Wednesday, June 2, 2010

ਹਮੀਂ ਯਾਰਾਂ ਦੋਜ਼ਖ, ਹਮੀਂ ਯਾਰਾਂ ਬਹਿਸ਼ਤ

ਹਮੀਂ ਯਾਰਾਂ ਦੋਜ਼ਖ, ਹਮੀਂ ਯਾਰਾਂ ਬਹਿਸ਼ਤ
ਜਦੋਂ ਮੈਂ ਤੇ ਮੇਰਾ ਕੁਰਖਤ ਯਾਰ ਸ਼ਿਮਲਾ ਪਹੁੰਚੇ, ਜਦੋਂ ਬੱਜਰੀ ਗਿਰੀ ਸੀ, ਤਾਂ ਦਫਤਰ ਪਹੁੰਚਦਿਆਂ ਨੂੰ ਸਭ ਤੋਂ ਪਹਿਲਾਂ ਸ਼ਿਵ ਰਾਮ ਮਿਲਿਆ। ਟੈਲੀਪ੍ਰਿੰਟਰ ਓਪਰੇਟਰ ਸੀ, ਆਪਣੇ ਕਮਰੇ ਵਿਚ ਬੈਠਾ ਸੀ। ਪੀ ਰਿਹਾ ਸੀ ਤੇ ਲੋਰ ਵਿਚ ਸੀ।ਸਾਨੂੰ ਦੇਖਦਿਆਂ ਹੀ ਗਾਉਣ ਲੱਗ ਪਿਆ: “ਮੇਰੇ ਭਾਰਦਵਾਜ ਆਏ, ਮੇਰੇ ਭਾਰਦਵਾਜ ਆਏ!”
ਭਾਰਦਵਾਜ, ਸ਼੍ਰੀ ਕ੍ਰਿਸ਼ਨ ਜੀ ਦੇ 1008 ਨਾਂਵਾਂ ਵਿਚੋਂ ਇੱਕ ਨਾਂ ਹੈ।
ਦੇਸੀ ਸੀ, ਜੋ ਪੀ ਰਿਹਾ ਸੀ। ਮੈਂ ਬਾਅਦ ਵਿੱਚ ਉਸ ਦੀ ਕੰਪਨੀ ਵਿਚ ਬੜੀ ਦੇਸੀ ਪੀਤੀ। ਹਰ ਸੋਮਵਾਰ ਚੰਡੀਗੜ੍ਹ ਤੋਂ ਸ਼ਿਮਲਾ ਜਾਂਦਾ ਸਾਂ, ਰਸਤੇ ਵਿਚ ਇਕ ਥਾਂ ਦੇਸੀ ਸਸਤੀ ਮਿਲਦੀ ਸੀ, ਉਥੋਂ ਛੇ ਬੋਤਲਾਂ ਖਰੀਦ ਕੇ ਝੋਲੇ ਵਿੱਚ ਪਾ ਲੈਂਦਾ ਸਾਂ, ਦੋਵੇਂ ਰਲ਼ ਕੇ ਪੀਂਦੇ ਸਾਂ।
ਸੁਰਜੀਤ ਜਲੰਧਰੀ ਹਰ 31 ਦਸੰਬਰ ਨੂੰ ਕਿਸੇ ਨਾ ਕਿਸੇ ਬਹਾਨੇ ਮੈਂਨੂੰ ਮਿਲ ਪੈਂਦਾ ਸੀ। ਕਹਿੰਦਾ; “ਸਰ੍ਹਾ, ਆਪਾਂ ਐਤਕੀਂ ਨਵਾਂ ਸਾਲ ਇਕੱਠੇ ਚੜ੍ਹਾਵਾਂਗੇ।“ ਓਸ ਸਾਲ਼ ਜਲੰਧਰੀ ਦਾ ਦੁਪਹਿਰੇ ਫੋਨ ਆਇਆ। 31 ਦਸੰਬਰ ਨੂੰ। ਕਹਿੰਦਾ: “ਸਰ੍ਹਾ, ਮੈਂ ਆ ਰਿਹਾਂ, ਨਵਾਂ ਸਾਲ ਸ਼ਿਮਲੇ ਚੜ੍ਹਾਵਾਂਗੇ!” ਉਹ ਆ ਗਿਆ, ਅਸੀਂ ਬੱਸ ਫੜ ਲਈ। ਉਸ ਦੇ ਝੋੇਲੇ ਵਿੱਚ ਹਮੇਸ਼ਾ ਸਟੀਲ ਦਾ ਗਲਾਸ, ਪਾਣੀ ਦੀ ਬੋਤਲ ਤਾਂ ਰਹਿੰਦੀ ਹੀ ਸੀ, ਹੁਣ ਉਸ ਨੇ 17 ਸੈਕਟਰ ਦੇ ਬੱਸ ਅੱਡੇ ‘ਤੇ ਉਤਰਨ ਸਾਰ ਦਾਰੂ ਦੀ ਇੱਕ ਬੋਤਲ ਵੀ ਖਰੀਦ ਕੇ ਪਾ ਲਈ ਸੀ।ਸ਼ਿਮਲੇ ਵਾਲੀ ਬੱਸ ਫੜ ਲਈ।
ਬੱਸ ਵਾਲਿਆਂ ਨੇ ਰਾਹ ਵਿੱਚ ਚਾਹ ਪੀਣ ਵਾਸਤੇ ਇੱਕ ਥਾਂ ਬੱਸ ਰੋਕ ਲਈ। ਜਲੰਧਰੀ ਚਾਹ ਪੀਣ ਲੱਗ ਪਿਆ ਤੇ ਮੈਂ ਉਸ ਦੇ ਸਟੀਲ ਦੇ ਗਲਾਸ ਵਿੱਚ ਪਾ ਲਈ।
ਦੇਰ ਰਾਤ ਸ਼ਿਮਲਾ ਪਹੁੰਚੇ। ਦਫਤਰ ਗਏ, ਦੇਖਿਆ ਸੋਫੇ ਉਤੇ ਕੋਈ ਬੰਦਾ ਕੰਬਲ ਲੈ ਕੇ ਪਿਆ ਸੀ। ਮੈਂ ਸਮਝ ਗਿਆ ਕਿ ਇਹ ਸ਼ਿਵ ਰਾਮ ਹੀ ਹੋ ਸਕਦਾ ਹੈ।ਚੌਕੀਦਾਰ ਦਲੀਪ ਸਿੰਘ ਨੇ ਮੇਰੀ ਘੋੜਾ-ਸੂੰਹ ਦੀ ਪੁਸ਼ਟੀ ਕਰ ਦਿੱਤੀ।
ਮੈਂ ਤੇ ਸੁਰਜੀਤ ਅੱਧੀ ਰਾਤ ਤੱਕ ਰਿੱਜ ਉੱਤੇ ਭੰਗੜਾ ਪਾਉਂਦੇ ਰਹੇ। ਅਗਲੇ ਦਿਨ ਵਾਪਸ ਚੰਡੀਗੜ। ਖ਼ਬਰ ਮਿਲੀ ਕਿ ਰਾਤੀਂ ਸ਼ਿਵ ਰਾਮ ਚੱਲ ਵਸਿਆ।

ਪਹਿਲੀ ਜਨਵਰੀ 2008। ਸਵੇਰੇ-ਸਵੇਰੇ ਫੋਨ ਖੜਕਿਆ। ਕਿਉਂ ਕਿ ਫੋਨ ਉਤੇ ਕਾਲਰ ਪਛਾਣ ਸੁਵਿਧਾ ਮੁਹੱਈਆ ਸੀ, ਉੱਥੇ ਦਿੱਸਿਆ: ਜਲੰਧਰੀ। ਇਸ ਤੋਂ ਪਹਿਲਾਂ ਕਿ ਮੈਂ ਕਹਿੰਦਾ “ਹੈਪੀ ਨਿਊ ਯੀਅਰ ਜਲੰਧਰੀ”, ਉਸ ਦਾ ਮੁੰਡਾ ਬੋਲਿਆ: “ਸਰਾ, ਪਾਪਾ ਜੀ ਚੜ੍ਹਾਈ ਕਰ ਗਏ ਨੇ।“

ਮੇਰੀ ਮੌਤ ਜਿਸ ਸਾਲ ਵੀ ਹੋਵੇ, ਮੈਂ ਚਾਹੁੰਦਾ ਹਾਂ, ਪਹਿਲੀ ਜਨਵਰੀ ਨੂੰ ਹੋਵੇ। ਹਮੀਂ ਯਾਰਾਂ ਦੋਜ਼ਖ, ਹਮੀਂ ਯਾਰਾਂ ਬਹਿਸ਼ਤ!!

2 comments: