Saturday, June 5, 2010

Saturday Musings: A Deaf Old Man

       ਬੋਲ਼ਾ ਬੁੱਢਾ
ਮੈਂਨੂੰ ਇਸ ਕਾਲਮ ਨੂੰ ਮਿਊਜ਼ਿੰਗਜ ਲਿਖਦੇ ਨੂੰ ਸ਼ਰਮ ਆ ਰਹੀ ਹੈ ਅੱਜ। ਇਹ ਇੱਕ ਅਤਿ ਦੁਖਦ ਬਿਰਤਾਂਤ ਹੈ ਇਕ ਬਜ਼ੁਰਗ ਬਾਰੇ ਜਿਹੜਾ ਅਤਿ ਦਾ ਸੰਵੇਦਨਸ਼ੀਲ ਇਨਸਾਨ ਹੈ।
ਸਾਡੇ ਘਰ ਦੇ ਨੇੜੇ ਜਿਹੜਾ ਪਾਰਕ ਹੈ, ਜਿਸ ਬਾਰੇ ਮੈਂ ਜੀਵਨ ਪਾੱਲ ਨੂੰ ਦੱਸ ਚੁੱਕਿਆਂ ਕਿ ਉਥੇ ਹਫਤੇ ਦੇ ਪਹਿਲੇ ਪੰਜ ਦਿਨ ਰਿਟਾਇਰ ਮੁਲਾਜ਼ਮ ਤਾਸ਼ ਖੇਡਦੇ ਹਨ ਅਤੇ ਵੀਕੈਂਡਾਂ ਉਤੇ ਸੇਵਾ ਕਰ ਰਹੇ ਮੁਲਾਜ਼ਮ ਵੀ ਉੱਥੇ ਆ ਜਾਂਦੇ ਹਨ। ਇਹ ਬੋਲ਼ਾ ਬਾਬਾ, ਅਮੂਮਨ ਖੇਡਦਾ ਨਹੀਂ ਸਿਰਫ ਦੇਖਦਾ ਹੈ, ਮੇਰੇ ਵਾਂਗ।ਪਰ ਜਦੋਂ ਕਦੇ ਚਾਰ ਖਿਡਾਰੀ ਨਾ ਹੋ ਸਕਣ, ਤਿੰਨ ਹੀ ਰਹਿ ਜਾਣ ਤਾਂ ਆਪਣੀ ਕੁਰਸੀ ਤੋਂ ਉੱਤਰ ਵੀ ਆਉਂਦਾ ਹੈ, ਖੇਡ ਤੋਰਨ ਲਈ!
ਗੱਲਾਂ-ਗੱਲਾਂ ‘ਚੋਂ ਪਤਾ ਲੱਗਿਆ ਹੈ ਕਿ ਉਸ ਦੇ ਦੋ ਪੁੱਤਰ ਹਨ, ਖ਼ੁਦ ਸੇਵਾਮੁਕਤ ਹੈ। ਇੱਥੇ 7 ਸੈਕਟਰ ਵਿੱਚ ਸਰਕਾਰੀ ਕਲੋਨੀ ਵਿੱਚ ਇਸ ਦਾ ਪਰਿਵਾਰ ਕਾਨੂੰਨੀ ਤੌਰ ‘ਤੇ ‘ਸ਼ੇਅਰਿੰਗ ਦੇ ਆਧਾਰ ‘ਤੇ’ ਰਹਿ ਰਿਹਾ ਹੈ, ਪਰ ਇਸ ਦਾ ਨੇੜੇ-ਤੇੜੇ ਕੋਈ ਆਪਣਾ ਮਕਾਨ ਵੀ ਹੈ, ਜਿਸ ਦੀ ਕੀਮਤ ਇੱਕ ਕਰੋੜ ਰੁਪਏ ਹੈ।
ਛੋਟਾ ਪੁੱਤਰ ਦਿਮਾਗੀ ਤੌਰ ‘ਤੇ, ਸਮਾਜੀ ਤੌਰ ‘ਤੇ ਅਤੇ ਕਾਰੋਬਾਰੀ ਤੌਰ ‘ਤੇ ਊਣਾ ਹੈ।ਉਸ ਦਾ ਕਾਰੋਬਾਰ ਨਹੀਂ ਚੱਲ ਸਕਿਆ। ਇੱਕ ਐਤਵਾਰ ਨੂੰ ਮੈਂ ਜਦੋਂ ਆਪਣੀ ਕੁਰਸੀ ਲੈ ਕੇ ਪਾਰਕ ਪੁੱਜਿਆ ਤਾਂ ਬਾਬਾ ਇਕੱਲਾ ਹੀ ਬੈਠਾ ਸੀ।(ਉਸ ਨੂੰ ਸੁੰਨੇ ਕੰਨਾਂ ਦੀ ਤਲਾਸ਼ ਰਹਿੰਦੀ ਹੈ, ਸ਼ਾਇਦ ਇਸ ਲਈ ਕਿ ਉਸ ਦੇ ਆਪਣੇ ਕੰਨ ਉਸ ਨਾਲ ਧੋਖਾ ਕਰ ਚੁੱਕੇ ਹਨ)। ਬਾਬਾ ਬਹੁਤ ਬੋਲਿਆ। ਉਸ ਨੇ ਬੋਲ-ਬੋਲ ਕੇ ਮੈਂਨੂੰ ਰੁਆ ਹੀ ਛੱਡਿਆ।ਆਪਣੀ ਸਾਰੀ ਜੀਵਨ ਕਥਾ ਬਿਆਨ ਕਰ ਦਿੱਤੀ।ਅਖੇ ਕਿਸ ਤਰ੍ਹਾਂ ਮੈਂ ਨੌਕਰੀ ਕਰਦਾ ਸਾਂ, ਮੇਰਾ ਜੇ ਈ ਠੇਕੇਦਾਰਾਂ ਤੋਂ ਪੈਸਾ ਲੈ ਕੇ 'ਕੱਲਾ ਖਾ ਜਾਂਦਾ ਸੀ; ਸਾਹਬ ਨੂੰ ਵਿੱਚੋਂ ਧੇਲੀ ਨਹੀਂ ਦਿੰਦਾ ਸੀ। ਸਾਹਬ ਨੇ ਹੁਕਮ ਕੱਢ ਦਿੱਤਾ ਕਿ ਠੇਕੇਦਾਰਾਂ ਦੇ ਕਾਗਜ਼-ਪੱਤਰ ਅੱਗੇ ਤੋਂ ਤੂੰ ਫੜਿਆ ਕਰ; ਅਖੇ ਸਾਹਬ ਚਾਹੁੰਦਾ ਸੀ ਮੈਂਨੂੰ ਚਾਰ ਪੈਸੇ ਬਣ ਜਾਣ; ਅਖੇ ਜਦੋਂ ਪਹਿਲਾ ਠੇਕੇਦਾਰ ਆਪਣਾ ਟੈਂਡਰ ਲੈ ਕੇ ਆਇਆ ਤਾਂ ਮੈਂ ਫੜ ਲਿਆ- ਠੇਕੇਦਾਰ ਨੇ ਪੁੱਛਿਆ ਕਿ ਕਿੰਨੇ ਪੈਸੇ ਦਿਆਂ? ਅਖੇ ਮੈਂ ਕਿਹਾ- ਕਾਹਦੇ ਪੈਸੇ। ਟੈਂਡਰ ਮੈਂ ਸਾਹਬ ਕੋਲ ਪੇਸ਼ ਕਰ ਦਿੱਤਾ,ਉਸ ਨੇ ਪਾਸ ਕਰ ਦਿੱਤਾ ਤੇ ਬੋਲਿਆ ਕਿੰਨੇ ਪੈਸੇ ਲਏ? ਮੈਂ ਕਿਹਾ ਜੀ ਕਾਹਦੇ ਪੈਸੇ?
ਉਸੇ ਦਿਨ ਬਾਬੇ ਨੇ ਦੱਸਿਆ ਕਿ ‘ਮਾਰ੍ਹਾ ਛੋਟਾ ਛੋਰਾ ਪਾਗਲ ਹੋ ਗਿਆ ਸੈ। ਕਹਿਤਾ ਹੈ ਮਕਾਨ ਵੇਚ ਕੇ ਮੇਰਾ ਹਿੱਸਾ ਦੇ ਦੋ, ਮੈਂ ਕੋਈ ਕਾਰੋਬਾਰ ਕਰਨਾ ਚਾਹਤਾ ਹੂੰ! ਬੜਾ ਬੇਟਾ ਮਾਨਤਾ ਨਹੀਂ ਜਬ ਕਿ ਮਕਾਨ ਬਣਾਨੇ ਮੇਂ ਮੇਰੇ ਅਪਨੇ ਦਸ ਲਾਖ ਰੁਪਏ ਲਾਗੇ ਸੈਂ।“
ਬਾਬਾ ਤਾਸ਼ ਖੇਡਣ ਵਾਲਿਆਂ ਤੋਂ ਮੰਗ-ਮੰਗ ਕੇ ਸਾਰਾ ਦਿਨ ਬੀੜੀਆਂ ਪੀਂਦਾ ਰਹਿੰਦਾ ਹੈ। ਕੋਈ ਵੀ ਉਸ ਨੂੰ ਬੀੜੀਆਂ ਦੇਣ ਤੋਂ ਇਨਕਾਰ ਨਹੀਂ ਕਰਦਾ। ਸਾਰੇ ਉਸ ਦੀ ਜ਼ਿੰਦਗੀ ਦੇ ਫੋੜਿਆਂ ਦੇ ਵਾਕਫ ਹਨ!
ਮੈਂ ਨੇਮ ਨਾਲ ਉਸ ਨੂੰ ਉਸ ਦੀ ਪਸੰਦ ਦਾ ਬੀੜੀਆਂ ਦਾ ਭਰਿਆ ਬੰਡਲ ਦੇ ਆਉਂਦਾ ਹਾਂ।ਸੱਤ ਰੁਪਏ ਵਿਚ ਆਉਂਦੈ!

ਕੱਲ੍ਹ ਪਰਸੋਂ ਜਦੋਂ ਮੈਂ ਆਪਣੀ ਕੁਰਸੀ ਲੈ ਕੇ ਗਿਆ ਤਾਂ ਉਸ ਨੇ ਇਸ਼ਾਰੇ ਨਾਲ ਮੈਂਨੂੰ ਤਾਸ਼ ਖੇਡਣ ਵਾਲਿਆਂ ਤੋਂ ਪਾਸੇ ਕਰ ਲਿਆ। ਬੋਲ਼ਾ ਬਾਬਾ ਬੋਲਣ ਲੱਗਿਆ: “ਮਾਰ੍ਹਾ ਬੜੇ ਵਾਲਾ ਛੋਰਾ ਪਾਗਲ ਹੋ ਗਿਆ ਸੈ। ਸੁਸਰੇ ਕੇ ਪਾਸ ਬਹੁਤ ਪੈਸੇ ਸੈਂ। ਛੋਟਾ ਦਸ ਲਾਖ ਮਾਂਗ ਰਹਾ ਥਾ, ਉਸ ਕੀ ਜੋਰੂ ਨੇ ਦੇਨੇ ਨਹੀਂ ਦੀਆ। ਛੋਟੇ ਕੀ ਬੀਵੀ ਮਾਇਕੇ ਚਲੀ ਗਈ ਹੈ, ਉਸ ਕੀ ਏਕ ਬੇਟੀ ਗੂੰਗੀ ਸੈ। ਛੋਟਾ ਕਹੇ ਸੈ ਕਿ ਵਹ ਐਤਵਾਰ ਕੋ ਘਰ ਛੋਡ ਕਰ ਚਲਾ ਜਾਏਗਾ। ਮੈਂ ਭੀ ਉਸ ਕੇ ਸਾਥ ਜਾ ਰਹਾ ਸੂੰ!”

No comments:

Post a Comment