Monday, June 7, 2010

ਹਰੇ ਰਾਮਾ! ਹਰੇ ਕ੍ਰਿਸ਼ਨਾ!

ਹਰੇ ਰਾਮਾ! ਹਰੇ ਕ੍ਰਿਸ਼ਨਾ!
ਸ਼ੁਦਾਈ ਨੂੰ ਸ਼ੁਦਾਈ ਮਿਲੇ, ਕਰ ਕਰ ਲੰਮੇ ਹਾਥ।ਰਾਜਪੁਰੇ ਦਾ ਇੱਕ ਸ਼ੁਦਾਈ ਮਿਲਿਆ ਸੀ ਬਹੁਤ ਸਾਲ ਪਹਿਲਾਂ।ਇੱਕ ਨੰਬਰ ਦਾ ਪਾਖੰਡੀ! ਪਾਖੰਡ ਕਰਦਾ-ਕਰਦਾ ਮੈਂਨੂੰ 20 ਸੈਕਟਰ ਦੇ ਗੌੜੀਆ ਮਠ ਵਿੱਚ ਲੈ ਗਿਆ ਜਿੱਥੇ ਉਸ ਪੰਥ ਦੇ ਮਹਾ-ਅਚਾਰੀਆ ਦਾ ਪ੍ਰਵਚਨ ਸੀ।ਆਪਣੀ ਟੌਹਰ ਬਣਾਉਣ ਲਈ ਉਸ ਪਾਖੰਡੀ ਨੇ ਉਥੋਂ ਦੇ ਪੁਜਾਰੀਆਂ ਨਾਲ ਮੇਰੀ ਜਾਣ ਪਛਾਣ ਕਰਵਾਈ। ਪ੍ਰਵਚਨ ਬਹੁਤ ਸ਼ਾਨਦਾਰ ਸੀ; ਆਨੰਦ ਆ ਗਿਆ। ਪਰ ਪ੍ਰਵਚਨ ਚਲਦੇ-ਚਲਦੇ ਨ੍ਹੇਰਾ ਕਾਫੀ ਹੋ ਗਿਆ ਸੀ, ਅਸਾਂ ਨੂੰ ਤਲਬ ਲੱਗ ਆਈ। ਪਾਖੰਡੀ ਨੂੰ ਕਿਹਾ ਕਿ ਮੈਂ ਜਾਂਦਾ ਹਾਂ, ਤਲਬ ਲੱਗ ਗਈ ਹੈ। ਉਸ ਨੂੰ ਮੇਰੀ ਤਲਬ ਦਾ ਪਤਾ ਸੀ, ਪਰ ਫਿਰ ਵੀ ਉਸ ਨੇ ਮੇਰੀ ਜਾਂਦੇ ਦੀ ਇਕ ਵੇਰ ਫੇਰ ਪੁਜਾਰੀਆਂ ਨਾਲ ਜਾਣ-ਪਛਾਣ ਕਰਵਾਈ, ਆਪਣੀ ਟੌਹਰ ਵਿੱਚ ਹੋਰ ਵਾਧਾ ਕਰਨ ਲਈ।
....
ਮੈਂ ਤੇ ਮੇਰਾ ਸਹਿਕਰਮੀ ਮਿੱਤਰ, ਜੇ ਐਸ ਭੁੱਲਰ 17 ਸੈਕਟਰ ਵਿਚ ਟਹਿਲ-ਮਸਤੀ ਕਰ ਰਹੇ ਸਾਂ।ਆਪਸ ਵਿੱਚ ਗੱਲਾਂ ਕਰ ਰਹੇ ਸਾਂ- ਪਰ ਮੈਂ ਨੀਂਵੀਂ ਪਾਈ ਜਾਂਦਾ ਸਾਂ, ਭੁੱਲਰ ਸਾਹਬ ਸਿੱਧਾ ਤੁਰ ਰਹੇ ਸਨ। ਅਚਾਨਕ ਮੈਂ ਕਿਹਾ: ‘ਭੁੱਲਰ ਸਾਹਬ! ਮੋਰ-ਪੰਖ ਦੀ ਯਾਦ ਆ ਗਈ ਹੈ, ਕਿੱਥੋਂ ਮਿਲ ਸਕਦਾ ਹੈ?’ ਭੁੱਲਰ ਸਾਹਬ ਕਹਿੰਦੇ : ਅਹੁ ਸਾਹਮਣੇ ਆ ਰਿਹਾ ਹੈ ਮੋਰ-ਪੰਖ ਵੇਚਣ ਵਾਲਾ! ਇੱਕ ਪੰਖ ਚਾਰ ਰੁਪਏ ਦਾ, ਸਾਰਾ ਗੁੱਛਾ 40 ਦਾ। ਮੈਂ ਗੁੱਛਾ ਹੀ ਖਰੀਦ ਲਿਆ। ਸੋਚਿਆ: ਮਨਾਂ, ਇੱਕ ਪੰਖ ਦੀ ਤਾਂਘ ਕੀਤੀ ਸੀ, ਗੁੱਛਾ ਮਿਲ ਗਿਆ।
....
ਇਹ ਵਾਕਿਆ ਉਨ੍ਹਾਂ ਦਿਨਾਂ ਦਾ ਹੈ ਜਦੋਂ ਮੈਂ ਇਥੇ ਇਕੱਲਾ ਹੋ ਗਿਆ ਸਾਂ। ਕੋਈ ਦਫਤਰੀ ਕਾਨਫਰੰਸ ਜਿਹੀ ਚੱਲ ਰਹੀ ਸੀ ਕਿ ਮੈਂ ਮਹਿਸੂਸ ਕੀਤਾ ਕਿ ਮੇਰੀ ਖੱਬੀ ਲੱਤ ਵਿੱਚ- ਜਿਸ ਨੂੰ ਕਾਫੀ ਸਾਲ ਪਹਿਲਾਂ ਤੁੜਵਾ ਕੇ ਕਿੱਲ ਪੱਤੀਆਂ ਪੁਆਈਆਂ ਹੋਈਆਂ ਨੇ- ਮੁਰਗੀ ਦੇ ਅੰਡੇ ਦੇ ਆਕਾਰ ਦਾ ਗਮ੍ਹੋੜਾ ਹੋ ਗਿਆ ਹੈ।ਮੈਂ ਮੀਟਿੰਗ ਵਿੱੋਚੇ ਛੱਡ ਕੇ ਉੱਠ ਆਇਆ, ਸਕੂਟਰ ਚੁੱਕਿਆ ਤੇ 18 ਸੈਕਟਰ ਦੀ 4 ਨੰਬਰ ਕੋਠੀ ਵਿਚ ਹੱਡੀਆਂ ਦੇ ਮਾਹਰ, ਡਾ. ਅੱਗਰਵਾਲ ਕੋਲ ਜਾ ਪੁੱਜਿਆ। ਉਹ ਬੁਢਲਾਡੇ ਦਾ ਹੈ, ਮੈਂਨੂੰ ਜਾਣਦਾ ਸੀ। ਮੈਂ ਜਾਂਦਾ ਹੀ ਬੋਲਿਆ: ਅੱਗਰਵਾਲ ਸਾਹਬ, ਕੀ ਹੋਇਆ? “ਹੋਣਾ ਕੀ ਸੀ, ਤੇਰੇ ਸਰੀਰ ਨੂੰ ਇਨ੍ਹਾਂ ਕਿੱਲ-ਪੱਤੀਆਂ ਦੀ ਲੋੜ ਨਹੀਂ ਰਹੀ, ਸਰੀਰ ਇਨ੍ਹਾਂ ਨੂੰ ਬਾਹਰ ਧੱਕ ਰਿਹਾ ਹੈ!” ਇਲਾਜ? –ਓਪਰੇਸ਼ਨ।ਖਰਚ? 12 ਹਜ਼ਾਰ।ਮੈਂ ਘਾਬਰ ਗਿਆ। ਦਫਤਰ ਡਰਾਇਵਰ ਨੂੰ ਫੋਨ ਕਰ ਕੇ ਗੱਡੀ ਮੰਗਵਾਈ, ਕਿਹਾ ਕਿ ਐਸ ਥਾਂ ਆ ਜਾ। ਉਸ ਦੇ ਆਉਣ ‘ਤੇ ਮੈਂ ਕਿਹਾ ਕਿ ਮੈਂ ਸਕੂਟਰ ‘ਤੇ ਚਲਦਾਂ, ਤੂੰ ਗੱਡੀ ਪਿੱਛੇ-ਪਿੱਛੇ ਲਿਆ, ਜੇ ਮੈਂ ਰਸਤੇ ‘ਚ ਡਿੱਗ ਪਿਆ ਤਾਂ ਮੈਂਨੂੰ ਕਿਸੇ ਹਸਪਤਾਲ ਪਹੁੰਚਾਅ ਦੇਈਂ।
ਘਰੇ ਪਹੁੰਚ ਕੇ ਆਪਾਂ ਇੱਕ ਹੱਥ ਨਾਲ ਪੀਣੀ ਸ਼ੁਰੂ ਕਰ ਦਿੱਤੀ, ਦੂਜੇ ਨਾਲ ਫੋਨ ਖੜਕਾਉਣੇ ਸਕੇ-ਸਨਬੰਧੀਆਂ ਨੂੰ ਕਿ ਮੇਰਾ ਅਪਰੇਸ਼ਨ ਹੋਣਾ ਹੈ। ਬੋਤਲ ਨੂੰ ਥੱਲੇ ਲਾ ਕੇ ਤੁਹਾਡੇ ਖ਼ਿਦਮਤਗਾਰ ਨੂੰ ਨੀਂਦ ਆਉਣ ਲੱਗੀ, ਪਰ ਸੌਣ ਤੋਂ ਪਹਿਲਾਂ ਅਰਦਾਸ ਕੀਤੀ ਕਿ ਹੇ ਕ੍ਰਿਸ਼ਨ ਮਹਾਰਾਜ, ਇਹ ਜੋ ਕੁੱਝ ਵੀ ਹੈ, ਇਹ ਮੈਂ ਤੈਂਨੂੰ ਪ੍ਰਸਾਦ ਦੇ ਰੂਪ ਵਿਚ ਭੇਂਟ ਕਰ ਰਿਹਾ ਹਾਂ, ਸਵੀਕਾਰ ਕਰਨਾ।
ਸਵੇਰੇ ਜਦ ਉੱਠਿਆ, ਤਾਂ ਪ੍ਰਸਾਦ ਸਵੀਕਾਰ ਹੋ ਚੁੱਕਿਆ ਸੀ!

No comments:

Post a Comment