਾਸ਼ਤ ਜਾਣ ਦਾ ਖ਼ਤਰਾ

ਲੇਹ-ਲਦਾਖ ਵਿਚ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਾਇਨਾਤੀ ਦੀ ਮਿਆਦ ਇੱਕ ਸਾਲ ਹੈ। ਮੈਂ ਮਈ 2005 ਦੇ ਪਹਿਲੇ ਹਫਤੇ ਉਥੇ ਪਹੁੰਚਿਆ ਸੀ।ਮੇਰੀ ਮਿਆਦ ਮਈ 2006 ਵਿਚ (+ਛੁੱਟੀਆਂ ਕੱਟੀਆਂ) ਬਣਦੀ ਸੀ, ਪਰ ਹਾਲਾਤ ਇਹੋ ਜਿਹੇ ਬਣ ਗਏ ਕਿ ਮੈਨੂੰ ਉਥੇ ਡੇਢ ਸਾਲ ਲਾਉਣਾ ਪੈ ਗਿਆ। ਮੇਰੀ ਇੱਕ ਪੰਜਾਬਣ ਅਫਸਰ ਸ੍ਰੀਨਗਰ ਵਿਚ ਤਾਇਨਾਤ ਸੀ, ਅਫਸਰ ਕਾਫੀ ਵੱਡੀ ਸੀ ਪਰ ਉਸ ਦੇ ਪੰਜਾਬਣ ਹੋਣ ਕਾਰਣ ਮੈਂ ਉਸ ਨੂੰ ‘ਭੈਣ ਜੀ’ ਕਹਿ ਕੇ ਸੰਬੋਧਨ ਕਰਨ ਦੀ ਖੁੱਲ੍ਹ ਲੈ ਲੈਂਦਾ ਸਾਂ। ਭੈਣ ਜੀ ਕਹੇ ਜਾਣ ‘ਤੇ ਉਹ ਬੜੀ ਖੁਸ਼ ਹੋਇਆ ਕਰਦੀ ਸੀ, ਸ਼ਾਇਦ ਬੇਚਾਰੀ ਦੇ ਕੋਈ ਸਕਾ ਭਰਾ ਨਾ ਹੋਵੇ!
ਇੱਕ ਦਿਨ ਮੈਂ ਉਸ ਨੂੰ ਆਪਣੀ ਦੁਬਿਧਾ ਦੱਸੀ ਕਿ ਮੇਰਾ ਸਾਲ ਪੂਰਾ ਹੋ ਗਿਆ ਹੈ, ਮੈਨੂੰ ਮੇਰੀ ਪਸੰਦ ਦਾ ਸਟੇਸ਼ਨ ਨਹੀਂ ਮਿਲ ਰਿਹਾ, ਸ਼ਾਇਦ ਇੱਕ ਸਾਲ ਹੋਰ ਲਾਉਣਾ ਪੈ ਜਾਵੇ ਲੇਹ ਵਿੱਚ। (ਉਹਦੇ ਬੱਚੇ, ਮੇਰੇ ਭਾਣਜੇ, ਜਿਉਣ) ਉਹ ਕਹਿੰਦੀ, ‘ਗੁਰਮੇਲ, ਤੈਨੂੰ ਪਤੈ, ਉੱਚਾਣਾਂ ਉੱਤੇ ਰਹਿਣ ਨਾਲ ਯਾਦਾਸ਼ਤ ਨੂੰ ਖ਼ਤਰਾ ਬਣ ਜਾਂਦਾ ਹੈ?’
ਗੱਲ ਉਹੀ ਹੋਈ। ਮੈਂ ਲੇਹ ਤੋਂ ਮੁੜਿਆ ਤਾਂ ਇੱਕ ਸ਼ਰਾਬੀ-ਕਬਾਬੀ, ਯਾਦਾਸ਼ਤ ਦੀ ਗੈਰਹਾਜ਼ਰੀ ਦਾ ਸ਼ਿਕਾਰ। ਸ਼ਰਾਬ ਪੀਏ ਬਗੈਰ ਉਥੇ ਮੈਦਾਨੀ ਪੰਛੀ ਜਿਉਂਦਾ ਹੀ ਨਹੀਂ ਰਹਿ ਸਕਦਾ ਸੀ, ਤਾਪਮਾਨ ਮਨਫੀ 24 ਡਿਗਰੀ ਤੱਕ ਚਲਿਆ ਜਾਂਦਾ ਸੀ! (ਮੇਰੀਆਂ ਬਾਤਾਂ ਅੱਜ ਕੱਲ੍ਹ ਬਹੁਤ ਲੰਮੀਆਂ ਹੋਣ ਲੱਗੀਆਂ ਹਨ, ਇਸ ਲਈ ਮੈਂ ਇਸ ਬੋਕ-ਕਥਾ ਨੂੰ ਸੰਖਿਪਤ ਕਰਨ ਦੀ ਕੋਸ਼ਿਸ਼ ਵੱਲ ਪਰਤ ਰਿਹਾ ਹਾਂ।)
ਪਰ ਇਸ ਦੇ ਬਾਵਜੂਦ ਮੈਂ ਇਹ ਪੈਰਾ ਟਾਈਪ ਕੀਤੇ ਬਗੈਰ ਨਹੀਂ ਰਹਿ ਸਕਦਾ। ਸ਼ਰਾਬੀ ਹਾਂ, ਕਬਾਬੀ ਹਾਂ, ਲੰਗ ਮਾਰਦਾ ਹਾਂ, ਡੰਗ ਮਾਰਦਾ ਹਾਂ, ਵਧੀਕੀ ਸਹਿ ਨਹੀਂ ਸਕਦਾ, ਕਹੇ ਬਿਣ ਰਹਿ ਨਹੀਂ ਸਕਦਾ, ਇਕ ਸੌ ਇਕ ਔਗੁਣ ਹਨ ਮੇਰੇ ਵਿਚ, ਪਰ ਕੋਈ ਵੀ ਮਾਈ ਦਾ ਲਾਲ਼ ਕਹੇ ਕਿ ਮੇਰੀ ਧੀ-ਭੈਣ ਵੱਲ ਗੁਰਮੇਲ ਮੈਲ਼ੀ ਅੱਖ ਨਾਲ ਝਾਕਿਆ, ਮੈਂ ਕੁਚਲਾ ਖਾ ਕੇ ਆਪਣੀ ਹੋਂਦ ਖਤਮ ਕਰ ਦੇਵਾਂਗਾ।
ਹਾਂ, ਯਾਦਾਸ਼ਤ ਬਾਰੇ। ਮੈਂ ਅੱਜ ਕੱਲ੍ਹ ਬੜਾ ਭੁਲੱਕੜ ਹੋ ਗਿਆ ਹਾਂ। (ਸ਼ਾਇਦ ਮੇਰੇ ਮਰਹੂਮ ਹਮਨਵਾ/ਹਮਪਿਆਲਾ ਦਲਬੀਰ ਨੇ ਵੀ ਭੁਲੱਕੜ ਹੋਣ ਬਾਰੇ ਕੁੱਝ ਲਿਖਿਆ ਸੀ ਕਿਸੇ ਵੇਲੇ)। ਮੈਂ ਮੇਰੇ ਆਸ ਪਾਸ ਵਿਚਰਦੇ ਸਹਿਕਰਮੀਆਂ ਦੇ ਨਾਂਅ ਭੁੱਲ ਜਾਂਦਾ ਹਾਂ। ਦਫਤਰ ਵਿਚ ਮੈਂ ਕਿਸੇ ਕਲਰਕ ਤੱਕ ਕੰਮ ਪੈਣ ਉਤੇ ਉਸ ਨੂੰ ਪੁੱਛਦਾ ਹਾਂ, ‘ਹਾਂ, ਤੇਰਾ ਨਾਂਅ ਕੀ ਹੈ?’। ਘਰ ਵਿੱਚ ਮੈਂ ਭੁੱਲ ਜਾਂਦਾ ਹਾਂ ਕਿ ਕਿਹੜੀ ਗੱਲ ਮੈਂ ਪਤਨੀ ਨੂੰ ਕਹਿ ਚੁੱਕਿਆ ਹਾਂ, ਕਿਹੜੀ ਨਹੀਂ। ਅਗਲੇ ਪੈਰੇ ਵਿਚ ਮੈਂ ਸਿਰੇ ਦੀ ਗੱਲ ਕਰਨ ਜਾ ਰਿਹਾ ਹਾਂ।
ਦੋ-ਤਿੰਨ ਮਹੀਨਿਆਂ ਦੀ ਗਲ ਹੈ। ਮੈਂ ਘਰੋਂ ਸੁਖਨਾ ਝੀਲ ਉਤੇ ਸੈਰ ਕਰਨ ਲਈ ਨਿੱਕਲ ਪਿਆ ਸਵੇਰੇ-ਸਵੇਰੇ। ਸੈਰ ਕੀਤੀ ਤੇ ਵਾਪਸ ਘਰ ਨੂੰ ਤੁਰ ਪਿਆ। ਪੰਜਾਬ ਦੇ ਰਾਜਪਾਲ ਦੀ ਝੁੰਬੀ ਅੱਗੇ ਆ ਕੇ ਨਾ ਸਿਰਫ ਇਹ ਭੁੱਲ ਗਿਆ ਕਿ ਮੈਂ ਕਿੱਥੇ ਜਾਣਾ ਹੈ, ਸਗੋਂ ਇਹ ਵੀ ਭੁੱਲ ਗਿਆ ਕਿ ਮੈਂ ਕੌਣ ਹਾਂ! ਸੈਕਟਰ 7 ਅਤੇ 26 ਨੂੰ ਵੰਡਦੀ ਸੜਕ ਉਤੇ ਪੈ ਗਿਆ। ਬੇਸੁਧ, ਬੇਜ਼ਾਰ! ਮਨ ਦੀਆਂ ਅੱਖਾਂ ਮੀਚ ਕੇ ਤੁਰਦਾ ਰਿਹਾ ,ਤੁਰਦਾ ਰਿਹਾ, ਤੁਰਦਾ ਰਿਹਾ। ਸੈਕਟਰ 20-30 ਦੀਆਂ ਬੱਤੀਆਂ ਉਤੇ ਪਹੁੰਚ ਕੇ ਮੈਨੂੰ ਸੁਰਤ ਆ ਗਈ। ਮੈਂ ਆਪਣੇ ਆਪ ਨੂੰ ਕਿਹਾ: ‘ਇਹ ਤਾਂ 20-30 ਦੀਆਂ ਬੱਤੀਆਂ ਹਨ।‘ ਅੰਦਰੋਂ ਸਵਾਲ ਉੱਠਿਆ: ਤੂੰ ਕੌਣ ਹੈਂ? ਜਵਾਬ: ਗੁਰਮੇਲ ਸਰਾ। ਸਵਾਲ: ਤੂੰ ਤਾਂ ਸੈਕਟਰ 7 ਵਿੱਚ ਰਹਿੰਦਾ ਹੈਂ, ਇਥੇ ਕੀ ਕਰਦਾ ਫਿਰਦੈਂ? ਕਿਉਂ ਕਿ ਸਵੇਰ-ਸਵੇਰ ਦਾ ਵੇਲਾ ਸੀ, ਮੇਰੇ ਲੰਡੂ ਜਿਹਾ ਪਜ਼ਾਮਾ ਪਾਇਆ ਸੀ, ਮੇਰੀ ਦਿੱਖ ਕਿਸੇ ਭਿਖਾਰੀ ਵਰਗੀ ਸੀ। ਅੱਗੜ-ਪਿੱਛੜ ਤਿੰਨ ਰਿਕਸ਼ੇ ਵਾਲੇ ਰੋਕੇ ਕਿ ਮੈਨੂੰ 7 ਸੈਕਟਰ ਲੈ ਜਾਉ, ਸਾਲ਼ੇ ਤਿੰਨੇ ਕਹਿਣ: ਵੀਹ ਰੁਪਏ ਪਹਿਲਾਂ ਦੇ। ਆਖਿਰ ਚੌਥਾ ਰਿਕਸ਼ੇ ਵਾਲਾ ਬਜ਼ੁਰਗ ਮੈਨੂੰ ਘਰ ਪਹੁੰਚਾ ਕੇ ਪੈਸੇ ਲੈਣ ਲਈ ਮੰਨ ਗਿਆ।
(19.05.2010)

No comments:

Post a Comment