Monday, April 26, 2010

ਪਿੰਡ ਡਾਇਰੀ ਤੇ ਯਾਤਰਾਵਾਂ-1 ॥ਬਾਬੂ ਸਾਹਿਬ॥

॥ਬਾਬੂ ਸਾਹਿਬ॥

ਮੈਂ ਇਕ ਅਮੀਰ ਬਾਪ ਦੇ ਘਰ ਪੈਦਾ ਹੋਇਆ ਗਰੀਬ ਇਨਸਾਨ ਹਾਂ। ਮੇਰੇ ਪਿਓ ਕੋਲ ਜੱਦੀ 66 ਕਿੱਲੇ ਜ਼ਮੀਨ ਤੋਂ ਇਲਾਵਾ, ਪਿੰਡ ਦੇ ਅੱਜ ਕੱਲ੍ਹ ਮੋਹਤਬਰ ਕਹਾਉਂਦੇ ਜੱਟਾਂ ਦੀ 450 ਕਿੱਲੇ ਜ਼ਮੀਨ ਗਹਿਣੇ ਸੀ। ਮੇਰਾ ਬਾਬਾ ਤਾਂ ਛੋਟੀ ਉਮਰ ਵਿਚ ਹੀ ਚੱਲ ਵਸਿਆ ਸੀ, ਪਰ ਪੜਦਾਦਾ ਜਦੋਂ ਪੂਰਾ ਹੋਇਆ ਤਾਂ ਮੈਂ ਤਿੰਨ ਕੁ ਸਾਲ ਦਾ ਸਾਂ, ਮਤਲਬ 1960-61 ਦੀ ਗੱਲ ਹੈ। ਇਹ ਸਾਰੀ ਜ਼ਮੀਨ ਮੇਰੇ ਪੜਦਾਦੇ ਨੇ ਗਹਿਣੇ ਲਈ ਸੀ।
2. ਮੇਰਾ ਪੜਦਾਦਾ ਇਕ ਨਾਮੀ ਗ੍ਰਾਮੀ ਸੂਦਖੋਰ ਸੀ। ਉਹ ਨਿੱਕੀਆਂ-ਸੁੱਕੀਆਂ ਜਾਤਾਂ ਦੇ ਬੰਦਿਆਂ ਨੂੰ ਵਿਆਜ਼ ਉਤੇ ਪੈਸੇ ਦਿਆ ਕਰਦਾ ਸੀ, ਤੇ ਜੋ ਕੋਈ ਸਮੇਂ ਸਿਰ ਵਿਆਜ਼ ਨਾ ਮੋੜਦਾ, ਤਾਂ ਉਹ ਬੇਰਹਿਮ ਇਨਸਾਨ ਉਸ ਹੱਥੀ ਕੰਮ ਕਰਨ ਵਾਲੇ ਕਾਰੀਗਰ ਦੇ ਔਜਾਰ ਜ਼ਬਤ ਕਰ ਲੈਂਦਾ ਸੀ। ਉਸ ਵੱਲੋਂ ਕਿਸੇ ਮੋਚੀ ਦੇ ਜ਼ਬਤ ਕੀਤੇ ਹਥਿਆਰਾਂ ਵਿਚੋਂ ਇਕ, ਆਰ, ਨਾਲ ਮੈਂ ਹਾਈ ਸਕੂਲ ਵਿਚ ਕਿਤਾਬਾਂ ਵਿਚ ਮੋਰੀਆ ਕਰ ਕੇ ਜਿਲਦਾਂ ਬੰਨ੍ਹਿਆ ਕਰਦਾ ਸਾਂ। ਪਰ ਜਦੋਂ ਮੈਨੂੰ ਉਸ ਆਰ ਦੇ ਮੂਲ ਦਾ ਪਤਾ ਲੱਗਿਆ ਤਾਂ ਮੈਂ ਉਹ ਪਿੰਡ ਦੇ ਖੜ੍ਹੇ ਖੂਹ ਵਿਚ ਸੁੱਟ ਆਇਆ।
4. ਪਿੰਡ ਵਿਚ ਦੁਸ਼ਮਣੀ ਕਾਰਣ ਮੇਰੇ ਪਿਉ ਨੂੰ ਫੌਜ ਵਿਚ ਭਰਤੀ ਕਰਵਾ ਦਿੱਤਾ ਗਿਆ। ਮੇਰੇ ਚਾਚੇ ਦਾ ਵਿਆਹ ਹੋਇਆ ਸੀ, ਮੁਕਲਾਵਾ ਨਹੀਂ ਲਿਆਂਦਾ ਸੀ, ਕਿ ਉਸ ਦੀ ਮੌਤ ਹੋ ਗਈ। ਮੇਰੇ ਪਿਉ ਨਾਲ ਪਹਿਲਾਂ ਮੇਰੀ ਮਾਸੀ ਵਿਆਹੀ ਸੀ ਜੋ ਇਕ ਲੜਕੀ ਨੂੰ ਜਨਮ ਦੇ ਕੇ ਪੂਰੀ ਹੋ ਗਈ। ਉਸ ਦੀ ਥਾਂ ਮੇਰੇ ਨਾਨਕਿਆਂ ਨੇ ਮੇਰੀ ਮਾਂ ਤੋਰ ਦਿੱਤੀ ਸੀ। ਚਾਚੇ ਦੀ ਮੌਤ ਪਿੱਛੋਂ ਉਸ ਦੀ ਵਿਹਾਂਦੜ ਵੀ ਮੇਰੇ ਪਿਉ ਨਾਲ ਤੋਰ ਦਿੱਤੀ। ਇਸ ਤਰ੍ਹਾਂ ਤਿੰਨ ਮਾਂਵਾਂ ਦੇ ਅਸੀਂ ਦਸ ਪੁੱਤ ਧੀਆਂ ਹੋ ਗਏ।
5. ਇਸ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਮਿਲ ਕੇ ਫੌਜ ਦੇ ਅਧਿਕਾਰੀਆ ਕੋਲ ਗਈ ਤੇ ਬੇਨਤੀ ਕੀਤੀ ਕਿ ਉਹ ਮੇਰੇ ਪਿਉ ਨੂੰ ਫਾਰਗ ਕਰ ਦੇਣ ਕਿਉਂ ਕਿ ਉਹ ਮਾਂ-ਬਾਪ ਦਾ ਇਕੋ-ਇਕ ਪੁੱਤਰ ਰਹਿ ਗਿਆ ਸੀ। ਪੰਚਾਇਤ ਦੀ ਬੇਨਤੀ ਮੰਨ ਲਈ ਗਈ ਅਤੇ ਬਾਪੂ ਪਿੰਡ ਵਾਪਸ ਆ ਗਿਆ। ਦੁਸ਼ਮਨੀਆਂ ਮੁੱਕ ਗਈਆ ਸਨ। ਪਰ ਵਾਪਸੀ ਪਿੱਛੋਂ ਮੇਰਾ ਬਾਪ ਬਾਬੂ ਸਿੰਘ ਨਾ ਰਹਿ ਕੇ, 'ਬਾਬੂ ਸਾਹਬ' ਬਣ ਗਿਆ।
6. ਬਾਬੂ ਸਾਹਬ ਨੇ ਦਾਰੂ ਪੀਣ ਨਾਲੋਂ ਪਿਆਉਣ ਦੀ ਵੱਧ ਧੁੱਕੀ ਕੱਢ ਦਿੱਤੀ। 1967 ਜਾ 1968 ਦੀ ਗੱਲ ਹੈ, ਸੰਗਤਰਾ ਮਾਰਕਾ ਦੇਸੀ ਸ਼ਰਾਬ ਦੀ ਬੋਤਲ 8 ਰੁਪਏ ਦੀ ਆਉਂਦੀ ਸੀ, ਉਸ ਦਿਨ ਮੈਂ ਆਪਣੇ ਹੱਥੀਂ 23 ਬੋਤਲਾਂ ਠੇਕੇ ਤੋਂ ਲਿਆਂਦੀਆਂ। 23 ਗੁਣਾ 8 =184 ਰੁਪਏ ਦੀ ਸ਼ਰਾਬ, 1967 ਵਿਚ! ਜੇ ਮੰਨ ਲਿਆ ਜਾਵੇ ਕਿ ਇਕ ਜਣੇ ਨੇ ਇਕ ਬੋਤਲ ਵੀ ਪੀਤੀ ਹੋਵੇ ਤਾਂ ਉਸ ਦਿਨ 22 ਕੁੱਤੇ ਮੇਰੇ ਪਿਉ ਦੇ ਸਿਰੋਂ ਸ਼ਰਾਬ ਪੀ ਕੇ ਗਏ। ਜਦੋਂ ਮੇਰਾ ਪਿਉ ਕੁੱਝ ਜ਼ਿਆਦਾ ਪੀ ਕੇ ਲਲਕਾਰਾ ਮਾਰਿਆ ਕਰਦਾ ਸੀ, "ਮੈਂ ਸ਼ਹਿਨਸ਼ਾਹ ਹਾਂ, ਉਇ ਲੋਕੋ, ਸ਼ਹਿਨਸ਼ਾਹ" ਤਾਂ ਸਾਰੇ ਪਿੰਡ ਵਿਚ ਇਹ ਲਲਕਾਰਾ ਸੁਣਿਆ ਜਾਂਦਾ ਸੀ।
7. ਮੁੱਢ 70ਵਿਆਂ ਵਿਚ ਸਿੱਕੇ ਦਾ ਪਸਾਰ ਅਚਾਨਕ ਵਧਣ ਨਾਲ ਲੋਕੀਂ ਧੜਾ-ਧੜ ਆਪਣੀ ਗਹਿਣੇ ਪਈ ਜ਼ਮੀਨ ਛੁਡਵਾ ਕੇ ਲੈ ਗਏ. (ਇਕ ਜੱਟ ਦੀ ਪਾਣੀ ਲਗਦੀ 8 ਕਿੱਲੇ ਜ਼ਮੀਨ ਸਿਰਫ 1000 ਰੁਪਏ ਵਿਚ ਗਹਿਣੇ ਪਈ ਸੀ।) 450 ਕਿੱਲੇ ਜ਼ਮੀਨ ਮੇਰੇ ਪਿਉ ਨੇ ਕੁੱਝ ਆਪ ਪੀ ਲਈ, ਤੇ ਬਾਕੀ ਪਿੰਡ ਦੇ ਉਨ੍ਹਾਂ ਚਾਪਲੂਸਾਂ ਨੂੰ ਪਿਆ ਦਿੱਤੀ ਜੋ ਉਸ ਨੂੰ 'ਬਾਬੂ ਸਾਹਬ' ਕਹਿੰਦੇ ਸਨ! ਉਨ੍ਹਾਂ ਦਿਨਾਂ ਵਿਚ ਜਿਸ ਕੁੱਤੇ ਨੂੰ ਵੀ ਪੁੱਛਿਆ ਜਾਂਦਾ ਕਿ ਕਿਧਰ ਜਾ ਰਿਹੈਂ, ਜਵਾਬ ਮਿਲਦਾ: ਬਾਬੂ ਸਾਹਬ ਨੂੰ ਮਿਲਣ!
8. ਜਦੋਂ ਮੈਂ ਕਾਲਜ ਵਿਚ ਦਾਖਲ ਹੋਇਆ ਤਾਂ ਮੇਰੇ ਕੋਲ ਇਕ ਪੈਂਟ ਤੇ ਇਕ ਕਮੀਜ਼ ਹੁੰਦੀ ਸੀ (ਨਾ ਉਸ ਡੱਬੀਦਾਰ ਕਮੀਜ਼ ਦਾ ਰੰਗ ਤੇ ਡਿਜ਼ਾਈਨ ਭੁਲਦਾ ਹੈ, ਨਾ ਉਸ ਕਾਲੀ ਪੈਂਟ ਦੀ ਮੂਹਰੀ!) ਸਾਰਾ ਸਾਲ ਭਰ ਮੈਂ ਉਹੀ ਪੈਂਟ-ਕਮੀਜ਼ ਪਾ ਕੇ ਕਾਲਜ ਜਾਂਦਾ, ਰਾਤ ਨੂੰ ਪਿੰਡ ਆ ਕੇ ਦੋਵੇਂ ਕਪੜੇ ਧੋਂਦਾ ਤੇ ਸਵੇਰ ਤੱਕ ਸੁੱਕ ਜਾਂਦੇ.
(ਅਗਲੀਆਂ ਕਿਸ਼ਤਾਂ ਵਿਚ ਮੈਂ ਹੋਰ ਵੀ ਬਹੁਤ ਸਾਰੇ ਖਰੀਂਢ ਖੁਰਚਾਂਗਾ)

7 comments:

  1. ਤੁਹਾਡੀ ਆਟੋਬਾਇਓਗ੍ਰਾਫੀ ਦਾ ਪਹਿਲਾ ਪੰਨਾ ਹੀ ਕਮਾਲ ਦਾ ਹੈ.. ਬਾਕੀ ਪੰਨਿਆਂ ਦੀ ਬੇਸਬਰੀ ਨਾਲ ਉਡੀਕ ਹੈ.. ਸ਼ੁਕਰੀਆ ਆਪਣਾ ਜੀਵਨ ਸਾਡੇ ਨਾਲ ਸਾਂਝਾ ਕਰਨ ਲਈ..

    ReplyDelete
  2. ਸੁਖ, ਤੂੰ ਤਾਂ ਯਾਰ ਡਾਕੂ ਹੈਂ ਕੋਈ! ਐਹੋ ਜਿਹੀਆਂ ਕਰਦਾ ਹੈਂ ਜਿਹੋ ਜਿਹੀਆ ਦਿਲ ਲੁੱਟਣ ਵਾਲੇ ਕਰਿਆ ਕਰਦੇ ਨੇ.

    ReplyDelete
  3. ਜੀ ਹਾਂ ਗੁਰਮੇਲ ਜੀ.. ਤੁਸੀਂ ਖੂਬ ਪਹਿਚਾਣਿਆ.. ਤਬੀਅਤ ਤਾਂ ਕੁਝ ਇਸ ਤਰਾਂ ਦੀ ਹੈ.. ਕੋਈ ਚੰਗੀ ਕਿਤਾਬ ਦੇਖ ਲਵਾਂ, ਜੇ ਨਾ ਮਿਲੇ ਤਾਂ ਉਹ ਲੁੱਟਣ ਨੂੰ ਦਿਲ ਕਰਦਾ ਹੈ.. ਕਿਸੇ ਨੂੰ ਕੋਈ ਗੱਲ ਪੁੱਛਣੀ ਹੋਵੇ ਤਾਂ ਬੰਦੇ ਦੇ ਖਹਿੜੇ ਪੈ ਜਾਨਾ, ਜਿੰਨੀ ਦੇਰ ਦੱਸੇ ਨਾ ਤਾਂ ਤੰਗ ਕਰ ਛੱਡਦਾਂ.. ਚਾਹੇ ਅਗਲਾ ਦੋ ਚਾਰ ਗ੍ਹਾਲਾਂ ਵੀ ਕਿਉਂ ਨਾ ਕੱਢ ਲਵੇ.. ਹਾ ਹਾ.. ਪਰ ਮੈਂ ਹੈਰਾਨ ਹਾਂ ਕਿ ਤੁਸੀਂ ਕਿੱਥੇ ਲੁਕੇ ਰਹਿ ਗਏ.. ਧੰਨਵਾਦ ਫੇਸਬੁੱਕ ਦਾ.. ਤੇ ਉਸਤੋਂ ਵੱਧ ਧੰਨਵਾਦ ਜੱਜ, ਸਰਤਾਜ ਝਗੜੇ ਦਾ ਜੋ ਤੁਹਾਡੇ ਦਰਸ਼ਨਾ ਲਈ ਮਾਧਿਅਮ ਬਣੇ.. ਜੱਜ ਸਾਬ ਨੇ ਤਾਂ ਭਾਵੇ ਮੈਨੂੰ ਆਪਣੇ ਅਕਾਊਂਟ ਵਿੱਚੋਂ ਕੱਢ ਦਿੱਤਾ ਪਰ ਏਸ ਸਬੱਬੀਂ ਤੁਹਾਡੇ ਨਾਲ ਮੁਲਾਕਾਤ ਹੋ ਗਈ..

    ReplyDelete
  4. This comment has been removed by the author.

    ReplyDelete
  5. This comment has been removed by the author.

    ReplyDelete
  6. ਮੈਨੂੰ ਹਮਦਰਦੀ ਹੈ ਹਮਦਰਦ ਨਾਲ.. ਹਾ ਹਾ.. ਮੈਂ ਕਿਤੇ ਗਲਤ ਅੰਦਾਜ਼ਾ ਤਾਂ ਨਹੀਂ ਲਾ ਗਿਆ..??

    ReplyDelete