Wednesday, April 28, 2010

ਪਿੰਡ ਡਾਇਰੀ ਤੇ ਯਾਤਰਾਵਾਂ ਲੜੀ: 5

॥ਕਾਣੀ ਮੁਰਗੀ ਦੀ ਕਹਾਣੀ॥

ਮੇਰੇ ਬਾਪ ਦਾ ਪਰਿਵਾਰ ਕਾਫੀ ਵੱਡਾ ਸੀ ਜਿਸ ਵਿਚ ਉਸ ਦੀਆਂ ਤਿੰਨ ਪਤਨੀਆਂ ਤੋਂ ਪੈਦਾ ਹੋਏ ਛੇ ਪੁੱਤਰ ਅਤੇ ਚਾਰ ਧੀਆਂ ਸ਼ਾਮਲ ਸਨ। ਘਰ ਵਿਚ ਹਰ ਚੀਜ਼, ਵਸਤ, ਖਾਣ ਪੀਣ ਦੀਆਂ ਚੀਜ਼ਾਂ ਅਤੇ ਇੱਥੋਂ ਤੱਕ ਕਿ ਪਾਲਤੂ ਜਾਨਵਰ ਵੀ ਮੇਰੇ ਪਿਤਾ ਦੀ ਨਰ ਔਲਾਦ ਵਿਚਾਲੇ ਬਰਾਬਰ ਬਰਾਬਰ ਵੰਡੇ ਹੋਏ ਸਨ॥
ਇਸ ਤਰ੍ਹਾਂ ਸਾਡੇ ਘਰ ਵਿਚਲੀਆਂ ਸਾਰੀਆਂ ਛੇ ਮੁਰਗੀਆਂ ਸਾਡੇ ਭਰਾਵਾਂ ਨੂੰ ਵੰਡ ਕੇ ਦਿੱਤੀਆਂ ਹੋਈਆਂ ਸਨ।ਮੈਂ ਇਸ ਨੂੰ ਮੁਰਗੀਆਂ ਦੀ ਵੰਡ ਵਿਚ ਆਪਣੇ ਆਪ ਨੂੰ ਮੰਦਭਾਗਾ ਤਾਂ ਨਹੀਂ ਕਹਾਂਗਾ ਕਿ ਮੇਰੇ ਹਿੱਸੇ ਜੋ ਮੁਰਗੀ ਆਈ ਉਹ ਕਾਣੀ ਸੀ। ਦੇਖੋ ਨਾ, ਅੰਡੇ ਅੱਖਾਂ ਰਾਹੀਂ ਤਾਂ ਨਹੀਂ ਦਿੱਤੇ ਜਾਂਦੇ! ਮੈਂ ਮੇਰੀ ਮੁਰਗੀ ਨੂੰ ਏਨਾ ਪਿਆਰਾ ਕਰਦਾ ਸੀ ਕਿ ਮੈਂ ਉਸ ਦੀ ਦੁਖਾਂਤਕ ਮੌਤ ਉਤੇ 38 ਸਾਲਾਂ ਪਿੱਛੋਂ ਵੀ ਸੋਗ ਮਨਾ ਰਿਹਾ ਹਾਂ। ਇਨ੍ਹੀਂ ਦਿਨੀਂ ਪੁੱਤਰ ਆਪਣੇ ਬਾਪ ਦੀ ਬਰਸੀ ਵੀ 10 ਸਾਲਾਂ ਬਾਅਦ ਮਨਾਉਣਾ ਭੁੱਲ ਜਾਂਦੇ ਹਨ, ਟਾਂਵੇਂ ਟਾਂਵਿਆਂ ਨੂੰ ਛੱਡ ਕੇ॥
ਰੋਜ਼ ਸਵੇਰੇ ਜਦੋਂ ਮੇਰੀ ਮਾਂ ਦੁੱਧ ਰਿੜਕ ਲੈਂਦੀ ਸੀ ਅਤੇ ਮੱਖਣ ਕੱਢ ਲਿਆ ਕਰਦੀ ਸੀ, ਮੈਂ ਮੁੜ ਤੋਂ ਮਧਾਣੀ ਗੇੜਣ ਲੱਗ ਪੈਂਦਾ ਸਾਂ। ਮੈਂ ਹਮੇਸ਼ਾ ਮੁੱਠੀ ਭਰ ( 9 ਸਾਲ ਦੀ ਉਮਰ ਵਿਚ ਮੇਰੀ ਮੁੱਠੀ ਵੀ ਛੋਟੀ ਜੁ ਸ ੀ) ਮੱਖਣ ਕੱਢਣ ਵਿਚ ਕਾਮਯਾਬ ਹੋ ਜਾਇਆ ਕਰਦਾ ਸੀ। ਫੇਰ ਮੈਂ ਆਪਣੀ ਮੁਰਗੀ ਨੂੰ ਬੁਲਾਉਂਦਾ ਅਤੇ ਆਪਣੇ ਹੱਥੀਂ ਆਪਣੀ ਮਿਹਨਤ ਦਾ ਫਲ ਖੁਆਉਂਦਾ॥
ਤੇ ਜਿਸ ਵੇਲੇ ਇਹ ਕਾਣੀ ਆਂਡਾ ਦਿੰਦੀ, ਮੈਂ ਸਕੂਲੋਂ ਆ ਗਿਆ ਹੁੰਦਾ। ਉਹ ਘਰ ਦੇ ਤੰਦੂਰ ਵਿਚ ਵੜ ਕੇ ਆਂਡਾ ਦਿਆ ਕਰਦੀ ਸੀ ਕਿਉਂ ਕਿ ਉਸ ਵੇਲੇ ਤੱਕ ਤੰਦੂਰ ਦੀ ਸੁਆਹ ਠੰਢੀ ਹੋ ਚੁੱਕੀ ਹੁੰਦੀ ਸੀ। ਤੰਦੂਰ ਵਿਚ ਕੁੱਢਣ ਮਾਰਨ ਲਈ ਮੋਰੀ ਰੱਖੀ ਹੁੰਦੀ ਹੈ। ਤੇ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਮੁਰਗੀ ਨੂੰ ਆਂਡਾ ਦਿੰਦਿਆਂ ਦੇਖਿਆ ਹੈ, ਤੁਸੀਂ ਜਾਣਦੇ ਹੋਵੇਗੇ ਕਿ ਮੁਰਗੀ ਆਂਡਾ ਦੇਣ ਤੋਂ ਪਹਿਲਾਂ ਕੁੱਝ ਚਿਰ ਲਈ ਆਸਨ ਲਗਾ ਕੇ ਬੈਠਦੀ ਹੈ।ਅਤੇ ਆਂਡਾ ਦੇਣ ਤੋਂ ਕੁੱਝ ਪਲ ਪਹਿਲਾਂ ਖੜ੍ਹੀ ਹੁੰਦੀ ਹੈ॥
ਮੈਂ ਉਡੀਕਦਾ ਰਹਿੰਦਾ ਅਤੇ ਕੁੱਢਣ ਮਾਰਨ ਵਾਲੀ ਮੋਰੀ ਵਿਚ ਦੀ ਦੇਖਦਾ ਰਹਿੰਦਾ। ਜਿਉਂ ਹੀ ਉਹ ਉਠਦੀ ਮੈਂ ਤੰਦੂਰ ਦੇ ਅੰਦਰ ਸਹੀ ਟਿਕਾਣੇ ਹੱਥ ਕਰ ਦਿੰਦਾ। ਵਾਹ! ਤਾਜ਼ਾ-ਤਾਜ਼ਾ ਦਿੱਤੇ ਆਂਡੇ ਵਿਚ ਕਿਆ ਨਿੱਘ ਹੋਇਆ ਕਰਦਾ ਸੀ 38 ਸਾਲ ਗੁਜ਼ਰ ਗਏ ਹਨ ਤੇ ਮੈਂ ਉਸ ਨਿੱਘ ਲਈ ਤਰਸ ਰਿਹਾ ਹਾਂ- ਮਨੁੱਖਾਂ ‘ਚੋਂ ਤਾਂ ਇਹ ਅਲੋਪ ਹੀ ਹੋ ਗਿਆ ਹੈ॥
ਅਤੇ ਇਕ ਹੋਰ ਵੀ ਖਿੱਚ ਹੋਇਆ ਕਰਦੀ ਸੀ। ਨਹੀਂ, ਖਿੱਚ ਸਹੀ ਸ਼ਬਦ ਨਹੀਂ ਹੈ, ਸਾਡੇ ਛੇਵਾਂ ਭਰਾਵਾਂ ਲਈ ਆਾਪਣੀ ਆਪਣੀ ਮੁਰਗੀ ਅਤੇ ਸਾਂਝੇ ਮੁਰਗੇ ਨੂੰ ਖੁੱਡੇ ਵਿਚੋਂ ਬਾਹਰ ਨਿਕਲਦਿਆਂ ਦੇਖਣ ਵਿਚ ਇਕ ਉਮਾਹ ਹੋਇਆ ਕਰਦਾ ਸੀ। ਬੇਸ਼ੱਕ, ਮੇਰਾ ਉਮਾਹ ਮੇਰੀ ਕਾਣੋ ਰਾਣੀ ਨੂੰ ਦੇਖ ਕੇ ਹੁੰਦਾ ਸੀ!॥
1967 ਦੀ ੳੇੁਸ ਮੰਦਭਾਗੀ ਸਵੇਰ ਨੂੰ ਬਾਕੀ ਦੀਆਂ ਮੁਰਗੀਆਂ ਅਤੇ ਮੁਰਗਾ ਤਾਂ ਦੌੜ ਕੇ ਕੁੜ-ਕੁੜ ਕਰਦੇ ਖੁੱਡੇ ਵਿੱਚੋਂ ਨਿੱਕਲ ਆਏ, ਮੇਰੇ ਵਾਲੀ ਨਹੀਂ। ਆਮ ਤੌਰ ‘ਤੇ ਉਹ ਸਭ ਤੋਂ ਪਹਿਲਾਂ ਬਾਹਰ ਨਿੱਕਲਿਆ ਕਰਦੀ ਸੀ। ਮੈਂ ਇਸ ਡਰ ਨਾਲ ਕੁੱਝ ਪਲਾਂ ਲਈ ਉਡੀਕਦਾ ਰਿਹਾ ਕਿ ਕਿਤੇ ਉਹ ਬਿਮਾਰ ਨਾ ਹੋ ਗਈ ਹੋਵੇ।ਪੰਜ ਮਿੰਟ। ਦਸ ਮਿੰਟ। ਪਰ ਜਦੋਂ ਉਹ 15 ਮਿੰਟ ਵੀ ਬਾਹਰ ਨਾ ਆਈ ਤਾਂ ਮੈਂ ਖੁੱਡੇ ਵਿਚ ਸਿਰ ਪਾ ਕੇ ਦੇਖਿਆ ਕਿ ਉਹ ਮਰੀ ਪਈ ਸੀ॥
ਕੱਚੇ ਘਰ ਦੀਆਂ ਕੰਧਾਂ ਨੂੰ ਹਿਲਾ ਦੇਣ ਵਾਲੀ ਚੀਕ ਦੇ ਨਾਲ ਮੈਂ ਉਸ ਦੀ ਦੇਹ ਬਾਹਰ ਕੱਢੀ। ਮੈਂ ਅੱਧਾ ਘੰਟਾ ਉਸ ਦੀ ਦੇਹ ਲਾਗੇ ਰੋਂਦਾ ਰਿਹਾ ਅਤੇ ਫੇਰ ਉਸ ਨੂੰ ਸਨਮਾਨਜਨਕ ਤਰੀਕੇ ਨਾਲ ਪਿੰਡ ਦੀ ਫਿਰਨੀ ਉਤੇ ਦਫਨ ਕਰਨ ਲਈ ਉਸ ਨੂੰ ਆਪਣੇ ਨੰਨ੍ਹੇ ਮੋਢਿਆਂ ਉਤੇ ਚੁੱਕ ਕੇ ਕਸੀਆ ਲੈ ਕੇ ਤੁਰ ਪਿਆ॥
ਮੈਂ ਛੋਟਾ ਜਿਹਾ ਟੋਆ ਪੁੱਟਿਆ ਤੇ ਦੇਹ ਉਸ ਦੇ ਲਾਗੇ ਰੱਖ ਦਿੱਤੀ। ਬੇਮੁਹਾਰ ਰੋਂਦਾ ਹੋਣ ਕਰ ਕੇ ਮੇਰੇ ਵਿਚ ਉਸ ਨੂੰ ਦਫਨ ਕਰਨ ਦੀ ਹਿੰਮਤ ਨਹੀਂ ਆ ਰਹੀ ਸੀ। ਮੈਂ ਸਵੇਰੇ 7 ਵਜੇ ਤੋਂ ਰਾਤ ਦੇ 10 ਵਜੇ ਤੱਕ ਰੋਂਦਾ ਰਿਹਾ ਸੀ॥
ਰਾਤ ਦੇ ਦਸ ਵਜੇ ਮੇਰੀ ਮਾਂ ਮੈਨੂੰ ਭਾਲਦੀ-ਭਾਲਦੀ ਆਈ ਤੇ ਦੇਖਿਆ ਕਿ ਮੈਂ ਮਰੀ ਹੋਈ ਮੁਰਗੀ ਅਤੇ ਪੁੱਟੇ ਹੋਏ ਟੋਏ ਕੋਲ ਬੈਠਾ ਰੋ ਰਿਹਾ ਸਾਂ।ਉਸ ਨੇ ਮੇਰੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ: “ਪੁੱਤ, ਜੇ ਤੈਥੋਂ ਨਹੀਂ ਦਬਾਈ ਜਾਂਦੀ ਤਾਂ ਮੈਂ ਦੱਬ ਦਿੰਦੀ ਹਾਂ।“ ਮੁਰਗੀ ਨੂੰ ਦਫਨਾਉਣ ਪਿੱਛੋਂ ਉਸ ਨੇ ਮੈਂਨੂੰ ਜੱਫੀ ਵਿਚ ਲਿਆ, ਚੁੱਕ ਲਿਆ ਅਤੇ ਘਰੇ ਲੈ ਆਈ। ਅਸੀਂ ਦੋਵੇਂ ਸਾਰਾ ਰਾਹ ਰੋਂਦੇ ਆਏ।
ਇਹ ਕੋਈ ਹਲਕਾ-ਫੁਲਕਾ ਲੇਖ (ਮਿਡਲ) ਨਹੀਂ ਹੈ। ਇਹ ਇਕ ਬਹੁਤ ਪਿਆਰੇ ਨੂੰ 38 ਸਾਲਾਂ ਦੀ ਦੇਰੀ ਬਾਅਦ ਦਿੱਤੀ ਗਈ ਸ਼ਰਧਾਂਜਲੀ ਹੈ। ਅਤੇ ਆਖਰੀ ਗੱਲ, ਇਨ੍ਹਾਂ 38 ਸਾਲਾਂ ਵਿਚ ਮੈਨੂੰ ਇੱਕ ਵੀ ਮਨੁੱਖ ਨਹੀਂ ਮਿਲਿਆ ਜੋ ਉਸ ਪਿਆਰ ਦਾ ਹੱਕਦਾਰ ਹੋਵੇ ਜੋ ਮੈਂ ਉਸ ਕੁਕੜੀ ਨੂੰ ਦਿੱਤਾ।
(Since it was published in The Tribune in 2005, 38 years means at that time. For English version, Please visit www.tribuneindia.com/2005/20050606/edit.htm)

ਪਿੰਡ ਡਾਇਰੀ ਤੇ ਯਾਤਰਾਵਾਂ ਲੜੀ:4

॥ ਪੀ ਐਨ ਬੀ 1359॥

ਇਹ ਟ੍ਰੈਕਟਰ ਮੇਰੀ ਸੁਰਤ ਤੋਂ ਪਹਿਲਾਂ ਖਰੀਦਿਆ ਗਿਆ ਸੀ: ਦਾਦੀ ਅਤੇ ਸੁਖਦੇਵ ਚਾਚੇ ਦੀ ਮਾਂ ਧੰਨੋ ਦੱਸਿਆ ਕਰਦੀਆਂ ਸਨ ਕਿ ਔਸ ਥਾਂ ਤੋਂ ਪੱਟ ਕੇ ਚਾਂਦੀ ਦੇ 16000 ਰੁਪਏ ਕੱਢੇ ਗਏ ਸਨ ਇਹ ਟ੍ਰੈਕਟਰ ਖਰੀਦਣ ਲਈ। ਫੋਰਡਸਨ ਮੇਜਰ ਟ੍ਰੈਕਟਰ ਸੀ, ਜਿਸ ਦੇ ਨਾਲ ਦਾ ਟ੍ਰੈਕਟਰ ਸਿਰਫ ਨਾਲ ਲਗਦੇ ਪਿੰਡ ਦੇਸੂ ਮਲਕਾਣੇ ਵਾਲੇ ਪ੍ਰਤਾਪ ਕੋਲ ਹੋਇਆ ਕਰਦਾ ਸੀ ਜਿਸ ਨਾਲ ਮੇਰੇ ਪਿਉ-ਦਾਦੇ ਦੀ ਸੇਫੀ ਸੀ।
ਸਾਡੇ ਪਿੰਡ ਦਾ ਇਹ ਪਹਿਲਾ ਟ੍ਰੈਕਟਰ ਸੀ। ਬਾਅਦ ਵਿਚ ਤਾਂ ਬਥੇਰੇ ਟ੍ਰੈਕਟਰ ਆਏ। ਤਾਰ ਗਿਆਨੀ ਕਾ ਜ਼ੀਟਰ, ਕਿਸ਼ਨੇ ਕੇ ਬੂਟੇ ਕਾ ਮਰਸੀ ਫਰਗੂਸਨ, ਕਿਸੇ ਦੇ ਆਈਸ਼ਰ ਤੇ ਹੁਣ ਤਾਂ ਪਤਾ ਨਹੀਂ ਕੀਹਦੇ ਕੋਲ ਕਿਹੜਾ ਟ੍ਰੈਕਟਰ ਹੈ। (ਪਿੰਡ ਵਿਚ ਪਹਿਲਾ ਰੇਡੀਓ-ਮਰਫੀ- ਵੀ ਮੇਰੇ ਬਾਪ ਨੇ ਲਿਆਂਦਾ, ਪਹਿਲਾ ਥ੍ਰੈਸ਼ਰ ਵੀ।)
ਸਾਡੇ ਟ੍ਰੈਕਟਰ ਦਾ ਰਜਿਸਟ੍ਰੇਸ਼ਨ ਨੰਬਰ ਪੀ ਐਨ ਬੀ 1359 ਸੀ, ਸ਼ਾਇਦ ਇਹ ਰਾਮਾ ਮੰਡੀ ਦੇ ਕਿਸੇ ਸੇਠ ਤੋਂ ਖਰੀਦਿਆ ਗਿਆ ਸੀ। (ਬਠਿੰਡਾ ਜ਼ਿਲੇ ਦੇ ਟਰਾਂਸਪੋਰਟ ਮਹਿਕਮੇ ਨਾਲ ਜੁੜਿਆ ਕੋਈ ਮਿੱਤਰ ਪੜ੍ਹੇ ਤਾਂ ਇਸ ਨੰਬਰ ਦਾ ਮੁੱਢ ਤਲਾਸ਼ ਕੇ ਦੱਸਣ ਦੀ ਕਿਰਪਾ ਕਰੇ।)
ਬੜੇ ਸਾਲ ਇਸ ਨੂੰ ਚਾਚਾ ਚਲਾਉਂਦਾ ਰਿਹਾ ਗੁਰੂਸਰ ਅਤੇ ਕਾਲਾਂਵਾਲੀ ਵਿਚਾਲੇ- ਜ਼ਿਆਦਾਤਰ ਕਾਲਾਂਵਾਲੀ ਵਿਚ। ਫੇਰ ਚਾਚਾ ਕਹਿੰਦਾ ਕਿ ਇਹ ਮੈਂ ਲਿਜਾਣਾ ਹੈ ਤੇ ਉਹ ਸਾਡੇ ਹਿੱਸੇ ਦੇ 8000 ਰੁਪਏ ਤਾਰ ਕੇ ਇਸ ਨੂੰ ਲੈ ਗਿਆ।
(ਖਚਰ ਮੋਛਾ: ਸਾਡੇ ਘਰੇ ਕਿੱਕਰ ਦਾ ਇਕ ਮੁੱਢ ਬੜੇ ਸਾਲਾਂ ਦਾ ਪਿਆ ਸੀ ਤੇ ਚਾਚਾ ਅਕਸਰ ਮੇਰੇ ਪਿਉ ਨੂੰ ਕਹਿੰਦਾ ਰਹਿੰਦਾ ਸੀ ਕਿ ਇਸ ਨੂੰ ਲਿਜਾਣਾ ਚਾਹੁੰਦਾ ਹੈ। ਅਖੀਰ ਉਹ ਇਹ ਮੁੱਢ ਵੀ ਲੈ ਗਿਆ।)
ਚਾਚਾ ਆਪਣੇ ਖੇਤਾਂ ਵਿਚ ਇਸ ਤੋਂ ਕੰਮ ਲੈਂਦਾ ਰਿਹਾ ਤੇ ਕਿਰਾਏ ‘ਤੇ ਵੀ ਚਲਾਉਂਦਾ ਰਿਹਾ। ਕਈ ਸਾਲਾਂ ਪਿੱਛੋਂ 1981 ਵਿਚ ਉਹ ਇਕ ਦਿਨ ਰਾਤ ਨੂੰ ਟ੍ਰੈਕਟਰ ‘ਤੇ ਤਲਵੰਡੀ ਸਾਬੋ ਤੋਂ ਆ ਰਿਹਾ ਸੀ ਕਿ ਰਸਤੇ ਵਿਚ ਪੈਂਦੇ ਬਿਜਲੀ ਬੋਰਡ ਦੇ ਦਫਤਰ ਨਜ਼ਦੀਕ ਇਸ ਤੋਂ ਡਿੱਗ ਕੇ ਪਿਛਲੇ ਟਾਇਰ ਹੇਠ ਆ ਕੇ ਮਾਰਿਆ ਗਿਆ। ਪੀਤੀ ਹੋਈ ਸੀ।
(ਖੱਚਰ ਮੋਛਾ: ਕਿੱਕਰ ਦਾ ਉਹੀ ਮੁੱਢ ਉਸ ਦਾ ਸਸਕਾਰ ਕਰਨ ਦੇ ਕੰਮ ਆਇਆ।)
ਟ੍ਰੈਕਟਰ ਵਾਪਸ 16000 ਰੁਪਏ ਵਿਚ ਮੇਰੇ ਬਾਪ ਨੇ ਖਰੀਦ ਲਿਆ। ਅਸੀਂ ਦੋ (ਸਕੇ) ਭਰਾ ਨੌਕਰੀ ਕਰਦੇ ਸਾਂ ਤੇ ਸਭ ਤੋਂ ਛੋਟਾ ਏਨਾ ਨਿੱਖਟੂ ਸੀ ਕਿ ਟ੍ਰੈਕਟਰ ਦੀ ਕੋਈ ਵਰਤੋਂ ਨਾ ਕਰ ਸਕਿਆ ਜਦ ਕਿ ਬਾਪ ਦੀ ਉਮਰ ਨਹੀਂ ਰਹੀ ਸੀ ਟ੍ਰੈਕਟਰ ਤੋਰਨ ਦੀ। ਖੜ੍ਹਾ-ਖੜ੍ਹਾ ਬੇਕਾਰ ਹੋ ਗਿਆ ਤੇ ਅਖੀਰ ਸਿਰਸਾ ਦੇ ਕਿਸੇ ਕਬਾੜੀਏ ਨੂੰ 35,000 ਰੁਪਏ ਵਿਚ ਵੇਚ ਦਿੱਤਾ ਗਿਆ।
‘ਇਕ ਟ੍ਰੈਕਟਰ ਨੂੰ ਸ਼ਰਧਾਂਜਲੀ’ ਸਿਰਲੇਖ ਤਹਿਤ ਇਸ ਟ੍ਰੈਕਟਰ ਦੀ ਕਹਾਣੀ ‘The Statesman’ ਵਿਚ ‘Now & Again’ ਕਾਲਮ ਵਿਚ 1994 ਵਿਚ ਛਪੀ ਸੀ। ਘਰ ਵਿਚੋਂ ਉਸ ਲੇਖ ਦੀ ਕਤਰਨ ਨਹੀਂ ਮਿਲੀ, ਜੇ ਮਿਲ ਗਈ ਤਾਂ ਇਸ ਪੋਸਟ ਨੂੰ ਉਤਾਰ ਕੇ ਉਸ ਦਾ ਅਨੁਵਾਦ ਚਾੜ੍ਹਾਂਗਾ ਕਿਉਂ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਉਹ ਲੇਖ ਇਸ ਪੋਸਟ ਨਾਲੋਂ ਕਿਤੇ ਜ਼ਿਆਦਾ ਸੁਹਣਾ ਸੀ।
(28 ਅਪ੍ਰੈਲ 2010)
For more information on Fordson Major Tractor, please visit:http://wiki/Fordson_tractor

Monday, April 26, 2010

ਪਿੰਡ ਡਾਇਰੀ ਤੇ ਯਾਤਰਾਵਾਂ: ਲੜੀ 3

॥ਕੁੱਤਾ ਮੇਰਾ ਚਾਚਾ ਤੇ ਚਾਚਾ ਮੇਰਾ ਕੁੱਤਾ॥
ਸਮਝ ਨਹੀਂ ਆਉਂਦੀ ਕਿ ਪਹਿਲਾਂ ਸਮਝਦਾਰ ਬਿੱਲੂ ਬਾਰੇ ਗੱਲ ਸ਼ੁਰੂ ਕਰਾਂ ਕਿ ਬੇਵਕੂਫ ਚਾਚੇ ਸੁਖਦੇਵ ਬਾਰੇ। ਕਿਉਂ ਕਿ ਕੁੱਤਿਆਂ ਨੇ ਚਾਚਿਆਂ ਨਾਲੋਂ ਜ਼ਿਆਦਾ ਨਾਂਅ ਕਮਾਇਆ ਹੈ, ਇਸ ਲਈ ਇਥੇ ਵੀ ਮੈਂ ਕੁੱਤੇ ਨੂੰ ਬਾਜ਼ੀ ਮਾਰਨ ਦੇਵਾਂਗਾ।
2. {ਕਹਿੰਦੇ ਨੇ ਕਿ ਯੁਧਿਸ਼ਟਰ ਲਈ ਸਵਰਗ ਵਿਚ ਸੀਟ ਰਾਖਵੀਂ ਸੀ ਅਤੇ ਉਹ ਆਪਣੇ ਕੁੱਤੇ ਸਮੇਤ ਧਰਮਰਾਜ ਦੇ ਦਰਬਾਰ ਪਹੁੰਚ ਗਿਆ। ਦਰਬਾਨਾਂ ਨੂੰ ਇਹ ਤਾਂ ਪਤਾ ਸੀ ਕਿ ਯੁਧਿਸ਼ਟਰ ਲਈ ਸੀਟ ਰਾਖਵੀਂ ਹੈ, ਕੁੱਤੇ ਦੀ ਸੀਟ ਬਾਰੇ ਨਹੀਂ ਪਤਾ ਸੀ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਅੰਦਰ ਚਲਿਆ ਜਾਵੇ ਪਰ ਕੁੱਤਾ ਨਹੀਂ ਜਾ ਸਕਦਾ। ਯੁਧਿਸ਼ਟਰ ਨੇ ਕਿਹਾ ਕਿ ਉਹ ਕੁੱਤੇ ਬਗੈਰ ਨਹੀਂ ਜਾ ਸਕਦਾ, ਉਸ ਨੂੰ ਨਰਕ ਦਾ ਰਸਤਾ ਦੱਸਿਆ ਜਾਵੇ। ਘਬਰਾ ਕੇ ਇਕ ਦਰਬਾਨ ਧਰਮਰਾਜ ਕੋਲ ਚਲਿਆ ਗਿਆ ਤੇ ਸਾਰੀ ਗੱਲ ਦੱਸੀ। ਧਰਮ ਰਾਜ ਨੇ ਕਿਹਾ ਕਿ ਆਉਣ ਦਿਉ ਕੁੱਤੇ ਸਮੇਤ।(ਇਥੇ ਮੇਰੀ ਬਰਨਾਲਾ ਵਾਲੇ ਦੋਸਤਾਂ ਨੂੰ ਬੇਨਤੀ ਹੈ ਕਿ ਉਹ ਇਸ ਮਿੱਥ ਨੂੰ ਨਿੰਬੂ ਵਾਂਗ ਨਾ ਨਿਚੋੜ ਦੇਣ)}
3. ਖੈਰ! ਬਿੱਲੂ ਕੁੱਤਾ ਕਦੋਂ ਮੇਰੇ ਪਿਉ ਨੇ ਲਿਆਂਦਾ, ਮੇਰੇ ਯਾਦ ਨਹੀਂ ਪਰ ਜਦੋਂ ਤੋਂ ਸੁਰਤ ਸੰਭਾਲੀ ਤਾਂ ਉਹ ਘਰ ਵਿਚ ਸੀ। ਅਲਸੈਸ਼ਨ ਨਸਲ ਦਾ ਸੀ ਜਿਸ ਨੂੰ ਜਰਮਨ ਸ਼ੈਫਰਡ ਵੀ ਕਿਹਾ ਜਾਂਦਾ ਹੈ। ਉਹ ਜ਼ਿਆਦਾਤਰ ਸਾਡੇ ਬਾਹਰਲੇ ਘਰ (ਵਾੜੇ) ‘ਚ ਹੀ ਰਿਹਾ ਕਰਦਾ ਸੀ ਜਿੱਥੇ ਸਾਡੀਆਂ ਦੋ ਬੋਤੀਆਂ ਤੇ ਹੋਰ ਡੰਗਰ ਬੱਝੇ ਹੁੰਦੇ ਸਨ। ਬਿੱਲੂ ਦੇ ਉਥੇ ਹੁੰਦਿਆਂ ਨਾ ਤਾਂ ਰਾਤ ਨੂੰ ਕਿਸੇ ਚੋਰ-ਉਚੱਕੇ ਦੇ ਵੜਣ ਦਾ ਖਤਰਾ ਸੀ, ਤੇ ਨਾ ਕਿਸੇ ਡੰਗਰ ਦੇ ਰੱਸਾ ਤੁੜਾ ਕੇ ਭੱਜਣ ਦਾ। ਬੋਤੀਆਂ ਵਿਚੋਂ ਇਕ ਬੜੀ ਨਉਗਹਟੇ ਸੀ, ਅਕਸਰ ਕਿੱਲੇ ਤੋਂ ਮੁਹਾਰ ਤੁੜਵਾ ਕੇ ਦੌੜ ਜਾਂਦੀ ਸੀ। ਜੇ ਤਾਂ ਉਸ ਦੇ ਮੁਹਾਰ ਦਾ ਟੋਟਾ ਲਮਕਦਾ ਹੁੰਦਾ ਤਾਂ ਬਿੱਲੂ ਉਸ ਨੂੰ ਮੁਹਾਰ ਤੋਂ ਫੜ ਕੇ ਵਾਪਸ ਲਿਆਇਆ ਕਰਦਾ ਸੀ, ਜੇ ਨਾੱਟੀ ਤੋਂ ਤੁੜਵਾ ਕੇ ਗਈ ਹੁੰਦੀ ਤਾਂ ਖੁੱਚ ਤੋਂ ਫੜ ਕੇ ਲਿਆਉਂਦਾ।
4. ਮੇਰਾ ਬਾਪ ਜ਼ਿਆਦਾ ਤਰ ਘਰ ਵਿਚ ਹੀ ਸ਼ਰਾਬ ਪੀਆ ਕਰਦਾ ਸੀ, ਪਰ ਕਦੇ-ਕਦੇ ਬਾਹਰ ਵੀ ਪੀ ਲੈਂਦਾ ਸੀ। ਘਰੇ ਪੀਂਦਾ ਤਾਂ ਮੀਟ ਨਾਲ ਰੋਟੀ ਖਾ ਕੇ ਸੌਂ ਜਾਂਦਾ ਸੀ (ਸਾਡੇ ਘਰ ਬਾਰਾਂ-ਮਹੀਨੇ ਤੀਹ ਦਿਨ, ਸਰਦੀਆਂ ਵਿਚ ਬੱਕਰੇ ਦਾ ਤੇ ਗਰਮੀਆਂ ਵਿਚ ਮੁਰਗੇ ਦਾ ਮੀਟ ਬਣਦਾ ਸੀ। ਮੇਰਾ ਪਿਉ ਸੌ-ਡੇਢ ਸੌ ਚੂਚੇ ਇਕੱਠੇ ਲਿਆਇਆ ਕਰਦਾ ਅਤੇ ਜਦੋਂ ਉਹ 4-5 ਸੌ ਗ੍ਰਾਮ ਦੇ ਹੋ ਜਾਂਦੇ ਤਾਂ ਵਾਢਾ ਸ਼ੁਰੂ ਕਰ ਦਿੰਦਾ। ਬੱਕਰਾ ਜਿਉਂਦਾ ਲਿਆ ਕੇ ਕਸਾਈ ਤੋਂ ਜਿਬ੍ਹਾ ਕਰਵਾ ਲੈਂਦਾ, ਸਿਰੀ, ਓਝਰੀ ਤੇ ਖੱਲ ਕਸਾਈ ਲੈ ਜਾਂਦਾ ਅਤੇ ਬਾਕੀ ਸਾਬਤ-ਸਬੂਤ ਬੱਕਰਾ, ਉਸ ਉਤੇ ਨਮਕ ਲਗਾ ਕੇ, ਕਪੜੇ ਵਿਚ ਲਪੇਟ ਕੇ ਚੁਬਾਰੇ ਦੀ ਛੱਤ ‘ਚ ਗੱਡੀ ਕੁੰਡੀ ਨਾਲ ਟੰਗ ਦਿੰਦਾ। ਵੱਢੀ ਜਾਂਦਾ, ਖਾਈ-ਖੁਆਈ ਜਾਂਦਾ, ਤੇ ਫੇਰ ਦੂਜਾ ਬੱਕਰਾ।) ਕਦੇ ਕਦੇ ਬਾਪੂ ਕਿਤੇ ਬਾਹਰ ਜਾ ਕੇ ਵੀ ਪੀ-ਪਿਆ ਲੈਂਦਾ ਸੀ ਜਿੱਥੋਂ ਵਾਪਸ ਆਉਂਦਿਆਂ ਉਹ ਕਈ ਵੇਰ ਆਊਟ ਹੋ ਕੇ ਰਸਤੇ ਵਿਚ ਡਿੱਗ ਪੈਂਦਾ ਸੀ।
5. ਜਿਸ ਦਿਨ ਹਨੇਰਾ ਹੋ ਜਾਂਦਾ ਸੀ ਬਿੱਲੂ ਪਿੰਡ ਦੀਆਂ ਗਲ਼ੀਆਂ ਗਾਹ ਦਿੰਦਾ ਸੀ ਤੇ ਜਿੱਥੇ ਉਸ ਨੂੰ ਮੇਰਾ ਪਿਓ ਡਿੱਗਿਆ ਮਿਲ ਜਾਂਦਾ, ਉਥੋਂ ਉਹ ਦੌੜ ਕੇ ਸਾਡੇ ਘਰੇ ਪਹੁੰਚ ਜਾਂਦਾ ਅਤੇ ਮੇਰੀ ਦਾਦੀ ਦੀ ਕੁੜਤੀ ਖਿੱਚ ਕੇ ਭੌਂਕਣ ਲੱਗ ਜਾਂਦਾ। ਦਾਦੀ ਵੀ ਸਮਝਦੀ ਸੀ ਕਿ ਇਸ ਨੇ ‘ਬਾਬੂ ਸਾਹਬ’ ਲੱਭ ਲਿਆ ਹੈ। ਉਹ ਦੋ ਸਿਆਣਿਆਂ ਨੂੰ ਨਾਲ ਲੈ ਕੇ ਬਿੱਲੂ ਦੇ ਪਿੱਛੇ ਪਿੱਛੇ ਜਾਂਦੀ ਤੇ ਨਾਲ ਦੇ ਸਿਆਣੇ ਬੰਦੇ ਮੇਰੇ ਪਿਓ ਨੂੰ ਚੁੱਕ ਕੇ ਘਰ ਲੈ ਆਉਂਦੇ।
ਕੁੱਤੇ ਦੀ ਉਮਰ ਵੱਧ ਤੋਂ ਵੱਧ 14 ਤੋਂ 16 ਸਾਲ ਦੀ ਦੱਸੀ ਜਾਂਦੀ ਹੈ। ਜਿਸ ਦਿਨ ਬਿੱਲੂ ਦੀ ਮੌਤ ਹੋਈ, ਉਸ ਦਿਨ ਮੇਰੀ ਸੀਤੋ ਭੂਆ ਦੇ ਵਿਆਹ ਦੀ ਕੜਾਹੀ ਚੜ੍ਹੀ ਹੋਈ ਸੀ। ਉਨ੍ਹਾਂ ਦਿਨਾਂ ਵਿਚ ਕੈਮਰੇ-ਸ਼ੂਮਰੇ ਨਹੀਂ ਹੁੰਦੇ ਸਨ ਨਹੀਂ ਤਾਂ ਮੈਂ ਉਸ ਵਫਾਦਾਰ ਬਿੱਲੂ ਦੀ ਤਸਵੀਰ ਇਥੇ ਜ਼ਰੂਰ ਦਿੰਦਾ।
6. ਰਹੀ ਚਾਚੇ ਦੀ ਗੱਲ, ਮੇਰੇ ਪਿਓ ਦੀ ਭੂਆ ਦਾ ਪੁੱਤ ਸੀ। ਉਸ ਨਾਲ ਸਾਡਾ ਟ੍ਰੈਕਟਰ ਸਾਂਝਾ ਸੀ। ਸਾਡੇ ਖੇਤਾਂ ਵਿਚ ਕੰਮ ਹੁੰਦਾ ਤਾਂ ਉਥੇ ਕਰਦਾ, ਉਨ੍ਹਾਂ ਦੇ ਪਿੰਡ (ਤਲਵੰਡੀ ਸਾਬੋ ਨੇੜੇ ਗੁਰੂਸਰ) ਕੰਮ ਹੁੰਦਾ ਤਾਂ ਆਪਣੇ ਖੇਤਾਂ ‘ਚ ਕੰਮ ਕਰਦਾ, ਵਿਹਲਾ ਹੁੰਦਾ ਤਾਂ ਟ੍ਰੈਕਟਰ ਕਿਰਾਏ ‘ਤੇ ਚਲਾਉਂਦਾ। ਕਿਰਾਏ ‘ਤੇ ਟ੍ਰੈਕਟਰ ਚਲਾਉਂਦਾ ਉਹ ਵੀ ਰਾਤ ਨੂੰ ਬਾਹਰਲੇ ਘਰ ਵਿਚ ਹੀ ਸੌਂਦਾ ਸੀ।ਕਿਰਾਏ ਦੀ ਵੱਟਤ ਵਿਚੋਂ ਮੇਰਾ ਪਿਉ ਹਿੱਸਾ ਨਹੀਂ ਲਿਆ ਕਰਦਾ ਸੀ, ਚਾਚਾ ਲਾਲਚੀ ਸੀ,ਲੋਕਾਂ ਦੇ ਕੰਮ ਦੇਰ ਰਾਤ ਤੱਕ ਕਰਦਾ ਰਹਿੰਦਾ। ਮੈਂ ਜ਼ਿਆਦਾਤਰ ਸਕੂਲੋਂ ਮੁੜ ਕੇ ਉਥੇ ਚਲਿਆ ਜਾਂਦਾ ਜਿੱਥੇ ਉਹ ਟ੍ਰੈਕਟਰ ਚਲਾ ਰਿਹਾ ਹੁੰਦਾ ਤੇ ਸਾਰਾ ਸਮਾਂ ਚਲਦੇ ਟ੍ਰੈਕਟਰ ਦੇ ਮਡਗਾਰਡ ਉਤੇ ਬੈਠਾ ਰਹਿੰਦਾ। ਜਦੋਂ ਕੰਮ ਤੋਂ ਵਾਪਸ ਆਉਂਦਾ ਤਾਂ ਮੇਰਾ ਚਾਚਾ ਚਾਰ ਕੁ ਚਮਚੇ ਸੰਗਤਰਾ ਮਾਰਕਾ ਸ਼ਰਾਬ ਦੇ ਕੌਲੀ ਵਿਚ ਪਾਉਂਦਾ, ਬੀੜੀ ਦੇ ਦੋ ਸੂਟੇ ਲਵਾਉਂਦਾ ਤੇ ਕਹਿੰਦਾ :”ਚੱਲ ਸ਼ੇਰਾ, ਹੁਣ ਘਰੋਂ ਮੇਰੀ ਰੋਟੀ ਲੈ ਕੇ ਆ!”
ਉਸ ਮਾਤਰ ਚੋ.. ਚਾਚੇ ਨੇ ਇਕ 7-8 ਸਾਲ ਦੇ ਬੱਚੇ ਨੂੰ ਸ਼ਰਾਬ ਅਤੇ ਬੀੜੀਆਂ ਪੀਣ ਲਾ ਦਿੱਤਾ।
(27 ਅਪ੍ਰੈਲ 2010)


ਪਿੰਡ ਡਾਇਰੀ ਤੇ ਯਾਤਰਾਵਾਂ-2

॥ਸਾਹਮਣੇ ਘਰ ਵਾਲੀ ਅੰਬੋ॥
ਸਾਡੇ ਪਿੰਡ ਵਾਲੇ ਪੁਰਾਣੇ ਘਰ ਦਾ ਹੁਣ ਨਾਂਅ ਨਿਸ਼ਾਨ ਵੀ ਬਾਕੀ ਨਹੀਂ ਹੈ। ਛੋਟੇ ਭਰਾ ਨੇ ਲਾਲ ਡੋਰੇ ਤੋਂ ਬਾਹਰ 'ਕੋਠੀ' ਪਾ ਲਈ ਹੈ, ਪਰ ਮੈਨੂੰ ਅੱਜ ਵੀ ਸੁਫਨੇ ਵਿਚ ਉਹ ਪੁਰਾਣਾ ਘਰ ਦਿਸਦਾ ਹੈ। ਲੰਬੂਤਰਾ ਜਿਹਾ ਘਰ ਸੀ। ਪਿਛਲੇ ਅੱਧ ਦੇ ਨਾਲ ਜਗਤੇ ਔਤ ਦਾ ਖਾਲੀ ਥਾਂ ਪਿਆ ਸਾ, ਅਗਲੇ ਅੱਧ ਵਿਚ ਬੰਬਰੀ ਕੇ ਗੁਰਦਿਆਲ ਦਾ ਘਰ ਸੀ ਜੋ ਪਿੰਡ ਮਲਿਕਪੁਰੇ ਵਸਣ ਪਿੱਛੋਂ ਇਹ ਘਰ ਸਾਨੂੰ ਵੇਚ ਗਿਆ ਸੀ। ਖੱਬੇ ਪਾਸੇ ਅਮਰ ਸਿੰਹੁ ਮੋਟੇ ਕਾ ਘਰ- ਜਿਸ ਨੇ ਕਿਸੇ ਵੇਲੇ ਜਗਮਾਲਵਾਲੀ ਵਿਖੇ ਸ਼ਿਵਰਾਤਰੀ ਦੇ ਮੇਲੇ ਉਤੇ ਇਕ ਥਾਣੇਦਾਰ ਨੂੰ ਘੋੜੇ ਤੋਂ ਲਾਹ ਕੇ ਉਸ ਦੀ ਮੰਜਾਈ ਕੀਤੀ ਸੀ- ਫੇਰ ਮੱਲ ਕਾ ਘਰ, ਤੇ ਉਸ ਤੋਂ ਅੱਗੇ ਜੋਗੇ ਨੰਬਰਦਾਰ ਕਾ ਘਰ ਤੇ ਅਖੀਰ ਵਿਚ ਕਿਸ਼ਨੇ ਕੇ ਬੂਟੇ ਕਾ ਘਰ। ਇਹ ਸਾਰੇ ਘਰ ਹੁਣ ਉਥੋਂ ਉਠ ਕੇ ਲਾਲ ਡੋਰੇ ਤੋਂ ਬਾਹਰ ਚਲੇ ਗਏ ਹਨ, ਮੈਂਨੂੰ ਸੁਫਨੇ ਲੈਣ ਲਈ ਉਥੇ ਛੱਡ ਕੇ!
2. ਸਾਡੇ ਸਾਹਮਣੇ ਘਰ ਵਿਚ ਇਕ ਬੁੱਢੀ ਰਹਿੰਦੀ ਸੀ, ਜਿਸ ਨੂੰ ਅਸੀਂ 'ਸਾਹਮਣੇ ਘਰ ਵਾਲੀ ਅੰਬੋ' ਕਿਹਾ ਕਰਦੇ ਸਾਂ। ਉਸ ਨੇ ਸਾਰੀ ਉਮਰ ਦੁੱਖ ਭੋਗਿਆ ਅਤੇ ਉਮਰ ਦੇ ਆਖਰੀ ਕੁੱਝ ਕੁ ਸਾਲਾਂ ਵਿਚ ਥੋੜ੍ਹਾ ਬਹੁਤ ਚੈਨ ਹਾਸਲ ਕੀਤਾ। ਬੁੜ੍ਹੀ ਦੇ ਦੋ ਪੁੱਤਰ ਸਨ। ਵੱਡੇ ਦਾ ਵਿਆਹ ਹੋ ਗਿਆ ਪਰ ਮੁਕਲਾਵਾ ਲਿਆਉਣ ਤੋਂ ਪਹਿਲਾਂ ਹੀ ਪੁੱਤ ਦੀ ਮੌਤ ਹੋ ਗਈ। ਬਠਿੰਡਾ ਲਾਗੇ ਗਹਿਰੀ ਭਾਗੀ ਪਿੰਡ ਦੀ ਕੁੜੀ ਸੀ ਉਹ, ਤੇ ਉਹ ਵੀ ਮੇਰੀ ਅੰਬੋ ਹੀ ਲਗਦੀ ਸੀ। (ਪਿਛਲੀਆਂ 14 ਪੀੜ੍ਹੀਆਂ ਤੋਂ ਸਾਡੇ ਘਰ ਸਿਰਫ ਇਕੋ ਪੁੱਤ ਜਿਉਂਦਾ ਰਹਿਣ ਕਾਰਣ ਸਾਡੀ ਪੀੜ੍ਹੀ ਕਾਫੀ ਪਿੱਛੇ ਰਹਿ ਗਈ ਸੀ, ਜਿਸ ਸਦਕਾ ਜ਼ਿਆਦਾਤਰ ਬੱਚੇ, ਬੁੱਢੇ ਤੇ ਜਵਾਨ ਮੇਰੇ ਬਾਬੇ ਹੀ ਲਗਦੇ ਸਨ, ਤੇ ਉਨ੍ਹਾਂ ਦੀਆਂ ਤ੍ਰੀਮਤਾਂ ਮੇਰੀਆਂ ਅੰਬੋਆਂ)|

3. ਅੰਬੋ ਨੇ ਦੋ ਬੋਕ ਪਾਲੇ ਸਨ, ਪਤਾ ਨਹੀਂ ਉਸ ਨੂੰ ਉਨ੍ਹਾਂ ਬੋਕਾਂ ਵਿਚ ਕਿਹੜਾ ਪੀਰ ਦਿਸਦਾ ਸੀ। ਸਾਰਾ ਦਿਨ ਬੋਕਾਂ ਦੀ ਸੇਵਾ ਕਰਦੀ ਰਹਿੰਦੀ, ਛੋਟਾ ਪੁੱਤ ਜੱਗਰ ਖੇਤ ਗਿਆ ਹੁੰਦਾ ਤੇ ਘਰ ਵਿਚ ਦੋ ਬੋਕ ਤੇ ਇਕ ਅੰਬੋ। ਮੈਂ ਅੱਜ ਜਦੋਂ ਪਿੱਛਲਝਾਤ ਮਾਰਦਾ ਹਾਂ ਤਾਂ ਤਰਸ ਦੀ ਇਕ ਬਹੁਪਰਤੀ ਤਹਿ ਜੰਮੀ ਹੋਈ ਦਿਖਾਈ ਦਿੰਦੀ ਹੈ।
4. ਅਸੀਂ ਛੋਟੇ-ਛੋਟੇ ਹੁੰਦੇ ਸਾਂ ਤੇ ਵਿਹਲ ਮਿਲਣ ਉਤੇ ਉਸ ਨਾਲ ਜਾਂ ਉਸ ਦੇ ਬੋਕਾਂ ਨਾਲ ਖੇਡਣ ਚਲੇ ਜਾਂਦੇ। ਅੰਬੋ ਨੂੰ ਚਾਅ ਚੜ੍ਹ ਜਾਂਦਾ। ਹੁਣ ਮੈਂ ਸੋਚਦਾਂ ਕਿ ਉਹ ਸਾਡੇ ਵਿਚ ਆਪਣੇ ਪੋਤੇ ਦੇਖਦੀ ਸੀ। ਘਰ ਕੱਚਾ, ਉਹ ਅੰਦਰਲੀ ਸਬ੍ਹਾਤ ਵਿਚ ਜਾਂਦੀ ਅਤੇ ਧੁੱਪ ਵਿਚ ਸੁਕਾਏ ਬੇਰਾਂ ਦੀਆਂ ਮੁੱਠੀਆਂ ਭਰ-ਭਰ ਸਾਨੂੰ ਵੰਡ ਦਿੰਦੀ। (ਪਿਛਲੇ ਦਿਨੀਂ ਮੈਂ ਪਰਿਵਾਰ ਸਮੇਤ ਕੁੱਝ ਸਕੀਰੀਆਂ ਵਿਚ ਜਾ ਕੇ ਆਇਆਂ ਜਿਨ੍ਹਾਂ 'ਚੋ ਇਕ ਦੇ ਘਰ ਬੇਰੀਆਂ ਲੱਗੀਆ ਸਨ। ਉਸ ਘਰ ਵਾਲੀ ਨੇ ਆਉਂਦਿਆਂ ਨੂੰ ਸੇਰ-ਪੌਣਾ ਸੇਰ ਬੇਰ ਫੜਾ ਦਿੱਤੇ। ਘਰ ਵਾਲੀ ਰਸਤੇ ਵਿਚ ਆ ਕੇ ਇਕ ਬੇਰ ਖਾ ਕੇ ਕਹਿਣ ਲੱਗੀ: ਬੇਰ ਬੇਸਵਾਦੇ ਨੇ। ਮੈਂ ਕਿਹਾ ਧੁੱਪ 'ਚ ਸੁਕਾ ਲੈ, ਫੇਰ ਦੇਖੀਂ ਕਿਵੇਂ ਸਾਹਮਣੇ ਘਰ ਵਾਲੀ ਅੰਬੋ ਜਿਉਂਦੀ ਹੋਊ!)

5. ਘਰਾਂ 'ਚੋਂ ਭਾਈਚਾਰੇ ਨੇ ਲਗਾਤਾਰ ਅੰਬੋ ਦੇ ਵੱਡੇ ਪੁੱਤ ਦੇ ਪੇਕਿਆਂ ਨਾਲ ਸੰਪਰਕ ਬਣਾਈ ਰੱਖਿਆ ਅਤੇ ਕਹਿੰਦੇ ਰਹੇ ਕਿ ਕੁੜੀ ਨੂੰ ਛੋਟੇ ਭਰਾ ਜੱਗਰ ਨਾਲ ਤੋਰ ਦਿਉ. ਕੰਜਰ ਨਹੀਂ ਮੰਨੇ। ਪੰਦਰਾਂ ਸਾਲ ਲੰਘ ਗਏ। ਵੱਡਾ ਜਦੋਂ ਮਰਿਆ ਸੀ ਤਾਂ ਮੇਰੇ ਪੂਰੇ ਦੰਦ ਵੀ ਨਹੀਂ ਨਿਕਲੇ ਸਨ। ਇਨ੍ਹਾਂ ਪੰਦਰਾਂ ਸਾਲਾਂ ਵਿਚ ਮੇਰੇ ਮੁੱਛਾਂ ਆ ਗਈਆਂ, ਅੰਬੋ ਦੇ ਸੁੱਕੇ ਬੇਰ ਖਾਂਦਿਆਂ-ਖਾਂਦਿਆਂ। ਬੁੜ੍ਹੀ ਨੇ ਛੋਟਾ ਪੁੱਤ ਜੱਗਰ ਵੀ ਨਾ ਵਿਅਹਿਆ ਇਸ ਆਸ ਵਿਚ ਕਿ ਉਸ ਦੀ ਗਹਿਰੀ ਭਾਗੀ ਵਾਲੀ ਨੂੰਹ ਅੱਜ ਆਈ ਕਿ ਕੱਲ੍ਹ। ਜੱਗਰ ਦੇ ਧੌਲੇ ਆ ਗਏ ਇਨ੍ਹਾਂ ਪੰਦਰਾਂ ਸਾਲਾਂ ਵਿਚ, ਦੋ ਬੋਕਾਂ ਵਿਚੋਂ ਇਕ ਬੋਕ ਮਰ ਗਿਆ। 15 ਸਾਲਾਂ ਬਾਅਦ ਕੁੜੀ ਵਾਲੇ ਮੰਨ ਗਏ!

6.
ਜਿਸ ਦਿਨ ਇਹ ਛੋਟੀ ਅੰਬੋ ਜੱਗਰ ਦੀ ਘਰ ਵਾਲੀ ਬਣ ਕੇ ਆਈ ਉਸ ਦਿਨ ਦੀ ਤਸਵੀਰ ਮੇਰੀਆਂ ਅੱਖਾਂ ਵਿਚ ਅਜੇ ਵੀ ਬਣੀ ਹੋਈ ਹੈ। ਜੱਗਰ ਦੇ ਘਰ ਵਿਚ ਇਕੱਠ ਮਾਰਨ ਵਾਲਿਆਂ ਵਿਚੋਂ ਉਮਰ ਵਿਚ ਮੈਂ ਸਭ ਤੋਂ ਛੋਟਾ ਸਾਂ। ਬੜੇ ਲੋਕ ਮੁੰਜ ਦੇ ਮੰਜਿਆ 'ਤੇ ਬੈਠੇ ਚਸਕੇ ਲੈ ਰਹੇ ਸਨ। ਸਾਹਮਣੇ ਘਰ ਵਾਲੀ ਅੰਬੋ ਤਾਂ ਜਿਵੇਂ ਤੂਫਾਨ ਦਾ ਰੂਪ ਧਾਰ ਗਈ ਹੋਵੇ। ਆਸਮਾਨ ਵਿਚ ਤਿੱਤਰ-ਖੰਭੀ ਛਾਈ ਹੋਈ ਸੀ।
ਮੱਲ ਦੇ ਭਤੀਜੇ ਰਾਜੇ ਨੇ ਕਿਹਾ ਸੀ:" ਜੱਗਰ ਬਾਈ ਨੂੰ ਤਾਂ ਜਰ ਲੱਗੀ ਪਈ ਹੈ, ਅੱਜ ਮੰਜੇ ਦੀਆਂ ਚੂਲਾਂ ਦੀ ਖੈਰ ਨਹੀਂ!"

ਪਿੰਡ ਡਾਇਰੀ ਤੇ ਯਾਤਰਾਵਾਂ-1 ॥ਬਾਬੂ ਸਾਹਿਬ॥

॥ਬਾਬੂ ਸਾਹਿਬ॥

ਮੈਂ ਇਕ ਅਮੀਰ ਬਾਪ ਦੇ ਘਰ ਪੈਦਾ ਹੋਇਆ ਗਰੀਬ ਇਨਸਾਨ ਹਾਂ। ਮੇਰੇ ਪਿਓ ਕੋਲ ਜੱਦੀ 66 ਕਿੱਲੇ ਜ਼ਮੀਨ ਤੋਂ ਇਲਾਵਾ, ਪਿੰਡ ਦੇ ਅੱਜ ਕੱਲ੍ਹ ਮੋਹਤਬਰ ਕਹਾਉਂਦੇ ਜੱਟਾਂ ਦੀ 450 ਕਿੱਲੇ ਜ਼ਮੀਨ ਗਹਿਣੇ ਸੀ। ਮੇਰਾ ਬਾਬਾ ਤਾਂ ਛੋਟੀ ਉਮਰ ਵਿਚ ਹੀ ਚੱਲ ਵਸਿਆ ਸੀ, ਪਰ ਪੜਦਾਦਾ ਜਦੋਂ ਪੂਰਾ ਹੋਇਆ ਤਾਂ ਮੈਂ ਤਿੰਨ ਕੁ ਸਾਲ ਦਾ ਸਾਂ, ਮਤਲਬ 1960-61 ਦੀ ਗੱਲ ਹੈ। ਇਹ ਸਾਰੀ ਜ਼ਮੀਨ ਮੇਰੇ ਪੜਦਾਦੇ ਨੇ ਗਹਿਣੇ ਲਈ ਸੀ।
2. ਮੇਰਾ ਪੜਦਾਦਾ ਇਕ ਨਾਮੀ ਗ੍ਰਾਮੀ ਸੂਦਖੋਰ ਸੀ। ਉਹ ਨਿੱਕੀਆਂ-ਸੁੱਕੀਆਂ ਜਾਤਾਂ ਦੇ ਬੰਦਿਆਂ ਨੂੰ ਵਿਆਜ਼ ਉਤੇ ਪੈਸੇ ਦਿਆ ਕਰਦਾ ਸੀ, ਤੇ ਜੋ ਕੋਈ ਸਮੇਂ ਸਿਰ ਵਿਆਜ਼ ਨਾ ਮੋੜਦਾ, ਤਾਂ ਉਹ ਬੇਰਹਿਮ ਇਨਸਾਨ ਉਸ ਹੱਥੀ ਕੰਮ ਕਰਨ ਵਾਲੇ ਕਾਰੀਗਰ ਦੇ ਔਜਾਰ ਜ਼ਬਤ ਕਰ ਲੈਂਦਾ ਸੀ। ਉਸ ਵੱਲੋਂ ਕਿਸੇ ਮੋਚੀ ਦੇ ਜ਼ਬਤ ਕੀਤੇ ਹਥਿਆਰਾਂ ਵਿਚੋਂ ਇਕ, ਆਰ, ਨਾਲ ਮੈਂ ਹਾਈ ਸਕੂਲ ਵਿਚ ਕਿਤਾਬਾਂ ਵਿਚ ਮੋਰੀਆ ਕਰ ਕੇ ਜਿਲਦਾਂ ਬੰਨ੍ਹਿਆ ਕਰਦਾ ਸਾਂ। ਪਰ ਜਦੋਂ ਮੈਨੂੰ ਉਸ ਆਰ ਦੇ ਮੂਲ ਦਾ ਪਤਾ ਲੱਗਿਆ ਤਾਂ ਮੈਂ ਉਹ ਪਿੰਡ ਦੇ ਖੜ੍ਹੇ ਖੂਹ ਵਿਚ ਸੁੱਟ ਆਇਆ।
4. ਪਿੰਡ ਵਿਚ ਦੁਸ਼ਮਣੀ ਕਾਰਣ ਮੇਰੇ ਪਿਉ ਨੂੰ ਫੌਜ ਵਿਚ ਭਰਤੀ ਕਰਵਾ ਦਿੱਤਾ ਗਿਆ। ਮੇਰੇ ਚਾਚੇ ਦਾ ਵਿਆਹ ਹੋਇਆ ਸੀ, ਮੁਕਲਾਵਾ ਨਹੀਂ ਲਿਆਂਦਾ ਸੀ, ਕਿ ਉਸ ਦੀ ਮੌਤ ਹੋ ਗਈ। ਮੇਰੇ ਪਿਉ ਨਾਲ ਪਹਿਲਾਂ ਮੇਰੀ ਮਾਸੀ ਵਿਆਹੀ ਸੀ ਜੋ ਇਕ ਲੜਕੀ ਨੂੰ ਜਨਮ ਦੇ ਕੇ ਪੂਰੀ ਹੋ ਗਈ। ਉਸ ਦੀ ਥਾਂ ਮੇਰੇ ਨਾਨਕਿਆਂ ਨੇ ਮੇਰੀ ਮਾਂ ਤੋਰ ਦਿੱਤੀ ਸੀ। ਚਾਚੇ ਦੀ ਮੌਤ ਪਿੱਛੋਂ ਉਸ ਦੀ ਵਿਹਾਂਦੜ ਵੀ ਮੇਰੇ ਪਿਉ ਨਾਲ ਤੋਰ ਦਿੱਤੀ। ਇਸ ਤਰ੍ਹਾਂ ਤਿੰਨ ਮਾਂਵਾਂ ਦੇ ਅਸੀਂ ਦਸ ਪੁੱਤ ਧੀਆਂ ਹੋ ਗਏ।
5. ਇਸ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਮਿਲ ਕੇ ਫੌਜ ਦੇ ਅਧਿਕਾਰੀਆ ਕੋਲ ਗਈ ਤੇ ਬੇਨਤੀ ਕੀਤੀ ਕਿ ਉਹ ਮੇਰੇ ਪਿਉ ਨੂੰ ਫਾਰਗ ਕਰ ਦੇਣ ਕਿਉਂ ਕਿ ਉਹ ਮਾਂ-ਬਾਪ ਦਾ ਇਕੋ-ਇਕ ਪੁੱਤਰ ਰਹਿ ਗਿਆ ਸੀ। ਪੰਚਾਇਤ ਦੀ ਬੇਨਤੀ ਮੰਨ ਲਈ ਗਈ ਅਤੇ ਬਾਪੂ ਪਿੰਡ ਵਾਪਸ ਆ ਗਿਆ। ਦੁਸ਼ਮਨੀਆਂ ਮੁੱਕ ਗਈਆ ਸਨ। ਪਰ ਵਾਪਸੀ ਪਿੱਛੋਂ ਮੇਰਾ ਬਾਪ ਬਾਬੂ ਸਿੰਘ ਨਾ ਰਹਿ ਕੇ, 'ਬਾਬੂ ਸਾਹਬ' ਬਣ ਗਿਆ।
6. ਬਾਬੂ ਸਾਹਬ ਨੇ ਦਾਰੂ ਪੀਣ ਨਾਲੋਂ ਪਿਆਉਣ ਦੀ ਵੱਧ ਧੁੱਕੀ ਕੱਢ ਦਿੱਤੀ। 1967 ਜਾ 1968 ਦੀ ਗੱਲ ਹੈ, ਸੰਗਤਰਾ ਮਾਰਕਾ ਦੇਸੀ ਸ਼ਰਾਬ ਦੀ ਬੋਤਲ 8 ਰੁਪਏ ਦੀ ਆਉਂਦੀ ਸੀ, ਉਸ ਦਿਨ ਮੈਂ ਆਪਣੇ ਹੱਥੀਂ 23 ਬੋਤਲਾਂ ਠੇਕੇ ਤੋਂ ਲਿਆਂਦੀਆਂ। 23 ਗੁਣਾ 8 =184 ਰੁਪਏ ਦੀ ਸ਼ਰਾਬ, 1967 ਵਿਚ! ਜੇ ਮੰਨ ਲਿਆ ਜਾਵੇ ਕਿ ਇਕ ਜਣੇ ਨੇ ਇਕ ਬੋਤਲ ਵੀ ਪੀਤੀ ਹੋਵੇ ਤਾਂ ਉਸ ਦਿਨ 22 ਕੁੱਤੇ ਮੇਰੇ ਪਿਉ ਦੇ ਸਿਰੋਂ ਸ਼ਰਾਬ ਪੀ ਕੇ ਗਏ। ਜਦੋਂ ਮੇਰਾ ਪਿਉ ਕੁੱਝ ਜ਼ਿਆਦਾ ਪੀ ਕੇ ਲਲਕਾਰਾ ਮਾਰਿਆ ਕਰਦਾ ਸੀ, "ਮੈਂ ਸ਼ਹਿਨਸ਼ਾਹ ਹਾਂ, ਉਇ ਲੋਕੋ, ਸ਼ਹਿਨਸ਼ਾਹ" ਤਾਂ ਸਾਰੇ ਪਿੰਡ ਵਿਚ ਇਹ ਲਲਕਾਰਾ ਸੁਣਿਆ ਜਾਂਦਾ ਸੀ।
7. ਮੁੱਢ 70ਵਿਆਂ ਵਿਚ ਸਿੱਕੇ ਦਾ ਪਸਾਰ ਅਚਾਨਕ ਵਧਣ ਨਾਲ ਲੋਕੀਂ ਧੜਾ-ਧੜ ਆਪਣੀ ਗਹਿਣੇ ਪਈ ਜ਼ਮੀਨ ਛੁਡਵਾ ਕੇ ਲੈ ਗਏ. (ਇਕ ਜੱਟ ਦੀ ਪਾਣੀ ਲਗਦੀ 8 ਕਿੱਲੇ ਜ਼ਮੀਨ ਸਿਰਫ 1000 ਰੁਪਏ ਵਿਚ ਗਹਿਣੇ ਪਈ ਸੀ।) 450 ਕਿੱਲੇ ਜ਼ਮੀਨ ਮੇਰੇ ਪਿਉ ਨੇ ਕੁੱਝ ਆਪ ਪੀ ਲਈ, ਤੇ ਬਾਕੀ ਪਿੰਡ ਦੇ ਉਨ੍ਹਾਂ ਚਾਪਲੂਸਾਂ ਨੂੰ ਪਿਆ ਦਿੱਤੀ ਜੋ ਉਸ ਨੂੰ 'ਬਾਬੂ ਸਾਹਬ' ਕਹਿੰਦੇ ਸਨ! ਉਨ੍ਹਾਂ ਦਿਨਾਂ ਵਿਚ ਜਿਸ ਕੁੱਤੇ ਨੂੰ ਵੀ ਪੁੱਛਿਆ ਜਾਂਦਾ ਕਿ ਕਿਧਰ ਜਾ ਰਿਹੈਂ, ਜਵਾਬ ਮਿਲਦਾ: ਬਾਬੂ ਸਾਹਬ ਨੂੰ ਮਿਲਣ!
8. ਜਦੋਂ ਮੈਂ ਕਾਲਜ ਵਿਚ ਦਾਖਲ ਹੋਇਆ ਤਾਂ ਮੇਰੇ ਕੋਲ ਇਕ ਪੈਂਟ ਤੇ ਇਕ ਕਮੀਜ਼ ਹੁੰਦੀ ਸੀ (ਨਾ ਉਸ ਡੱਬੀਦਾਰ ਕਮੀਜ਼ ਦਾ ਰੰਗ ਤੇ ਡਿਜ਼ਾਈਨ ਭੁਲਦਾ ਹੈ, ਨਾ ਉਸ ਕਾਲੀ ਪੈਂਟ ਦੀ ਮੂਹਰੀ!) ਸਾਰਾ ਸਾਲ ਭਰ ਮੈਂ ਉਹੀ ਪੈਂਟ-ਕਮੀਜ਼ ਪਾ ਕੇ ਕਾਲਜ ਜਾਂਦਾ, ਰਾਤ ਨੂੰ ਪਿੰਡ ਆ ਕੇ ਦੋਵੇਂ ਕਪੜੇ ਧੋਂਦਾ ਤੇ ਸਵੇਰ ਤੱਕ ਸੁੱਕ ਜਾਂਦੇ.
(ਅਗਲੀਆਂ ਕਿਸ਼ਤਾਂ ਵਿਚ ਮੈਂ ਹੋਰ ਵੀ ਬਹੁਤ ਸਾਰੇ ਖਰੀਂਢ ਖੁਰਚਾਂਗਾ)