Tuesday, June 15, 2010

ਮੇਰੀਆਂ ਉਂਗਲਾਂ ਮੇਰਾ ਸਾਥ ਨਹੀਂ ਦੇ ਰਹੀਆਂ, ਵਰਨਾ ਖ਼ਿਆਲ ਤਾਂ ਕਤਾਰ ਵਿੱਚ ਆ ਕੇ ਖਲੋਤੇ ਹੋਏ ਨੇ!

Tuesday, June 8, 2010

ਚੰਡੀਗੜ੍ਹ ਦੀ ਮੌਤ!

ਚੰਡੀਗੜ੍ਹ ਦੀ ਮੌਤ!
ਚੰਡੀਗੜ੍ਹ ਕਦੇ ਜਨਮਿਆ ਹੀ ਨਹੀਂ, ਪਰ ਕਦੇ ਮਰਿਆ ਵੀ ਨਹੀਂ।ਕਬਰਾਂ ‘ਚੋਂ ਉੱਠ ਕੇ ਮੇਰੀ ਜ਼ਿੰਦਗੀ ਵਿੱਚ ਕਦੇ ਆ ਧੜਕਦਾ ਹੈ, ਕਦੇ ਪੰਖ ਫੜਫੜਾਉਂਦਾ, ਸਹਿਕਦਾ, ਮੁੜ ਮਰ ਜਾਂਦਾ ਹੈ।
21 ਸੈਕਟਰ ਦੀ 345 ਨੰਬਰ ਕੋਠੀ ਨੇ ਮੈਂਨੂੰ ਪਿਛਲੇ ਅਵਤਾਰ ਵੇਲੇ ਸੱਦਿਆ ਸੀ, ਅਵਤਾਰ ਸਿੰਘ ਮਲਹੋਤਰਾ ਦੇ ਜ਼ਮਾਨੇ ਵਿੱਚ। ਬੱਸ ਅੱਡੇ ਦੇ ਸਾਹਮਣੇ ‘ਖਾਨਦਾਨੀ ਵੈਦ’ ਹਰਭਜਨ ਸਿੰਘ ਯੋਗੀ ਦੇ ‘ਖਾਨਦਾਨੀ’ ਦਵਾਖਾਨੇ ਦੇ ਬੋਰਡ ਦੇ ਵੀ ਦਰਸ਼ਨ ਹੋਏ। ਪਾਰਟੀ ਦਾ ਕੋਈ ‘ਸਕੂਲ’ ਸੀ। ਸਕੂਲ ਦੌਰਾਨ ਬੜੇ ਮਾਸਟਰਾਂ ਨੇ ਭਾਸ਼ਣ ਦਿੱਤੇ।ਮੇਰੇ ਮਹਿਬੂਬ ਕਵੀ ਮਦਨ ਲਾਲ ਦੀਦੀ, ਸ਼ੀਲਾ ਦੇ ਸੁ-ਪਤੀ ਤੇ ਪੂਨਮ ਦੇ ਸੁ-ਬਾਪ ਵੀ ਉਨ੍ਹਾਂ ਵਿੱਚ ਸ਼ਾਮਲ ਸਨ। ਉਸ ਸਕੂਲ ਵਿੱਚ ਸ਼ਾਇਦ ਪੂਨਮ ਤੇ ਉਸ ਦੀ ਭੈਣ ਵੀ ਸ਼ਾਮਲ ਸਨ।
ਸੈਕਟਰ ਇੱਕੀ-ਬਾਈ-ਸਤਾਰਾਂ-ਅਠਾਰਾਂ ਵਾਲੇ ਚੌਕ ‘ਤੇ ਇੱਕ ਢਲਾਣ ਜਿਹੀ ਉੱਤਰ ਕੇ ਅਸੀਂ ਆਇਆ ਕਰਦੇ ਸਾਂ।ਉੱਥੇ ਇੱਕ ਖੁੱਲ੍ਹੇ ਮੈਦਾਨ ਵਿਚ ਸਰਕਸ ਲੱਗੀ ਹੋਈ ਸੀ।ਇੱਕ ਦਿਨ ਸਰਕਸ ਦੇਖਣ ਨੂੰ ਦਿਲ਼ ਕਰ ਆਇਆ।ਮੈਂ ਟਿਕਟ ਲੈਣ ਲਈ ਕਤਾਰ ਵਿੱਚ ਖੜ੍ਹਾ ਸਾਂ ਕਿ ਕਿਸੇ ਬੰਦੇ ਨੇ ਮੇਰੇ ਮੋਢੇ ‘ਤੇ ਹੱਥ ਮਾਰ ਕੇ ਕਿਹਾ: ‘ਗੁਰਮੇਲ ਤੂੰ ਕਿਵੇਂ?’ ਬਹਿਮਣ ਦੀਵਾਨਾ ਪਿੰਡ ਦਾ ਝੋਟੇ-ਸਿਰਾ ਬਲਦੇਵ ਸੀ ਉਹ।ਮੈਂਨੂੰ ਕਹਿੰਦਾ : ‘ਆ ਤੈਨੂੰ ਸਰਕਸ ਦਿਖਾਵਾਂ। ਮੈਂ ਇਸ ਦਾ ਮੈਨੇਜਰ ਹਾਂ!’ ਜਿੰਨੇ ਦਿਨ ਮੈਂ ਚੰਡੀਗੜ੍ਹ ਰਿਹਾ, ਰੋਜ਼ ਰਾਤੀਂ ਆਪਣੇ ਨਾਲ ਦੋ-ਚਹੁੰ ‘ਕਾਮਰੇਡਾਂ’ ਨੂੰ ਲੈ ਕੇ ਮੁਫਤ ਵਿਚ ਸਰਕਸ ਦੇਖਦਾ ਰਿਹਾ।
ਸ਼ਹਿਰ ਨਾਲ ਐਸੀ ਚੁੰਬਕੀ ਸਾਂਝ ਪਈ ਕਿ ਇੱਥੋਂ ਅੱਜ ਤੱਕ ਕਦੇ ਜਾਣ ਦੀ ਇੱਛਾ ਜਾਗਰਿਤ ਨਹੀਂ ਹੋਈ।
ਇੱਕ ਤਖਾਣੀ ਨਾਲ ਪਿਆਰ ਪਾ ਬੈਠਾ, ਵਿਆਹ ਕਰਵਾ ਲਿਆ, ਨਿਭੀ ਨਹੀਂ, ਉਹ ਮੈਂਨੂੰ ਛੱਡ ਕੇ ਚਲੀ ਗਈ, ਨਾਲੇ ਦੋ ਜੁਆਕ ਵੀ ਲੈ ਗਈ। ਚੰਡੀਗੜ੍ਹ ਮਾਰ ਗਈ ਮੇਰਾ।
ਜਦੋਂ ਤੱਕ ਉਸ ਤਖਾਣੀ ਤੇ ਸਾਂਝੇ ਬੱਚਿਆਂ ਨਾਲ ਪਿਆਰ ਸੀ, ਮੇਰੀ ਕਿਸੇ ਹੋਰ ਸ਼ਹਿਰ ਵਿੱਚ ਬਦਲੀ ਹੋਣ ‘ਤੇ ਮੈਂ ਚੀਕਣ-ਕੁਰਲਾਉਣ ਲੱਗ ਪੈਂਦਾ ਸਾਂ।ਕੁਰਲਾਉਂਦੇ ਬੱਚੇ ਦੀ ਸੁਣਵਾਈ ਹੁੰਦੀ ਰਹਿੰਦੀ ਸੀ। ਚੰਡੀਗੜ੍ਹ ਜਿਉਂਦਾ ਹੋ ਜਾਂਦਾ ਸੀ।
ਦਿੱਲੀ ਮੰਤਰਾਲੇ ਵਿਚ ਇਕ ਸੈਕਸ਼ਨ ਆਫੀਸਰ ਹੈ, ਜਿਸ ਦੀ ਸੀਟ ਦਾ ਸੰਬੰਧ ਮੇਰੀ ਸਰਵਿਸ ਦੇ ਅਫਸਰਾਂ ਦੀਆਂ ਬਦਲੀਆਂ/ਤਰੱਕੀਆਂ ਆਦਿ ਨਾਲ ਹੈ। ਮੇਰੀ ਆਖਰੀ ਤਰੱਕੀ ਵੇਲੇ ਜਦੋਂ ਜਲੰਧਰ ਵਿੱਚ ਕੋਈ ਆਸਾਮੀ ਨਾ ਮਿਲੀ ਤਾਂ ਉਸ ਨੇ ਮੇਰੀ ਚੰਡੀਗੜ੍ਹ ਦੀ ਬਦਲੀ ਕਰ ਦਿੱਤੀ। ਮੌਲਾ ਉਸ ਦੀਆਂ ਸੱਤ ਪੁਸ਼ਤਾਂ ਨੂੰ ਰਹਿਮਤ ਬਖਸ਼ੇ! ਉਹ ਸਮਝਦਾ ਸੀ ਕਿ ਮੇਰਾ ਸ਼ਾਇਦ ਚੰਡੀਗੜ੍ਹ ਵਿੱਚ ਅਜੇ ਵੀ ਕੋਈ ਇਨਟ੍ਰਸਟ ਸੀ।
ਚੰਡੀਗੜ੍ਹ ਦੀ ਅੱਧੀ ਮੌਤ ਉਦੋਂ ਹੋਈ ਜਦੋਂ ਆਵਾ ਨੇ ਮੇਰੇ ਨਾਲੋਂ ਨਾਤਾ ਤੋੜ ਲਿਆ। ਇਸ ਦੀ ਮੌਤ ਉਦੋਂ ਪੌਣੀ ਹੋ ਗਈ ਜਦੋਂ ਦਲਬੀਰ ਚੱਲ ਵਸਿਆ। ਇਸ ਦੀ ਮੌਤ ਉਦੋਂ ਮੁਕੰਮਲ ਹੋ ਗਈ ਜਦੋਂ ਮੇਰਾ ਯਾਰ ਬਖ਼ਸ਼ਿੰਦਰ ਇੱਥੋਂ ਰਿਟਾਇਰ ਹੋ ਕੇ ਜਲੰਧਰ ਜਾ ਪਹੁੰਚਿਆ।
ਧਾਰ ਮਾਰਨੀ ਹੈ ਐਹੋ ਜਿਹੇ ਚੰਡੀਗੜ੍ਹ ‘ਤੇ ਜਿੱਥੇ ਕੋਈ ਯਾਰ ਨਹੀਂ ਵਸਦਾ?

Monday, June 7, 2010

ਹਰੇ ਰਾਮਾ! ਹਰੇ ਕ੍ਰਿਸ਼ਨਾ!

ਹਰੇ ਰਾਮਾ! ਹਰੇ ਕ੍ਰਿਸ਼ਨਾ!
ਸ਼ੁਦਾਈ ਨੂੰ ਸ਼ੁਦਾਈ ਮਿਲੇ, ਕਰ ਕਰ ਲੰਮੇ ਹਾਥ।ਰਾਜਪੁਰੇ ਦਾ ਇੱਕ ਸ਼ੁਦਾਈ ਮਿਲਿਆ ਸੀ ਬਹੁਤ ਸਾਲ ਪਹਿਲਾਂ।ਇੱਕ ਨੰਬਰ ਦਾ ਪਾਖੰਡੀ! ਪਾਖੰਡ ਕਰਦਾ-ਕਰਦਾ ਮੈਂਨੂੰ 20 ਸੈਕਟਰ ਦੇ ਗੌੜੀਆ ਮਠ ਵਿੱਚ ਲੈ ਗਿਆ ਜਿੱਥੇ ਉਸ ਪੰਥ ਦੇ ਮਹਾ-ਅਚਾਰੀਆ ਦਾ ਪ੍ਰਵਚਨ ਸੀ।ਆਪਣੀ ਟੌਹਰ ਬਣਾਉਣ ਲਈ ਉਸ ਪਾਖੰਡੀ ਨੇ ਉਥੋਂ ਦੇ ਪੁਜਾਰੀਆਂ ਨਾਲ ਮੇਰੀ ਜਾਣ ਪਛਾਣ ਕਰਵਾਈ। ਪ੍ਰਵਚਨ ਬਹੁਤ ਸ਼ਾਨਦਾਰ ਸੀ; ਆਨੰਦ ਆ ਗਿਆ। ਪਰ ਪ੍ਰਵਚਨ ਚਲਦੇ-ਚਲਦੇ ਨ੍ਹੇਰਾ ਕਾਫੀ ਹੋ ਗਿਆ ਸੀ, ਅਸਾਂ ਨੂੰ ਤਲਬ ਲੱਗ ਆਈ। ਪਾਖੰਡੀ ਨੂੰ ਕਿਹਾ ਕਿ ਮੈਂ ਜਾਂਦਾ ਹਾਂ, ਤਲਬ ਲੱਗ ਗਈ ਹੈ। ਉਸ ਨੂੰ ਮੇਰੀ ਤਲਬ ਦਾ ਪਤਾ ਸੀ, ਪਰ ਫਿਰ ਵੀ ਉਸ ਨੇ ਮੇਰੀ ਜਾਂਦੇ ਦੀ ਇਕ ਵੇਰ ਫੇਰ ਪੁਜਾਰੀਆਂ ਨਾਲ ਜਾਣ-ਪਛਾਣ ਕਰਵਾਈ, ਆਪਣੀ ਟੌਹਰ ਵਿੱਚ ਹੋਰ ਵਾਧਾ ਕਰਨ ਲਈ।
....
ਮੈਂ ਤੇ ਮੇਰਾ ਸਹਿਕਰਮੀ ਮਿੱਤਰ, ਜੇ ਐਸ ਭੁੱਲਰ 17 ਸੈਕਟਰ ਵਿਚ ਟਹਿਲ-ਮਸਤੀ ਕਰ ਰਹੇ ਸਾਂ।ਆਪਸ ਵਿੱਚ ਗੱਲਾਂ ਕਰ ਰਹੇ ਸਾਂ- ਪਰ ਮੈਂ ਨੀਂਵੀਂ ਪਾਈ ਜਾਂਦਾ ਸਾਂ, ਭੁੱਲਰ ਸਾਹਬ ਸਿੱਧਾ ਤੁਰ ਰਹੇ ਸਨ। ਅਚਾਨਕ ਮੈਂ ਕਿਹਾ: ‘ਭੁੱਲਰ ਸਾਹਬ! ਮੋਰ-ਪੰਖ ਦੀ ਯਾਦ ਆ ਗਈ ਹੈ, ਕਿੱਥੋਂ ਮਿਲ ਸਕਦਾ ਹੈ?’ ਭੁੱਲਰ ਸਾਹਬ ਕਹਿੰਦੇ : ਅਹੁ ਸਾਹਮਣੇ ਆ ਰਿਹਾ ਹੈ ਮੋਰ-ਪੰਖ ਵੇਚਣ ਵਾਲਾ! ਇੱਕ ਪੰਖ ਚਾਰ ਰੁਪਏ ਦਾ, ਸਾਰਾ ਗੁੱਛਾ 40 ਦਾ। ਮੈਂ ਗੁੱਛਾ ਹੀ ਖਰੀਦ ਲਿਆ। ਸੋਚਿਆ: ਮਨਾਂ, ਇੱਕ ਪੰਖ ਦੀ ਤਾਂਘ ਕੀਤੀ ਸੀ, ਗੁੱਛਾ ਮਿਲ ਗਿਆ।
....
ਇਹ ਵਾਕਿਆ ਉਨ੍ਹਾਂ ਦਿਨਾਂ ਦਾ ਹੈ ਜਦੋਂ ਮੈਂ ਇਥੇ ਇਕੱਲਾ ਹੋ ਗਿਆ ਸਾਂ। ਕੋਈ ਦਫਤਰੀ ਕਾਨਫਰੰਸ ਜਿਹੀ ਚੱਲ ਰਹੀ ਸੀ ਕਿ ਮੈਂ ਮਹਿਸੂਸ ਕੀਤਾ ਕਿ ਮੇਰੀ ਖੱਬੀ ਲੱਤ ਵਿੱਚ- ਜਿਸ ਨੂੰ ਕਾਫੀ ਸਾਲ ਪਹਿਲਾਂ ਤੁੜਵਾ ਕੇ ਕਿੱਲ ਪੱਤੀਆਂ ਪੁਆਈਆਂ ਹੋਈਆਂ ਨੇ- ਮੁਰਗੀ ਦੇ ਅੰਡੇ ਦੇ ਆਕਾਰ ਦਾ ਗਮ੍ਹੋੜਾ ਹੋ ਗਿਆ ਹੈ।ਮੈਂ ਮੀਟਿੰਗ ਵਿੱੋਚੇ ਛੱਡ ਕੇ ਉੱਠ ਆਇਆ, ਸਕੂਟਰ ਚੁੱਕਿਆ ਤੇ 18 ਸੈਕਟਰ ਦੀ 4 ਨੰਬਰ ਕੋਠੀ ਵਿਚ ਹੱਡੀਆਂ ਦੇ ਮਾਹਰ, ਡਾ. ਅੱਗਰਵਾਲ ਕੋਲ ਜਾ ਪੁੱਜਿਆ। ਉਹ ਬੁਢਲਾਡੇ ਦਾ ਹੈ, ਮੈਂਨੂੰ ਜਾਣਦਾ ਸੀ। ਮੈਂ ਜਾਂਦਾ ਹੀ ਬੋਲਿਆ: ਅੱਗਰਵਾਲ ਸਾਹਬ, ਕੀ ਹੋਇਆ? “ਹੋਣਾ ਕੀ ਸੀ, ਤੇਰੇ ਸਰੀਰ ਨੂੰ ਇਨ੍ਹਾਂ ਕਿੱਲ-ਪੱਤੀਆਂ ਦੀ ਲੋੜ ਨਹੀਂ ਰਹੀ, ਸਰੀਰ ਇਨ੍ਹਾਂ ਨੂੰ ਬਾਹਰ ਧੱਕ ਰਿਹਾ ਹੈ!” ਇਲਾਜ? –ਓਪਰੇਸ਼ਨ।ਖਰਚ? 12 ਹਜ਼ਾਰ।ਮੈਂ ਘਾਬਰ ਗਿਆ। ਦਫਤਰ ਡਰਾਇਵਰ ਨੂੰ ਫੋਨ ਕਰ ਕੇ ਗੱਡੀ ਮੰਗਵਾਈ, ਕਿਹਾ ਕਿ ਐਸ ਥਾਂ ਆ ਜਾ। ਉਸ ਦੇ ਆਉਣ ‘ਤੇ ਮੈਂ ਕਿਹਾ ਕਿ ਮੈਂ ਸਕੂਟਰ ‘ਤੇ ਚਲਦਾਂ, ਤੂੰ ਗੱਡੀ ਪਿੱਛੇ-ਪਿੱਛੇ ਲਿਆ, ਜੇ ਮੈਂ ਰਸਤੇ ‘ਚ ਡਿੱਗ ਪਿਆ ਤਾਂ ਮੈਂਨੂੰ ਕਿਸੇ ਹਸਪਤਾਲ ਪਹੁੰਚਾਅ ਦੇਈਂ।
ਘਰੇ ਪਹੁੰਚ ਕੇ ਆਪਾਂ ਇੱਕ ਹੱਥ ਨਾਲ ਪੀਣੀ ਸ਼ੁਰੂ ਕਰ ਦਿੱਤੀ, ਦੂਜੇ ਨਾਲ ਫੋਨ ਖੜਕਾਉਣੇ ਸਕੇ-ਸਨਬੰਧੀਆਂ ਨੂੰ ਕਿ ਮੇਰਾ ਅਪਰੇਸ਼ਨ ਹੋਣਾ ਹੈ। ਬੋਤਲ ਨੂੰ ਥੱਲੇ ਲਾ ਕੇ ਤੁਹਾਡੇ ਖ਼ਿਦਮਤਗਾਰ ਨੂੰ ਨੀਂਦ ਆਉਣ ਲੱਗੀ, ਪਰ ਸੌਣ ਤੋਂ ਪਹਿਲਾਂ ਅਰਦਾਸ ਕੀਤੀ ਕਿ ਹੇ ਕ੍ਰਿਸ਼ਨ ਮਹਾਰਾਜ, ਇਹ ਜੋ ਕੁੱਝ ਵੀ ਹੈ, ਇਹ ਮੈਂ ਤੈਂਨੂੰ ਪ੍ਰਸਾਦ ਦੇ ਰੂਪ ਵਿਚ ਭੇਂਟ ਕਰ ਰਿਹਾ ਹਾਂ, ਸਵੀਕਾਰ ਕਰਨਾ।
ਸਵੇਰੇ ਜਦ ਉੱਠਿਆ, ਤਾਂ ਪ੍ਰਸਾਦ ਸਵੀਕਾਰ ਹੋ ਚੁੱਕਿਆ ਸੀ!

Saturday, June 5, 2010

Saturday Musings: A Deaf Old Man

       ਬੋਲ਼ਾ ਬੁੱਢਾ
ਮੈਂਨੂੰ ਇਸ ਕਾਲਮ ਨੂੰ ਮਿਊਜ਼ਿੰਗਜ ਲਿਖਦੇ ਨੂੰ ਸ਼ਰਮ ਆ ਰਹੀ ਹੈ ਅੱਜ। ਇਹ ਇੱਕ ਅਤਿ ਦੁਖਦ ਬਿਰਤਾਂਤ ਹੈ ਇਕ ਬਜ਼ੁਰਗ ਬਾਰੇ ਜਿਹੜਾ ਅਤਿ ਦਾ ਸੰਵੇਦਨਸ਼ੀਲ ਇਨਸਾਨ ਹੈ।
ਸਾਡੇ ਘਰ ਦੇ ਨੇੜੇ ਜਿਹੜਾ ਪਾਰਕ ਹੈ, ਜਿਸ ਬਾਰੇ ਮੈਂ ਜੀਵਨ ਪਾੱਲ ਨੂੰ ਦੱਸ ਚੁੱਕਿਆਂ ਕਿ ਉਥੇ ਹਫਤੇ ਦੇ ਪਹਿਲੇ ਪੰਜ ਦਿਨ ਰਿਟਾਇਰ ਮੁਲਾਜ਼ਮ ਤਾਸ਼ ਖੇਡਦੇ ਹਨ ਅਤੇ ਵੀਕੈਂਡਾਂ ਉਤੇ ਸੇਵਾ ਕਰ ਰਹੇ ਮੁਲਾਜ਼ਮ ਵੀ ਉੱਥੇ ਆ ਜਾਂਦੇ ਹਨ। ਇਹ ਬੋਲ਼ਾ ਬਾਬਾ, ਅਮੂਮਨ ਖੇਡਦਾ ਨਹੀਂ ਸਿਰਫ ਦੇਖਦਾ ਹੈ, ਮੇਰੇ ਵਾਂਗ।ਪਰ ਜਦੋਂ ਕਦੇ ਚਾਰ ਖਿਡਾਰੀ ਨਾ ਹੋ ਸਕਣ, ਤਿੰਨ ਹੀ ਰਹਿ ਜਾਣ ਤਾਂ ਆਪਣੀ ਕੁਰਸੀ ਤੋਂ ਉੱਤਰ ਵੀ ਆਉਂਦਾ ਹੈ, ਖੇਡ ਤੋਰਨ ਲਈ!
ਗੱਲਾਂ-ਗੱਲਾਂ ‘ਚੋਂ ਪਤਾ ਲੱਗਿਆ ਹੈ ਕਿ ਉਸ ਦੇ ਦੋ ਪੁੱਤਰ ਹਨ, ਖ਼ੁਦ ਸੇਵਾਮੁਕਤ ਹੈ। ਇੱਥੇ 7 ਸੈਕਟਰ ਵਿੱਚ ਸਰਕਾਰੀ ਕਲੋਨੀ ਵਿੱਚ ਇਸ ਦਾ ਪਰਿਵਾਰ ਕਾਨੂੰਨੀ ਤੌਰ ‘ਤੇ ‘ਸ਼ੇਅਰਿੰਗ ਦੇ ਆਧਾਰ ‘ਤੇ’ ਰਹਿ ਰਿਹਾ ਹੈ, ਪਰ ਇਸ ਦਾ ਨੇੜੇ-ਤੇੜੇ ਕੋਈ ਆਪਣਾ ਮਕਾਨ ਵੀ ਹੈ, ਜਿਸ ਦੀ ਕੀਮਤ ਇੱਕ ਕਰੋੜ ਰੁਪਏ ਹੈ।
ਛੋਟਾ ਪੁੱਤਰ ਦਿਮਾਗੀ ਤੌਰ ‘ਤੇ, ਸਮਾਜੀ ਤੌਰ ‘ਤੇ ਅਤੇ ਕਾਰੋਬਾਰੀ ਤੌਰ ‘ਤੇ ਊਣਾ ਹੈ।ਉਸ ਦਾ ਕਾਰੋਬਾਰ ਨਹੀਂ ਚੱਲ ਸਕਿਆ। ਇੱਕ ਐਤਵਾਰ ਨੂੰ ਮੈਂ ਜਦੋਂ ਆਪਣੀ ਕੁਰਸੀ ਲੈ ਕੇ ਪਾਰਕ ਪੁੱਜਿਆ ਤਾਂ ਬਾਬਾ ਇਕੱਲਾ ਹੀ ਬੈਠਾ ਸੀ।(ਉਸ ਨੂੰ ਸੁੰਨੇ ਕੰਨਾਂ ਦੀ ਤਲਾਸ਼ ਰਹਿੰਦੀ ਹੈ, ਸ਼ਾਇਦ ਇਸ ਲਈ ਕਿ ਉਸ ਦੇ ਆਪਣੇ ਕੰਨ ਉਸ ਨਾਲ ਧੋਖਾ ਕਰ ਚੁੱਕੇ ਹਨ)। ਬਾਬਾ ਬਹੁਤ ਬੋਲਿਆ। ਉਸ ਨੇ ਬੋਲ-ਬੋਲ ਕੇ ਮੈਂਨੂੰ ਰੁਆ ਹੀ ਛੱਡਿਆ।ਆਪਣੀ ਸਾਰੀ ਜੀਵਨ ਕਥਾ ਬਿਆਨ ਕਰ ਦਿੱਤੀ।ਅਖੇ ਕਿਸ ਤਰ੍ਹਾਂ ਮੈਂ ਨੌਕਰੀ ਕਰਦਾ ਸਾਂ, ਮੇਰਾ ਜੇ ਈ ਠੇਕੇਦਾਰਾਂ ਤੋਂ ਪੈਸਾ ਲੈ ਕੇ 'ਕੱਲਾ ਖਾ ਜਾਂਦਾ ਸੀ; ਸਾਹਬ ਨੂੰ ਵਿੱਚੋਂ ਧੇਲੀ ਨਹੀਂ ਦਿੰਦਾ ਸੀ। ਸਾਹਬ ਨੇ ਹੁਕਮ ਕੱਢ ਦਿੱਤਾ ਕਿ ਠੇਕੇਦਾਰਾਂ ਦੇ ਕਾਗਜ਼-ਪੱਤਰ ਅੱਗੇ ਤੋਂ ਤੂੰ ਫੜਿਆ ਕਰ; ਅਖੇ ਸਾਹਬ ਚਾਹੁੰਦਾ ਸੀ ਮੈਂਨੂੰ ਚਾਰ ਪੈਸੇ ਬਣ ਜਾਣ; ਅਖੇ ਜਦੋਂ ਪਹਿਲਾ ਠੇਕੇਦਾਰ ਆਪਣਾ ਟੈਂਡਰ ਲੈ ਕੇ ਆਇਆ ਤਾਂ ਮੈਂ ਫੜ ਲਿਆ- ਠੇਕੇਦਾਰ ਨੇ ਪੁੱਛਿਆ ਕਿ ਕਿੰਨੇ ਪੈਸੇ ਦਿਆਂ? ਅਖੇ ਮੈਂ ਕਿਹਾ- ਕਾਹਦੇ ਪੈਸੇ। ਟੈਂਡਰ ਮੈਂ ਸਾਹਬ ਕੋਲ ਪੇਸ਼ ਕਰ ਦਿੱਤਾ,ਉਸ ਨੇ ਪਾਸ ਕਰ ਦਿੱਤਾ ਤੇ ਬੋਲਿਆ ਕਿੰਨੇ ਪੈਸੇ ਲਏ? ਮੈਂ ਕਿਹਾ ਜੀ ਕਾਹਦੇ ਪੈਸੇ?
ਉਸੇ ਦਿਨ ਬਾਬੇ ਨੇ ਦੱਸਿਆ ਕਿ ‘ਮਾਰ੍ਹਾ ਛੋਟਾ ਛੋਰਾ ਪਾਗਲ ਹੋ ਗਿਆ ਸੈ। ਕਹਿਤਾ ਹੈ ਮਕਾਨ ਵੇਚ ਕੇ ਮੇਰਾ ਹਿੱਸਾ ਦੇ ਦੋ, ਮੈਂ ਕੋਈ ਕਾਰੋਬਾਰ ਕਰਨਾ ਚਾਹਤਾ ਹੂੰ! ਬੜਾ ਬੇਟਾ ਮਾਨਤਾ ਨਹੀਂ ਜਬ ਕਿ ਮਕਾਨ ਬਣਾਨੇ ਮੇਂ ਮੇਰੇ ਅਪਨੇ ਦਸ ਲਾਖ ਰੁਪਏ ਲਾਗੇ ਸੈਂ।“
ਬਾਬਾ ਤਾਸ਼ ਖੇਡਣ ਵਾਲਿਆਂ ਤੋਂ ਮੰਗ-ਮੰਗ ਕੇ ਸਾਰਾ ਦਿਨ ਬੀੜੀਆਂ ਪੀਂਦਾ ਰਹਿੰਦਾ ਹੈ। ਕੋਈ ਵੀ ਉਸ ਨੂੰ ਬੀੜੀਆਂ ਦੇਣ ਤੋਂ ਇਨਕਾਰ ਨਹੀਂ ਕਰਦਾ। ਸਾਰੇ ਉਸ ਦੀ ਜ਼ਿੰਦਗੀ ਦੇ ਫੋੜਿਆਂ ਦੇ ਵਾਕਫ ਹਨ!
ਮੈਂ ਨੇਮ ਨਾਲ ਉਸ ਨੂੰ ਉਸ ਦੀ ਪਸੰਦ ਦਾ ਬੀੜੀਆਂ ਦਾ ਭਰਿਆ ਬੰਡਲ ਦੇ ਆਉਂਦਾ ਹਾਂ।ਸੱਤ ਰੁਪਏ ਵਿਚ ਆਉਂਦੈ!

ਕੱਲ੍ਹ ਪਰਸੋਂ ਜਦੋਂ ਮੈਂ ਆਪਣੀ ਕੁਰਸੀ ਲੈ ਕੇ ਗਿਆ ਤਾਂ ਉਸ ਨੇ ਇਸ਼ਾਰੇ ਨਾਲ ਮੈਂਨੂੰ ਤਾਸ਼ ਖੇਡਣ ਵਾਲਿਆਂ ਤੋਂ ਪਾਸੇ ਕਰ ਲਿਆ। ਬੋਲ਼ਾ ਬਾਬਾ ਬੋਲਣ ਲੱਗਿਆ: “ਮਾਰ੍ਹਾ ਬੜੇ ਵਾਲਾ ਛੋਰਾ ਪਾਗਲ ਹੋ ਗਿਆ ਸੈ। ਸੁਸਰੇ ਕੇ ਪਾਸ ਬਹੁਤ ਪੈਸੇ ਸੈਂ। ਛੋਟਾ ਦਸ ਲਾਖ ਮਾਂਗ ਰਹਾ ਥਾ, ਉਸ ਕੀ ਜੋਰੂ ਨੇ ਦੇਨੇ ਨਹੀਂ ਦੀਆ। ਛੋਟੇ ਕੀ ਬੀਵੀ ਮਾਇਕੇ ਚਲੀ ਗਈ ਹੈ, ਉਸ ਕੀ ਏਕ ਬੇਟੀ ਗੂੰਗੀ ਸੈ। ਛੋਟਾ ਕਹੇ ਸੈ ਕਿ ਵਹ ਐਤਵਾਰ ਕੋ ਘਰ ਛੋਡ ਕਰ ਚਲਾ ਜਾਏਗਾ। ਮੈਂ ਭੀ ਉਸ ਕੇ ਸਾਥ ਜਾ ਰਹਾ ਸੂੰ!”

Friday, June 4, 2010

Art of Shitting.

         ਕੀ ਟੱਟੀ ਕਰਨਾ ਇੱਕ ਕਲਾ ਹੈ?
ਮੇਰੇ ਭਤੀਜੇ ਹੈਰੀ ਨੇ ਅੱਜ ਆਪਣੇ ਫੇਸ-ਬੁੱਕ ਖਾਤੇ ਵਿਚ ਕੋਈ ਇਸ ਤਰ੍ਹਾਂ ਦੀ ਪੋਸਟ ਚਾੜ੍ਹੀ ਹੈ ਜਿਸ ਵਿੱਚ ਟੱਟੀ ਤੇ ਕਲਾ ਦਾ ਆਪਸ ਵਿਚ ਕੋਈ ਸੰਬੰਧ ਦਰਸਾਇਆ ਗਿਆ ਹੈ।
ਮੈਂ ਅੱਗੋਂ ਇਸ ਉਤੇ ਟਿੱਪਣੀ ਕੀਤੀ ਕਿ : “ਟੱਟੀ ਇੱਕ ਸਰਬਵਿਆਪੀ ਸੱਚਾਈ ਹੈ। ਕਦੇ ਕਦੇ ਇਹ ਕਿਸੇ ਕਲਾਤਮਕ ਸਿਰਜਣਾ ਜਿਹੀ ਵੀ ਦਿਸਦੀ ਹੈ; ਕਦੇ ਕਦੇ ਕਿਸੇ ਅਨਾੜੀ ਦੀ ਬਣਾਈ ਕੜ੍ਹੀ ਜਿਹੀ। ਕਦੇ ਕਦੇ ਇਹ ਤੁਹਾਨੂੰ ਭਜਾਉਂਦੀ ਵੀ ਹੈ; ਕਦੇ ਕਦੇ ਚਿੰਤਾ ਲਾਉਂਦੀ ਵੀ ਹੈ ਤੇ ਕਦੇ ਕਦੇ ਤਿੰਘਾਉਂਦੀ ਤੇ ਭਿਜਾਉਂਦੀ ਵੀ।ਜਨਤਕ ਮੂਤਖਾਨੇ ਨਵੇਂ ਨਵੇਂ ਉੱਠੇ ਕੰਧ-ਲੇਖਕਾਂ ਲਈ ਇੱਕ ਪਲੈਟਫਾਰਮ ਵੀ ਮੁਹੱਈਆ ਕਰਦੇ ਹਨ।“ ਜਿਵੇਂ ਕਿ ਮੈਂ ਕਿਤੇ ਲਿਖਿਆ ਦੇਖਿਆ :”ਇੱਥੇ ਆ ਕੇ ਵੱਡਿਆਂ-ਵੱਡਿਆਂ ਦਾ ਮੂਤ ਨਿੱਕਲ ਜਾਂਦਾ ਹੈ।“
ਕਈ ਕਹਿੰਦੇ ਨੇ: ‘ਸਵਾਦ ਆ ਗਿਆ, ਅੱਜ ਟੱਟੀ ਇਉਂ ਉੱਤਰੀ ਜਿਵੇਂ ਕੰਧ ‘ਤੋਂ ਬਿੱਲਾ ਉਤਰਦਾ ਹੈ।“ (ਇਉਂ ਹੀ ਇਹ ਲੇਖ ਲਿਖਣ ਦਾ ਖ਼ਿਆਲ ਹੁਣੇ-ਹੁਣੇ ਹੀ ‘ਉੱਤਰਿਆ’ ਹੈ, ਬਿਲੇ ਵਾਂਗ !) ਪਿਸ਼ਾਬ ਉੱਤਰਿਆ ਹੋਵੇ ਤਾਂ ਉਸ ਨੂੰ ਰੋਕਣਾ, ਟੱਟੀ ਰੋਕਣ ਦੇ ਮੁਕਾਬਲੇ ਕਿਤੇ ਜ਼ਿਆਦਾ ਔਖਾ ਹੈ। ਟੱਟੀ ਜੇ ਅਨਾੜੀ ਦੀ ਬਣਾਈ ਮੂੰਗੀ ਦੀ ਦਾਲ ਵਰਗੀ ਉੱਤਰੀ ਹੋਵੇ ਤਾਂ ਉਸ ਨੂੰ ਰੋਕਣਾ ਵੀ ਬੜਾ ਮੁਸ਼ਕਲ ਹੁੰਦਾ ਹੈ।
ਕੋਈ ਬੇਈਮਾਨ ਹੀ ਕਹਿ ਸਕਦਾ ਹੈ ਕਿ ਉਸ ਦੀ ਕਦੇ ਕੱਛੇ/ਪਜਾਮੇ/ਪੈਂਟ ਜਾਂ ਚਾਦਰੇ ਵਿਚ ਟੱਟੀ ਨਹੀਂ ਨਿੱਕਲੀ। (ਸਾਲ਼ੇ ਝੂਠੇ ਪੀ.ਐਚ ਡੀਆਂ ਕਰ ਕਰ ਕੇ ਵੀ ਟੱਟੀ ਨਿੱਕਲਣ ਦਾ ਇਕਬਾਲ ਨਹੀਂ ਕਰਦੇ!)
ਮੇਰੇ ਇਕ ਸਾਬਕਾ ਸਾਢੂ ਨੇ ਸੁਣਾਇਆ ਸੀ ਇਹ ਚੁਟਕਲਾ।ਕਹਿੰਦੇ ਪੀਟਰ ਤੇ ਇਵਾਨ ਦੀ ਆਪਸ ‘ਚ ਦੁਸ਼ਮਣੀ ਸੀ। ਇੱਕ ਦਿਨ ਪੀਟਰ ਘੋੜੀ ‘ਤੇ ਚੜ੍ਹਿਆ ਜਾ ਰਿਹਾ ਸੀ, ਮੋਢੇ ਬਾਰਾਂ ਬੋਰ ਦੀ ਬੰਦੂਕ। ਇਵਾਨ ਅਗੋਂ ਆ ਰਿਹਾ ਸੀ ਕਿ ਉਸ ਦੀ ਟੱਟੀ ਨਿੱਕਲ ਗਈ। ਪੀਟਰ ਬੋਲਿਆ: “ਇਵਾਨ, ਈਟ ਇਟ।“ ਜਾਨ ਜਾਂਦੀ ਦਿਸਦੀ ਹੋਵੇ ਤਾਂ ਉਸ ਨੂੰ ਬਚਾਉਣ ਲਈ ਟੱਟੀ ਤੋਂ ਵਧੇਰੇ ਸਵਾਦ ਪਕਵਾਨ ਕੀ ਹੋ ਸਕਦਾ ਹੈ।ਇਵਾਨ ਨੇ ਖਾਣੀ ਸ਼ੁਰੂ ਕਰ ਦਿੱਤੀ। ਖਾਂਦੇ-ਖਾਂਦੇ ਨੇ ਅੱਖ ਬਚਾ ਕੇ ਪੀਟਰ ਦੀ ਬੰਦੂਕ ਖੋਹ ਲਈ, ਤੇ ਤਾਣ ਕੇ ਕਹਿਣ ਲੱਗਿਆ: “ਪੀਟਰ ਹੱਗ, ਨਹੀਂ ਤਾਂ ਮਾਰ ਦੇਊਂਗਾ।“ ਪੀਟਰ ਨੂੰ ਹੱਗਣਾ ਪਿਆ। ਇਵਾਨ: “ਹੁਣ ਖਾ!” ਪੀਟਰ ਨੂੰ ਖਾਣੀ ਪਈ।
ਕੁੱਝ ਦਿਨਾਂ ਬਾਅਦ ਦੋਵੇਂ ਕਿਸੇ ਸਾਂਝੇ ਜਾਣਕਾਰ ਦੇ ਸੱਦੇ ‘ਤੇ ਕਿਸੇ ਵਿਆਹ ਸ਼ਾਦੀ ਮੌਕੇ ਪਹੁੰਚ ਗਏ। ਮੇਜ਼ਬਾਨ ਨੇ ਇਕ ਦੂਜੇ ਨੂੰ ਮਿਲਾਉਂਦਿਆ ਕਿਹਾ: “ਇਹ ਨੇ ਮੇਰੇ ਦੋਸਤ ਪੀਟਰ, ਤੇ ਇਹ ਮੇਰੇ ਦੋਸਤ ਇਵਾਨ। ਕੀ ਤੁਸੀਂ ਇਕ ਦੂਜੇ ਨੂੰ ਪਹਿਲਾਂ ਮਿਲੇ ਹੋ?” ਦੋਵੇਂ, ਇੱਕਠੇ ਬੋਲੇ: “ਕਿਉਂ ਨਹੀਂ? ਅਜੇ ਪਰਸੋਂ ਤਾਂ ਅਸੀਂ ਇੱਕਠਿਆਂ ਲੰਚ ਕੀਤਾ ਸੀ!”
ਸਾਧ ਜੋ ਕਹਿੰਦਾ ਸੀ “ਹਮ ਖਾਤੇ ਹੈਂ, ਮਗਰ ਹਗਤੇ ਨਹੀਂ” ਦੀ ਲੀਂਡੀ ਤਰਨ ਵਾਲੀ ਕਥਾ ਤਾਂ ਤੁਸੀਂ ਸੁਣੀ ਹੋਣੀ ਹੈ। ਜੇ ਨਹੀਂ ਸੁਣੀ ਤਾਂ iamsra@in.com  ਉੱਤੇ ਸੰਦੇਸਾ ਭੇਜ ਕੇ ਮੰਗਵਾ ਲਉ।
ਮੈਂ ਕਿਉਂ ਕਿ ਮਾਰੂਥਲ ਦਾ ਪੰਛੀ ਹਾਂ, ਮਾਰੂਥਲ ਵਿਚ ਸਰ੍ਹੋਂ ਦੇ ਸਾਗ ਨਾਲ ਬਾਜਰੇ ਦੀਆਂ ਛੇ-ਛੇ ਰੋਟੀਆਂ ਝੰਬਣ ਵਾਲੀਆਂ ਤੀਵੀਂਆਂ ਨੂੰ ਮੈਂ ਗੋਡੇ-ਗੋਡੇ ਜਿੱਡੇ ਇਕਹਿਰੇ ਲੀਂਡ ਹਗਦੀਆਂ ਦੇਖਿਆ ਹੈ।
ਕੋਈ ਬੰਦਾ ਕਿਤੇ ਜਾ ਰਿਹਾ ਸੀ, ਰਸਤੇ ਵਿੱਚ 'ਆ ਗਈ'। ਖੇਤ ਵਿਚ ਬਹਿ ਕੇ ਕਰਨ ਲੱਗਿਆ ਕਿ ਉੱਥੇ ਬੇਰ ਪਿਆ ਦਿੱਸ ਪਿਆ। ਬੇਚਾਰੇ ਨੇ ਬੈਠੇ-ਬੈਠੇ ਨੇ ਖਾ ਲਿਆ। ਘੀਸੀ ਕਰਨ ਪਿੱਛੋਂ ਤੁਰਦਾ ਤੁਰਦਾ ਸਹਿਰ ਪਹੁੰਚ ਗਿਆ ਜਿੱਥੇ ਮੁਜਰੇ ਵਾਲੀ ਨੇ ਗਾਣਾ ਸ਼ੁਰੂ ਕਰ ਦਿੱਤਾ: “ਤੇਰੇ ਦਿਲ ਕੀ ਬਾਤ ਬਤਾ ਦੂੰ, ਨਹੀਂ ਨਹੀਂ, ਅਭੀ ਨਹੀਂ।“ ਬੇਚਾਰੇ ਨੇ ਇੱਕ ਰੁਪਈਆ ਕੱਢ ਕੇ ਉਸ ਨੂੰ ਦੇ ਦਿੱਤਾ। ਬਿੰਦ ਝੱਟ ਪਿੱਛੋਂ ਉਹ ਤੋੜਾ ਝਾੜ ਕੇ ਇਸ ਬੇਰ-ਖਾਣੇ ਬੰਦੇ ਕੋਲ ਆ ਜਾਂਦੀ ਤੇ ਰੁੱਪਈਆ ਲੈ ਜਾਂਦੀ। ਕਰਦੇ ਕਰਦੇ ਉਸ ਦੇ ਖੀਸੇ ਵਿੱਚੋਂ ਰੁਪਈਏ ਮੁੱਕ ਗਏ। ਅਖੀਰਲੀ ਵੇਰ ਜਦੋਂ ਉਹ ਉਸ ਕੋਲ ਰੁੱਪਈਆ ਲੈਣ ਦੀ ਝਾਕ ਵਿੱਚ ਬੋਲੀ: “ਤੇਰੇ ਦਿਲ ਕੀ ਬਾਤ ਬਤਾ ਦੂੰ...”, ਤਾਂ ਉਸ ਖੜ੍ਹਾ ਹੋ ਕੇ, ਬਾਂਹ ਉੱਚੀ ਕਰ ਕੇ ਕਿਹਾ: “ਬਤਾ ਦੇ, ਬਤਾ ਦੇ, ਇਹੀ ਬਤਾਏਂਗੀ ਨਾ ਕਿ ਮੈਂ ਹਗਦੇ ਨੇ ਬੇਰ ਖਾਧਾ ਹੈ?”

Thursday, June 3, 2010

ਲੱਕੜ ਤੇ ਸਿਉਂਕ

ਲੱਕੜ ਤੇ ਸਿਉਂਕ

ਅਸਲ ਵਿੱਚ ਮੈਂ ਜਾਣ-ਬੁੱਝ ਕੇ ਇਸ ਲੇਖ ਦਾ ਸਿਰਲੇਖ ਗੁੰਮਰਾਹ-ਕੁਨ ਦਿੱਤਾ ਹੈ। ਨਾ ਇਸ ਦਾ ਲੱਕੜ ਨਾਲ ਸੰਬੰਧ ਹੈ, ਨਾ ਸਿਉਂਕ ਨਾਲ। ਇਸ ਦਾ ਸੰਬੰਧ ਲੇਹ ਨਾਲ ਹੈ, ਲਦਾਖ ਨਾਲ ਹੈ।
ਮੇਰੀ ਅਸਾਮੀ ਦਾ ਭੋਗ ਪੈਣ ਦਾ ਹੁਕਮ ਆਇਆ ਤੇ ਨਾਲ ਹੀ ਲੇਹ ਤਬਾਦਲੇ ਦਾ। ਮਈ ਦਾ ਪਹਿਲਾ ਹਫਤਾ ਸੀ, ਸੜਕੀ ਆਵਾਜਾਈ ਬੰਦ ਸੀ, ਉਡਣ-ਖਟੋਲੇ ਤੋਂ ਬਿਨਾਂ ਜਾਣ ਦਾ ਕੋਈ ਚਾਰਾ ਨਹੀਂ ਸੀ।
ਯਾਰਾਂ ਨੇ ਜੈੱਟ ਏਅਰਲਾਈਨਜ਼ ਦੀ ਟਿਕਟ ‘ਲੀਤੀ’, ਜਹਾਜ਼ ਫੜਿਆ, ਤੇ ਉੱਤਰ ਗਿਆ ਲੇਹ। ਰੇਡੀਉ ਸਟੇਸ਼ਨ ਦੀ ਡਾਇਰੈਕਟਰ ਨੂੰ ਫੂਨ ਕੀਤਾ ਕਿ ਗੱਡੀ ਭੇਜੋ, ਮੈਂ ਆ ਗਿਆ ਹਾਂ। ਪੌਣਾ ਘੰਟਾ ਉਡੀਕਣ ਪਿੱਛੋਂ ਟੈਕਸੀ ਕਰ ਲਈ, ਸੌ ਰੁਪਏ ਵਿੱਚ (ਉਹ ਸੌ ਰੁਪਏ ਮੈਨੂੰ ਮਿਲਣੇ ਹੀ ਸਨ)।
ਇੱਕ ਦੁਸ਼ਮਣੀ ਦੀ ਸ਼ੁਰੂਆਤ ਹੋ ਗਈ!
ਓਹਨੂੰ ਕੀ ਕਹਿੰਦੇ ਆ, ਪੰਜਾਬੀ ਵਿੱਚ, ਛੜੀ? ਛੜੀ ਸੀ ਉਹ।ਮੈਂ ਟੈਕਸੀ ਤੋਂ ਉੱਤਰਦਾ ਹੀ ਸਿੱਧਾ ਨਿਊਜ਼ ਰੂਮ ਵਿੱਚ ਵੜ ਗਿਆ। ਨਿਊਜ਼ ਰੀਡਰ ਨੂੰ ਕਿਹਾ ਕਿ ਇਹ ਖ਼ਬਰ ਵੀ ਬੋਲ ਦਿਉ: “ਭਾਰਤੀ ਸੂਚਨਾ ਸੇਵਾ ਦੇ ਸੀਨੀਅਰ ਅਧਿਕਾਰੀ ਗੁਰਮੇਲ ਸਿੰਘ ਸਰਾ ਨੇ ਅੱਜ ਆਕਾਸ਼ਵਾਣੀ ਸਮਾਚਾਰ ਅਧਿਅਕਸ਼ ਦਾ ਅਹੁਦਾ ਸੰਭਾਲ ਲਿਆ ਹੈ।...ਵਗੈਰਾ...ਵਗੈਰਾ....”
ਉਹ ਆਪਣੇ ਪ੍ਰੋਗਰਾਮ ਅਧਿਕਾਰੀਆਂ ਦੀ ਮੀਟਿੰਗ ਲੈ ਰਹੀ ਸੀ। ਜਦੋਂ ਉਸ ਨੇ ਦਾਸ ਦੇ ਅਹੁਦਾ ਸੰਭਾਲਣ ਦੀ ਖ਼ਬਰ ਸੁਣੀ, ਤਾਂ ਉਹਦੇ ਪੈਰੋਂ ਖਿਸਕ ਗਈ।
ਖ਼ਬਰਾਂ ਬੋਲਣ ਬਾਅਦ ਮੈਂ ਉਸ ਦੇ ਦਫਤਰ ਪਹੁੰਚ ਗਿਆ।ਚਪੜਾਸੀ ਕਹਿਣ ਲੱਗਿਆ ਕਿ ਅੰਦਰ ਮੀਟਿੰਗ ਚੱਲ ਰਹੀ ਹੈ। ਮੈਂ ਕਿਹਾ ਕੋਈ ਨੀ। ਮੈਂ ਆਪਣਾ ਤੁਅਰਫ ਕਰਵਾਇਆ ਤੇ ਉਸ ਨੂੰ ਕਿਹਾ ਕਿ ਉਹ ਵੀ ਆਪਣੇ ਅਧਿਕਾਰੀਆਂ ਨਾਲ ਮੇਰਾ ਤੁਅਰਫ ਕਰਵਾਏ। ਮੇਰੇ ਰਾਜਸਥਾਨੀ ਬੂਟੀਆਂ ਵਾਲੀ ਪੱਗ ਬੰਨ੍ਹੀ ਸੀ, ਉਸ ਕੋਲ ਕੋਈ ਚਾਰਾ ਨਹੀਂ ਸੀ।
ਫੇਰ ਜਿਉਂ ਚੱਲ ਸੋ ਚੱਲ, ਉਹ ਮੇਰੀ ਬਦਲੀ ਕਰਵਾਉਣ ਲਈ ਤੜਫਦੀ ਰਹੀ, ਮੈਂ ਉਸ ਦੀ।ਮੈਂ ਉਸ ਦੀ ਲੇਹ ਤੋਂ ਦਿੱਲੀ ਦੀ ਤਬਦੀਲੀ ਕਰਵਾ ਕੇ ਹੀ ਉੱਥੋਂ ਪਰਤਿਆ!!

Wednesday, June 2, 2010

ਹਮੀਂ ਯਾਰਾਂ ਦੋਜ਼ਖ, ਹਮੀਂ ਯਾਰਾਂ ਬਹਿਸ਼ਤ

ਹਮੀਂ ਯਾਰਾਂ ਦੋਜ਼ਖ, ਹਮੀਂ ਯਾਰਾਂ ਬਹਿਸ਼ਤ
ਜਦੋਂ ਮੈਂ ਤੇ ਮੇਰਾ ਕੁਰਖਤ ਯਾਰ ਸ਼ਿਮਲਾ ਪਹੁੰਚੇ, ਜਦੋਂ ਬੱਜਰੀ ਗਿਰੀ ਸੀ, ਤਾਂ ਦਫਤਰ ਪਹੁੰਚਦਿਆਂ ਨੂੰ ਸਭ ਤੋਂ ਪਹਿਲਾਂ ਸ਼ਿਵ ਰਾਮ ਮਿਲਿਆ। ਟੈਲੀਪ੍ਰਿੰਟਰ ਓਪਰੇਟਰ ਸੀ, ਆਪਣੇ ਕਮਰੇ ਵਿਚ ਬੈਠਾ ਸੀ। ਪੀ ਰਿਹਾ ਸੀ ਤੇ ਲੋਰ ਵਿਚ ਸੀ।ਸਾਨੂੰ ਦੇਖਦਿਆਂ ਹੀ ਗਾਉਣ ਲੱਗ ਪਿਆ: “ਮੇਰੇ ਭਾਰਦਵਾਜ ਆਏ, ਮੇਰੇ ਭਾਰਦਵਾਜ ਆਏ!”
ਭਾਰਦਵਾਜ, ਸ਼੍ਰੀ ਕ੍ਰਿਸ਼ਨ ਜੀ ਦੇ 1008 ਨਾਂਵਾਂ ਵਿਚੋਂ ਇੱਕ ਨਾਂ ਹੈ।
ਦੇਸੀ ਸੀ, ਜੋ ਪੀ ਰਿਹਾ ਸੀ। ਮੈਂ ਬਾਅਦ ਵਿੱਚ ਉਸ ਦੀ ਕੰਪਨੀ ਵਿਚ ਬੜੀ ਦੇਸੀ ਪੀਤੀ। ਹਰ ਸੋਮਵਾਰ ਚੰਡੀਗੜ੍ਹ ਤੋਂ ਸ਼ਿਮਲਾ ਜਾਂਦਾ ਸਾਂ, ਰਸਤੇ ਵਿਚ ਇਕ ਥਾਂ ਦੇਸੀ ਸਸਤੀ ਮਿਲਦੀ ਸੀ, ਉਥੋਂ ਛੇ ਬੋਤਲਾਂ ਖਰੀਦ ਕੇ ਝੋਲੇ ਵਿੱਚ ਪਾ ਲੈਂਦਾ ਸਾਂ, ਦੋਵੇਂ ਰਲ਼ ਕੇ ਪੀਂਦੇ ਸਾਂ।
ਸੁਰਜੀਤ ਜਲੰਧਰੀ ਹਰ 31 ਦਸੰਬਰ ਨੂੰ ਕਿਸੇ ਨਾ ਕਿਸੇ ਬਹਾਨੇ ਮੈਂਨੂੰ ਮਿਲ ਪੈਂਦਾ ਸੀ। ਕਹਿੰਦਾ; “ਸਰ੍ਹਾ, ਆਪਾਂ ਐਤਕੀਂ ਨਵਾਂ ਸਾਲ ਇਕੱਠੇ ਚੜ੍ਹਾਵਾਂਗੇ।“ ਓਸ ਸਾਲ਼ ਜਲੰਧਰੀ ਦਾ ਦੁਪਹਿਰੇ ਫੋਨ ਆਇਆ। 31 ਦਸੰਬਰ ਨੂੰ। ਕਹਿੰਦਾ: “ਸਰ੍ਹਾ, ਮੈਂ ਆ ਰਿਹਾਂ, ਨਵਾਂ ਸਾਲ ਸ਼ਿਮਲੇ ਚੜ੍ਹਾਵਾਂਗੇ!” ਉਹ ਆ ਗਿਆ, ਅਸੀਂ ਬੱਸ ਫੜ ਲਈ। ਉਸ ਦੇ ਝੋੇਲੇ ਵਿੱਚ ਹਮੇਸ਼ਾ ਸਟੀਲ ਦਾ ਗਲਾਸ, ਪਾਣੀ ਦੀ ਬੋਤਲ ਤਾਂ ਰਹਿੰਦੀ ਹੀ ਸੀ, ਹੁਣ ਉਸ ਨੇ 17 ਸੈਕਟਰ ਦੇ ਬੱਸ ਅੱਡੇ ‘ਤੇ ਉਤਰਨ ਸਾਰ ਦਾਰੂ ਦੀ ਇੱਕ ਬੋਤਲ ਵੀ ਖਰੀਦ ਕੇ ਪਾ ਲਈ ਸੀ।ਸ਼ਿਮਲੇ ਵਾਲੀ ਬੱਸ ਫੜ ਲਈ।
ਬੱਸ ਵਾਲਿਆਂ ਨੇ ਰਾਹ ਵਿੱਚ ਚਾਹ ਪੀਣ ਵਾਸਤੇ ਇੱਕ ਥਾਂ ਬੱਸ ਰੋਕ ਲਈ। ਜਲੰਧਰੀ ਚਾਹ ਪੀਣ ਲੱਗ ਪਿਆ ਤੇ ਮੈਂ ਉਸ ਦੇ ਸਟੀਲ ਦੇ ਗਲਾਸ ਵਿੱਚ ਪਾ ਲਈ।
ਦੇਰ ਰਾਤ ਸ਼ਿਮਲਾ ਪਹੁੰਚੇ। ਦਫਤਰ ਗਏ, ਦੇਖਿਆ ਸੋਫੇ ਉਤੇ ਕੋਈ ਬੰਦਾ ਕੰਬਲ ਲੈ ਕੇ ਪਿਆ ਸੀ। ਮੈਂ ਸਮਝ ਗਿਆ ਕਿ ਇਹ ਸ਼ਿਵ ਰਾਮ ਹੀ ਹੋ ਸਕਦਾ ਹੈ।ਚੌਕੀਦਾਰ ਦਲੀਪ ਸਿੰਘ ਨੇ ਮੇਰੀ ਘੋੜਾ-ਸੂੰਹ ਦੀ ਪੁਸ਼ਟੀ ਕਰ ਦਿੱਤੀ।
ਮੈਂ ਤੇ ਸੁਰਜੀਤ ਅੱਧੀ ਰਾਤ ਤੱਕ ਰਿੱਜ ਉੱਤੇ ਭੰਗੜਾ ਪਾਉਂਦੇ ਰਹੇ। ਅਗਲੇ ਦਿਨ ਵਾਪਸ ਚੰਡੀਗੜ। ਖ਼ਬਰ ਮਿਲੀ ਕਿ ਰਾਤੀਂ ਸ਼ਿਵ ਰਾਮ ਚੱਲ ਵਸਿਆ।

ਪਹਿਲੀ ਜਨਵਰੀ 2008। ਸਵੇਰੇ-ਸਵੇਰੇ ਫੋਨ ਖੜਕਿਆ। ਕਿਉਂ ਕਿ ਫੋਨ ਉਤੇ ਕਾਲਰ ਪਛਾਣ ਸੁਵਿਧਾ ਮੁਹੱਈਆ ਸੀ, ਉੱਥੇ ਦਿੱਸਿਆ: ਜਲੰਧਰੀ। ਇਸ ਤੋਂ ਪਹਿਲਾਂ ਕਿ ਮੈਂ ਕਹਿੰਦਾ “ਹੈਪੀ ਨਿਊ ਯੀਅਰ ਜਲੰਧਰੀ”, ਉਸ ਦਾ ਮੁੰਡਾ ਬੋਲਿਆ: “ਸਰਾ, ਪਾਪਾ ਜੀ ਚੜ੍ਹਾਈ ਕਰ ਗਏ ਨੇ।“

ਮੇਰੀ ਮੌਤ ਜਿਸ ਸਾਲ ਵੀ ਹੋਵੇ, ਮੈਂ ਚਾਹੁੰਦਾ ਹਾਂ, ਪਹਿਲੀ ਜਨਵਰੀ ਨੂੰ ਹੋਵੇ। ਹਮੀਂ ਯਾਰਾਂ ਦੋਜ਼ਖ, ਹਮੀਂ ਯਾਰਾਂ ਬਹਿਸ਼ਤ!!

Tuesday, June 1, 2010

ਮਾਹੀ ਵੇ ਤੇਰੀਆਂ ਤਿੰਨ ਸਿਗਟਾਂ

ਮਾਹੀ ਵੇ ਤੇਰੀਆਂ ਤਿੰਨ ਸਿਗਟਾਂ


ਮਾਹੀ ਵੇ, ਤੇਰੀਆਂ ਤਿੰਨ ਸਿਗਟਾਂ,
ਤੀਜੀ ਤੂੰ ਸੁਲਗਾਈ,
ਜਦੋਂ ਦੀ ਮੈਂ ਆਈ।
ਮਾਹੀ ਵੇ, ਤੇਰੀਆਂ ਤਿੰਨ ਸਿਗਟਾਂ...
....
ਮੈਂਨੂੰ ਸ਼ਿਮਲਾ ਸ਼ਹਿਰ ਨਾਲ ਨਫਰਤ ਹੈ। ਅਸਲ ਵਿੱਚ ਮੈਂਨੂੰ ਹਰ ਰਾਜਧਾਨੀ ਨਾਲ ਨਫਰਤ ਹੈ।ਮੈਂਨੂੰ ਤਾਂ ਰਾਜ ਨਾਲ ਹੀ ਨਫਰਤ ਹੈ।ਕੱਲ੍ਹ 31 ਮਈ 2010 ਨੂੰ ਕਿਸੇ ਮਜ਼ਬੂਰੀ ਵਿੱਚ ਅੰਗਰੇਜ਼ਾਂ ਦੀ ਇਸ ਗਰਮ-ਰੁੱਤ-ਰਾਜਧਾਨੀ ਰਹੇ ਸ਼ਹਿਰ ਵਿਚ ਫੇਰ ਜਾਣਾ ਪੈ ਗਿਆ।
ਮਜ਼ਬੂਰੀ ਵੀ ਨਹੀਂ ਕਹਿ ਸਕਦੇ, ਖੁਸ਼ੀ ਦਾ ਮੌਕਾ ਸੀ ਇਹ ਤਾਂ- ਸਾਡੇ ਸ਼ਿਮਲਾ ਦਫਤਰ ਦੇ ਮਕਬੂਲ ਜੀਪ-ਚਾਲਕ ਜਸਵੰਤ ਸਿੰਘ ਦੀ ਸੇਵਾ-ਮੁਕਤੀ ਦਾ ਸਮਾਗਮ ਸੀ।ਸਮਾਗਮ ਵੀ ਕਾਹਦਾ, ਇੱਕ ਮਹਿਫਲ਼ ਸੀ। ਮਹਿਫਲ-ਇ-ਯਾਰਾਂ!
ਜਿਸ ਕੁਰਖ਼ਤ ਆਦਮੀ ਨੇ ‘ਤਿੰਨ ਸਿਗਟਾਂ’ਨਾਮੀਂ ਕਵਿਤਾ ਲਿਖੀ ਹੈ, ਉਹ ਕੰਬਖਤ ਮੈਂਨੂੰ ਸ਼ਿਮਲੇ ਛੱਡ ਕੇ ਆਇਆ ਸੀ ਪਹਿਲੀ ਵੇਰ।
ਤੇ ਹੋਇਆ ਇਉਂ।
ਮੇਰਾ ਇੱਕ ਕੁੱਤਾ ਅਫਸਰ ਸੀ। ਉਹ ਮੇਰੇ ਉਤੇ ਰੋਹਬ ਮਾਰਨ ਦਾ ਮੌਕਾ ਭਾਲਦਾ ਰਹਿੰਦਾ ਸੀ, ਤੇ ਮੈਂ ਉਸ ਦੀ ਲਿੱਦ ਕਰਨ ਦਾ। ਉਹ ਕਦੇ ਕਾਮਯਾਬ ਨਹੀਂ ਹੋਇਆ, ਮੈਂਨੂੰ ਕਦੇ ਨਾਕਾਮਯਾਬੀ ਨਸੀਬ ਨਾ ਹੋਈ।ਇੱਕ ਦਿਨ ਉਸ ਨੇ ਐਸੀ ਕਰਤੂਤ ਕੀਤੀ ਕਿ ਮੈਂ ਦਫਤਰ ਦੇ ਬਾਹਰ ਧਰਨਾ ਮਾਰ ਕੇ ਬੈਠ ਗਿਆ, ਉਸ ਦੇ ਆਉਣ ਤੋਂ ਪਹਿਲਾਂ ਹੀ। “ਇਹ ਕੀ ਹੋ ਰਿਹਾ ਹੈ, ਸਰਾ ਸਾਹਬ?” ਉਸ ਉੱਚਰਿਆ। “ਸ਼ਿਵ ਸਾਧਨਾ,” ਮੈਂ ਉਵਾਚ।
ਸਾਲ਼ਾ ਡਰ ਗਿਆ। ਦਿੱਲੀ ਗੱਲ ਕੀਤੀ ਉਸ ਨੇ, ਕਿ ਮੇਰੀ ਬਦਲੀ ਸ਼ਿਮਲਾ ਕਰ ਦਿੱਤੀ ਜਾਵੇ, ਕਿਉਂ ਕਿ ਮੇਰੀ ਬਦਲੀ ਕਰਨ ਦਾ ਅਖ਼ਤਿਆਰ ਉਸ ਕੋਲ ਤਾਂ ਹੈ ਨਹੀਂ ਸੀ। ਦਿੱਲੀ ਵਾਲੇ ਕੁਤਰੀਏ ਨੇ ਮੇਰੀ ਸ਼ਿਮਲਾ ਬਦਲੀ ਕਰ ਦਿੱਤੀ।(ਮੈਂ ਐਸੀ ਬਦਦੁਆ ਦਿੱਤੀ ਉਸ ਕੁਤਰੀਏ ਨੂੰ ਕਿ ਮੇਰੇ ਮੰਤਰਾਲੇ ਨੇ ਉਸ ਤੋਂ ਬਦਲੀ ਕਰਨ ਦਾ ਅਖ਼ਤਿਆਰ ਖੋਹ ਲਿਆ, ਬਾਅਦ ਵਿੱਚ।)
ਅਪ੍ਰੈਲ 1996 ਦੇ ਆਖਰੀ ਦਿਨ ਜਾਂ ਦਿਨਾਂ ਦੀ ਗੱਲ ਹੈ ਇਹ ਜਦੋਂ ਮੈਂ ਤੇ ਉਕਤ ਕੁਰਖ਼ਤ ਵਿਅਕਤ ਸ਼ਿਮਲਾ ਪਹੁੰਚਤ।ਉਸ ਦਿਨ ਮਾੱਲ ਰੋਡ ਉਤੇ ਜਦੋਂ ਅਸੀਂ ਦੋਵੇਂ ਜੀਅ ਟਹਿਲ ਰਹੇ ਸਾਂ, ਤਾਂ ਗੁਆਰੇ ਦੇ ਦਾਣਿਆਂ ਜਿੱਡੀ-ਜਿੱਡੀ ਬਰਫ ਪਈ। ਉੱਥੋਂ ਦੀ ਸਥਾਨਕ ਬੋਲੀ (local parlance) ਵਿੱਚ ਇਸ ਨੂੰ ਬੱਜਰੀ ਕਹਿੰਦੇ ਸਨ।ਪਤਾ ਨਹੀਂ ਬੱਜਰੀ ਅਤੇ ਗੁਆਰੇ ਵਿਚਾਲੇ ਕੀ ਸੰਬੰਧ ਹੈ, ਪਰ ਮਾਰੂਥਲ ਦੇ ਇਸ ਪੰਛੀ ਨੂੰ ਆਪਣੀ ਮਾਤ ਭੋਇੰ ਦੀ ਯਾਦ ਆਈ। (ਮੁੜ-ਮੁੜ ‘ਵਾਜਾਂ ਮਾਰੇ ਮੈਨੂੰ ਮਿੱਟੀ ਰਾਜਸਥਾਨ ਦੀ...।)
ਕੱਲ੍ਹ, ਜਦੋਂ ਰਹੇ ਸੀ ਚੱਲ, ਤਾਂ ਰਾਹ ਵਿੱਚ ਸਾਡੇ ਇੱਕ ਸੇਵਾਕੁਮਤ ਦਫਤਰੀ, ਯਸ਼ ਪਾਲ ਸਿੰਘ, ਨੇ ਪਿੰਜੌਰ ਲਾਗੇ ਹੱਥ ਦੇ ਕੇ ਗੱਡਾ ਰੁਕਵਾ ਲਿਆ। ਸਾਡੇ ਇਸ ਗੱਡੇ ਨੂੰ, ਸਾਡੇ ਮਹਿਕਮੇ ਦੇ ਮੁਲਾਜ਼ਮ ਜਾਂ ਸਾਬਕਾ ਮੁਲਾਜ਼ਮ ਤਿੰਨ ਕੋਹ ਤੋਂ ਪਛਾਣ ਲੈਂਦੇ ਹਨ। ਕਹਿਣ ਲੱਗਿਆ, “ਜੀ ਮੈਂ ਕੱਲ੍ਹ ਦਫਤਰ ਗਿਆ ਸੀ, ਉਥੋਂ ਪਤਾ ਲੱਗਿਆ ਕਿ ਗੱਡੀ ਅੱਜ ਸ਼ਿਮਲਾ ਜਾਣੀ ਹੈ।ਮੈਂ ਘਰਦਿਆਂ ਨੂੰ ਕਿਹਾ ਕਿ ਸ਼ਿਮਲਾ ਨਹੀਂ ਦੇਖਿਆ, ਅੱਜ ਦੇਖਾਂਗਾ।“
ਸ਼ਿਮਲਾ ਪਹੁੰਚੇ। ਜਸਵੰਤ ਦੀ ਪਾਰਟੀ ਵਿੱਚ ਅਜੇ ਟੈਮ ਸੀ।ਮੈਂ ਯਸ਼ਪਾਲ ਨੂੰ ਕਿਹਾ ਕਿ ਆ, ਤੈਂਨੂੰ ਇੱਥੋਂ ਦੀਆਂ ਖਾਸ-ਖਾਸ ਥਾਂਵਾਂ ਦਿਖਾ ਲਿਆਵਾਂ।ਅਸੀਂ ਤੁਰ ਪਏ, ਉਸ ਨੂੰ ਸਾਰਾ ਕੁੱਝ ਦਿਖਾ ਦਿੱਤਾ: ਮਾਲ ਰੋਡ, ਸਕੈਂਡਲ ਪੁਆਇੰਟ, ਰਿੱਜ, ਗਿਰਜਾਘਰ ਤੇ ਫੇਰ ਮੈਂ ਕਿਹਾ : “ਆ ਲੱਕੜ ਬਾਜ਼ਾਰ ਚੱਲੀਏ, ਖੂੰਡੀ ਲੈਣੀ ਹੈ ਸੰਤ ਰਾਮ ਤੋਂ।“ ਲੱਕੜ ਬਾਜ਼ਾਰ ਵਿਚ ਪਹੁੰਚੇ ਤਾਂ 14 ਨੰਬਰ ਦੁਕਾਨ ਦੀ ਮੁਰੰਮਤ ਹੋ ਰਹੀ ਸੀ, 13 ਨੰਬਰ ਦੁਕਾਨ ਵਿੱਚ ਇੱਕ ਭਾਪਾ ਖੜ੍ਹਾ ਸੀ। ਮੈਂ ਉਸ ਦੀ ਦੁਕਾਨ ਦੇ ਬਾਹਰ ਪਈਆਂ ਖੂੰਡੀਆਂ ਵਿੱਚੋਂ ਇਕ ਪਸੰਦ ਕਰ ਲਈ, ਤੇ ਪੁੱਛਿਆ ਕਿ ਇੱਥੇ ਇਕ ਸੰਤ ਰਾਮ ਹੁੰਦਾ ਸੀ, ਉਹ ਕਿੱਥੇ ਗਿਆ। ਉਸ ਨੇ ਦੱਸਿਆ ਕਿ ਉਹ ਦੁਕਾਨ ਵੇਚ ਕੇ ਕਿਧਰੇ ਚਲਿਆ ਗਿਆ ਹੈ। ਸੱਤਰ ਰੁਪਏ ਭਾਪੇ ਨੂੰ ਦਿੱਤੇ ਤੇ ਖੂੰਡੀ ਦਾ ਸਹਾਰਾ ਲੈਂਦਿਆਂ ਮੈਂ, ਤੇ ਮੇਰੇ ਨਾਲ,  ਯਸ਼ ਪਾਲ, ਵਾਪਸ ਤੁਰ ਪਿਆ। ਯਸ਼ ਪਾਲ ਬੋਲਿਆ: ‘ਜੀ ਇੱਥੇ ਮਹਿੰਗਾਈ ਬਹੁਤ ਹੈ। ਸੱਤਰ ਰੁਪਏ ਦੀ ਖੂੰਡੀ?” ਮੈਂ ਕਿਹਾ, ਦੇਖੀ ਜਾਈਂ ਇਹ ਖੂੰਡੀ ਕਿਵੇਂ ਮੁਫਤ ਦੇ ਭਾਅ ਮਿਲੀ ਦਿੱਸੂ ਤੈਂਨੂੰ।

ਵਾਪਸੀ ਵੇਲੇ ਮੈਂ ਉਸ ਨੂੰ ਗਰੈਂਡ ਹੋਟਲ ਦੇ ਰਸਤੇ ਉਤਰਣ ਵਾਲੀ ਸੜਕ ਉਤੇ ਪਾ ਲਿਆ।ਅਜਿਹੀ ਢਲਾਈ ਵਾਲੀ ਸੜਕ ਜਿਸ ਉੱਤੇ ਕੀੜੀ ਵੀ ਆਪਣੀ ਤੋਰ ਮੱਠੀ ਕਰ ਲਵੇ! ਹੇਠਾਂ ਪਹੁੰਚ ਕੇ ਮੈਂ ਯਸ਼ ਪਾਲ ਨੂੰ ਪੁੱਛਿਆ ਕਿ ਹੁਣ ਦੱਸ ਖੂੰਡੀ ਕਿਸ ਭਾਅ ਮਿਲੀ? ਉਹ ਬੋਲਿਆ: “ਜੀ ਬਾਹਲੀ ਸਸਤੀ! ਜਿਸ ਨੇ ਜਾਨ ਬਚਾਈ, ਉਸ ਖੂੰਡੀ ਦੇ 70 ਰੁਪਏ ਕੀ ਆਖਣ?”