Monday, April 26, 2010

ਪਿੰਡ ਡਾਇਰੀ ਤੇ ਯਾਤਰਾਵਾਂ-2

॥ਸਾਹਮਣੇ ਘਰ ਵਾਲੀ ਅੰਬੋ॥
ਸਾਡੇ ਪਿੰਡ ਵਾਲੇ ਪੁਰਾਣੇ ਘਰ ਦਾ ਹੁਣ ਨਾਂਅ ਨਿਸ਼ਾਨ ਵੀ ਬਾਕੀ ਨਹੀਂ ਹੈ। ਛੋਟੇ ਭਰਾ ਨੇ ਲਾਲ ਡੋਰੇ ਤੋਂ ਬਾਹਰ 'ਕੋਠੀ' ਪਾ ਲਈ ਹੈ, ਪਰ ਮੈਨੂੰ ਅੱਜ ਵੀ ਸੁਫਨੇ ਵਿਚ ਉਹ ਪੁਰਾਣਾ ਘਰ ਦਿਸਦਾ ਹੈ। ਲੰਬੂਤਰਾ ਜਿਹਾ ਘਰ ਸੀ। ਪਿਛਲੇ ਅੱਧ ਦੇ ਨਾਲ ਜਗਤੇ ਔਤ ਦਾ ਖਾਲੀ ਥਾਂ ਪਿਆ ਸਾ, ਅਗਲੇ ਅੱਧ ਵਿਚ ਬੰਬਰੀ ਕੇ ਗੁਰਦਿਆਲ ਦਾ ਘਰ ਸੀ ਜੋ ਪਿੰਡ ਮਲਿਕਪੁਰੇ ਵਸਣ ਪਿੱਛੋਂ ਇਹ ਘਰ ਸਾਨੂੰ ਵੇਚ ਗਿਆ ਸੀ। ਖੱਬੇ ਪਾਸੇ ਅਮਰ ਸਿੰਹੁ ਮੋਟੇ ਕਾ ਘਰ- ਜਿਸ ਨੇ ਕਿਸੇ ਵੇਲੇ ਜਗਮਾਲਵਾਲੀ ਵਿਖੇ ਸ਼ਿਵਰਾਤਰੀ ਦੇ ਮੇਲੇ ਉਤੇ ਇਕ ਥਾਣੇਦਾਰ ਨੂੰ ਘੋੜੇ ਤੋਂ ਲਾਹ ਕੇ ਉਸ ਦੀ ਮੰਜਾਈ ਕੀਤੀ ਸੀ- ਫੇਰ ਮੱਲ ਕਾ ਘਰ, ਤੇ ਉਸ ਤੋਂ ਅੱਗੇ ਜੋਗੇ ਨੰਬਰਦਾਰ ਕਾ ਘਰ ਤੇ ਅਖੀਰ ਵਿਚ ਕਿਸ਼ਨੇ ਕੇ ਬੂਟੇ ਕਾ ਘਰ। ਇਹ ਸਾਰੇ ਘਰ ਹੁਣ ਉਥੋਂ ਉਠ ਕੇ ਲਾਲ ਡੋਰੇ ਤੋਂ ਬਾਹਰ ਚਲੇ ਗਏ ਹਨ, ਮੈਂਨੂੰ ਸੁਫਨੇ ਲੈਣ ਲਈ ਉਥੇ ਛੱਡ ਕੇ!
2. ਸਾਡੇ ਸਾਹਮਣੇ ਘਰ ਵਿਚ ਇਕ ਬੁੱਢੀ ਰਹਿੰਦੀ ਸੀ, ਜਿਸ ਨੂੰ ਅਸੀਂ 'ਸਾਹਮਣੇ ਘਰ ਵਾਲੀ ਅੰਬੋ' ਕਿਹਾ ਕਰਦੇ ਸਾਂ। ਉਸ ਨੇ ਸਾਰੀ ਉਮਰ ਦੁੱਖ ਭੋਗਿਆ ਅਤੇ ਉਮਰ ਦੇ ਆਖਰੀ ਕੁੱਝ ਕੁ ਸਾਲਾਂ ਵਿਚ ਥੋੜ੍ਹਾ ਬਹੁਤ ਚੈਨ ਹਾਸਲ ਕੀਤਾ। ਬੁੜ੍ਹੀ ਦੇ ਦੋ ਪੁੱਤਰ ਸਨ। ਵੱਡੇ ਦਾ ਵਿਆਹ ਹੋ ਗਿਆ ਪਰ ਮੁਕਲਾਵਾ ਲਿਆਉਣ ਤੋਂ ਪਹਿਲਾਂ ਹੀ ਪੁੱਤ ਦੀ ਮੌਤ ਹੋ ਗਈ। ਬਠਿੰਡਾ ਲਾਗੇ ਗਹਿਰੀ ਭਾਗੀ ਪਿੰਡ ਦੀ ਕੁੜੀ ਸੀ ਉਹ, ਤੇ ਉਹ ਵੀ ਮੇਰੀ ਅੰਬੋ ਹੀ ਲਗਦੀ ਸੀ। (ਪਿਛਲੀਆਂ 14 ਪੀੜ੍ਹੀਆਂ ਤੋਂ ਸਾਡੇ ਘਰ ਸਿਰਫ ਇਕੋ ਪੁੱਤ ਜਿਉਂਦਾ ਰਹਿਣ ਕਾਰਣ ਸਾਡੀ ਪੀੜ੍ਹੀ ਕਾਫੀ ਪਿੱਛੇ ਰਹਿ ਗਈ ਸੀ, ਜਿਸ ਸਦਕਾ ਜ਼ਿਆਦਾਤਰ ਬੱਚੇ, ਬੁੱਢੇ ਤੇ ਜਵਾਨ ਮੇਰੇ ਬਾਬੇ ਹੀ ਲਗਦੇ ਸਨ, ਤੇ ਉਨ੍ਹਾਂ ਦੀਆਂ ਤ੍ਰੀਮਤਾਂ ਮੇਰੀਆਂ ਅੰਬੋਆਂ)|

3. ਅੰਬੋ ਨੇ ਦੋ ਬੋਕ ਪਾਲੇ ਸਨ, ਪਤਾ ਨਹੀਂ ਉਸ ਨੂੰ ਉਨ੍ਹਾਂ ਬੋਕਾਂ ਵਿਚ ਕਿਹੜਾ ਪੀਰ ਦਿਸਦਾ ਸੀ। ਸਾਰਾ ਦਿਨ ਬੋਕਾਂ ਦੀ ਸੇਵਾ ਕਰਦੀ ਰਹਿੰਦੀ, ਛੋਟਾ ਪੁੱਤ ਜੱਗਰ ਖੇਤ ਗਿਆ ਹੁੰਦਾ ਤੇ ਘਰ ਵਿਚ ਦੋ ਬੋਕ ਤੇ ਇਕ ਅੰਬੋ। ਮੈਂ ਅੱਜ ਜਦੋਂ ਪਿੱਛਲਝਾਤ ਮਾਰਦਾ ਹਾਂ ਤਾਂ ਤਰਸ ਦੀ ਇਕ ਬਹੁਪਰਤੀ ਤਹਿ ਜੰਮੀ ਹੋਈ ਦਿਖਾਈ ਦਿੰਦੀ ਹੈ।
4. ਅਸੀਂ ਛੋਟੇ-ਛੋਟੇ ਹੁੰਦੇ ਸਾਂ ਤੇ ਵਿਹਲ ਮਿਲਣ ਉਤੇ ਉਸ ਨਾਲ ਜਾਂ ਉਸ ਦੇ ਬੋਕਾਂ ਨਾਲ ਖੇਡਣ ਚਲੇ ਜਾਂਦੇ। ਅੰਬੋ ਨੂੰ ਚਾਅ ਚੜ੍ਹ ਜਾਂਦਾ। ਹੁਣ ਮੈਂ ਸੋਚਦਾਂ ਕਿ ਉਹ ਸਾਡੇ ਵਿਚ ਆਪਣੇ ਪੋਤੇ ਦੇਖਦੀ ਸੀ। ਘਰ ਕੱਚਾ, ਉਹ ਅੰਦਰਲੀ ਸਬ੍ਹਾਤ ਵਿਚ ਜਾਂਦੀ ਅਤੇ ਧੁੱਪ ਵਿਚ ਸੁਕਾਏ ਬੇਰਾਂ ਦੀਆਂ ਮੁੱਠੀਆਂ ਭਰ-ਭਰ ਸਾਨੂੰ ਵੰਡ ਦਿੰਦੀ। (ਪਿਛਲੇ ਦਿਨੀਂ ਮੈਂ ਪਰਿਵਾਰ ਸਮੇਤ ਕੁੱਝ ਸਕੀਰੀਆਂ ਵਿਚ ਜਾ ਕੇ ਆਇਆਂ ਜਿਨ੍ਹਾਂ 'ਚੋ ਇਕ ਦੇ ਘਰ ਬੇਰੀਆਂ ਲੱਗੀਆ ਸਨ। ਉਸ ਘਰ ਵਾਲੀ ਨੇ ਆਉਂਦਿਆਂ ਨੂੰ ਸੇਰ-ਪੌਣਾ ਸੇਰ ਬੇਰ ਫੜਾ ਦਿੱਤੇ। ਘਰ ਵਾਲੀ ਰਸਤੇ ਵਿਚ ਆ ਕੇ ਇਕ ਬੇਰ ਖਾ ਕੇ ਕਹਿਣ ਲੱਗੀ: ਬੇਰ ਬੇਸਵਾਦੇ ਨੇ। ਮੈਂ ਕਿਹਾ ਧੁੱਪ 'ਚ ਸੁਕਾ ਲੈ, ਫੇਰ ਦੇਖੀਂ ਕਿਵੇਂ ਸਾਹਮਣੇ ਘਰ ਵਾਲੀ ਅੰਬੋ ਜਿਉਂਦੀ ਹੋਊ!)

5. ਘਰਾਂ 'ਚੋਂ ਭਾਈਚਾਰੇ ਨੇ ਲਗਾਤਾਰ ਅੰਬੋ ਦੇ ਵੱਡੇ ਪੁੱਤ ਦੇ ਪੇਕਿਆਂ ਨਾਲ ਸੰਪਰਕ ਬਣਾਈ ਰੱਖਿਆ ਅਤੇ ਕਹਿੰਦੇ ਰਹੇ ਕਿ ਕੁੜੀ ਨੂੰ ਛੋਟੇ ਭਰਾ ਜੱਗਰ ਨਾਲ ਤੋਰ ਦਿਉ. ਕੰਜਰ ਨਹੀਂ ਮੰਨੇ। ਪੰਦਰਾਂ ਸਾਲ ਲੰਘ ਗਏ। ਵੱਡਾ ਜਦੋਂ ਮਰਿਆ ਸੀ ਤਾਂ ਮੇਰੇ ਪੂਰੇ ਦੰਦ ਵੀ ਨਹੀਂ ਨਿਕਲੇ ਸਨ। ਇਨ੍ਹਾਂ ਪੰਦਰਾਂ ਸਾਲਾਂ ਵਿਚ ਮੇਰੇ ਮੁੱਛਾਂ ਆ ਗਈਆਂ, ਅੰਬੋ ਦੇ ਸੁੱਕੇ ਬੇਰ ਖਾਂਦਿਆਂ-ਖਾਂਦਿਆਂ। ਬੁੜ੍ਹੀ ਨੇ ਛੋਟਾ ਪੁੱਤ ਜੱਗਰ ਵੀ ਨਾ ਵਿਅਹਿਆ ਇਸ ਆਸ ਵਿਚ ਕਿ ਉਸ ਦੀ ਗਹਿਰੀ ਭਾਗੀ ਵਾਲੀ ਨੂੰਹ ਅੱਜ ਆਈ ਕਿ ਕੱਲ੍ਹ। ਜੱਗਰ ਦੇ ਧੌਲੇ ਆ ਗਏ ਇਨ੍ਹਾਂ ਪੰਦਰਾਂ ਸਾਲਾਂ ਵਿਚ, ਦੋ ਬੋਕਾਂ ਵਿਚੋਂ ਇਕ ਬੋਕ ਮਰ ਗਿਆ। 15 ਸਾਲਾਂ ਬਾਅਦ ਕੁੜੀ ਵਾਲੇ ਮੰਨ ਗਏ!

6.
ਜਿਸ ਦਿਨ ਇਹ ਛੋਟੀ ਅੰਬੋ ਜੱਗਰ ਦੀ ਘਰ ਵਾਲੀ ਬਣ ਕੇ ਆਈ ਉਸ ਦਿਨ ਦੀ ਤਸਵੀਰ ਮੇਰੀਆਂ ਅੱਖਾਂ ਵਿਚ ਅਜੇ ਵੀ ਬਣੀ ਹੋਈ ਹੈ। ਜੱਗਰ ਦੇ ਘਰ ਵਿਚ ਇਕੱਠ ਮਾਰਨ ਵਾਲਿਆਂ ਵਿਚੋਂ ਉਮਰ ਵਿਚ ਮੈਂ ਸਭ ਤੋਂ ਛੋਟਾ ਸਾਂ। ਬੜੇ ਲੋਕ ਮੁੰਜ ਦੇ ਮੰਜਿਆ 'ਤੇ ਬੈਠੇ ਚਸਕੇ ਲੈ ਰਹੇ ਸਨ। ਸਾਹਮਣੇ ਘਰ ਵਾਲੀ ਅੰਬੋ ਤਾਂ ਜਿਵੇਂ ਤੂਫਾਨ ਦਾ ਰੂਪ ਧਾਰ ਗਈ ਹੋਵੇ। ਆਸਮਾਨ ਵਿਚ ਤਿੱਤਰ-ਖੰਭੀ ਛਾਈ ਹੋਈ ਸੀ।
ਮੱਲ ਦੇ ਭਤੀਜੇ ਰਾਜੇ ਨੇ ਕਿਹਾ ਸੀ:" ਜੱਗਰ ਬਾਈ ਨੂੰ ਤਾਂ ਜਰ ਲੱਗੀ ਪਈ ਹੈ, ਅੱਜ ਮੰਜੇ ਦੀਆਂ ਚੂਲਾਂ ਦੀ ਖੈਰ ਨਹੀਂ!"

5 comments:

  1. 'ਲਾਲ ਡੋਰਾ' ਕੀ ਹੁੰਦਾ ਹੈ ਗੁਰਮੇਲ ਜੀ?

    ReplyDelete
  2. 'ਅੰਬੋ' ਕਿੰਨਾ ਪਿਆਰਾ ਸ਼ਬਦ ਹੈ.. ਮਾਲਵੇ ਦੇ ਹਰ ਪਿੰਡ ਇਹੋ ਕਹਾਣੀਆਂ.. ਬੋਕ.. 'ਬੱਕਰੀਆਂ ਵਾਲੇ'.. ਅਸੀਂ ਤਾਂ ਦੇਖਿਆ ਹੀ ਕੁਛ ਨਹੀਂ.. ਸਿਰਫ ਬੁਜ਼ਰਗਾਂ ਕੋਲੋਂ ਸੁਣਿਆ ਹੈ..

    ReplyDelete
  3. ਸਾਡਾ ਪਿੱਛਾ ਬਾਹੀਏ ਦਾ ਹੈ ਗੁਰਮੇਲ ਜੀ.. 'ਮਹਿਰਾਜ' ਪਿੰਡ ਤੋਂ ਉੱਠ ਕੇ ਸਾਡੇ ਬਾਬੇ 'ਹੰਢਿਆਏ' ਆ ਵਸੇ.. ਤੇ ਫੇਰ ਮੁਰੱਬਾਬੰਦੀ ਵੇਲੇ ਸਾਡੀ ਜਮੀਨ ਬਰਨਾਲੇ ਸ਼ਿਫਟ ਹੋ ਗਈ.. ਫੇਰ ਬੱਸ 'ਮੁੰਡਾ ਪਿੰਡ ਦਾ ਸੀ ਸ਼ਹਿਰ ਜਾਕੇ ਸ਼ਹਿਰੀ ਹੋ ਗਿਆ'.. ਸੱਚ ਜਾਣਿਓ ਤੁਹਾਡੀ ਜੀਵਨੀ ਪੜਦਿਆਂ ਮੈਨੂੰ ਇੰਝ ਲੱਗ ਰਿਹਾ ਜਿਵੇਂ ਕੋਈ ਮੇਰਾ ਤਇਆ, ਚਾਚਾ ਸਾਡੇ ਹੀ ਟੱਬਰ ਦੇ ਕਿਸੇ ਜੀਅ ਬਾਰੇ ਗੱਲ ਸੁਣਾ ਰਿਹਾ ਹੋਵੇ..

    ReplyDelete
  4. There in the novel 'Roots' is a character named Kunta Kinte. I am Kunta Kinte!

    ReplyDelete