Tuesday, June 1, 2010

ਮਾਹੀ ਵੇ ਤੇਰੀਆਂ ਤਿੰਨ ਸਿਗਟਾਂ

ਮਾਹੀ ਵੇ ਤੇਰੀਆਂ ਤਿੰਨ ਸਿਗਟਾਂ


ਮਾਹੀ ਵੇ, ਤੇਰੀਆਂ ਤਿੰਨ ਸਿਗਟਾਂ,
ਤੀਜੀ ਤੂੰ ਸੁਲਗਾਈ,
ਜਦੋਂ ਦੀ ਮੈਂ ਆਈ।
ਮਾਹੀ ਵੇ, ਤੇਰੀਆਂ ਤਿੰਨ ਸਿਗਟਾਂ...
....
ਮੈਂਨੂੰ ਸ਼ਿਮਲਾ ਸ਼ਹਿਰ ਨਾਲ ਨਫਰਤ ਹੈ। ਅਸਲ ਵਿੱਚ ਮੈਂਨੂੰ ਹਰ ਰਾਜਧਾਨੀ ਨਾਲ ਨਫਰਤ ਹੈ।ਮੈਂਨੂੰ ਤਾਂ ਰਾਜ ਨਾਲ ਹੀ ਨਫਰਤ ਹੈ।ਕੱਲ੍ਹ 31 ਮਈ 2010 ਨੂੰ ਕਿਸੇ ਮਜ਼ਬੂਰੀ ਵਿੱਚ ਅੰਗਰੇਜ਼ਾਂ ਦੀ ਇਸ ਗਰਮ-ਰੁੱਤ-ਰਾਜਧਾਨੀ ਰਹੇ ਸ਼ਹਿਰ ਵਿਚ ਫੇਰ ਜਾਣਾ ਪੈ ਗਿਆ।
ਮਜ਼ਬੂਰੀ ਵੀ ਨਹੀਂ ਕਹਿ ਸਕਦੇ, ਖੁਸ਼ੀ ਦਾ ਮੌਕਾ ਸੀ ਇਹ ਤਾਂ- ਸਾਡੇ ਸ਼ਿਮਲਾ ਦਫਤਰ ਦੇ ਮਕਬੂਲ ਜੀਪ-ਚਾਲਕ ਜਸਵੰਤ ਸਿੰਘ ਦੀ ਸੇਵਾ-ਮੁਕਤੀ ਦਾ ਸਮਾਗਮ ਸੀ।ਸਮਾਗਮ ਵੀ ਕਾਹਦਾ, ਇੱਕ ਮਹਿਫਲ਼ ਸੀ। ਮਹਿਫਲ-ਇ-ਯਾਰਾਂ!
ਜਿਸ ਕੁਰਖ਼ਤ ਆਦਮੀ ਨੇ ‘ਤਿੰਨ ਸਿਗਟਾਂ’ਨਾਮੀਂ ਕਵਿਤਾ ਲਿਖੀ ਹੈ, ਉਹ ਕੰਬਖਤ ਮੈਂਨੂੰ ਸ਼ਿਮਲੇ ਛੱਡ ਕੇ ਆਇਆ ਸੀ ਪਹਿਲੀ ਵੇਰ।
ਤੇ ਹੋਇਆ ਇਉਂ।
ਮੇਰਾ ਇੱਕ ਕੁੱਤਾ ਅਫਸਰ ਸੀ। ਉਹ ਮੇਰੇ ਉਤੇ ਰੋਹਬ ਮਾਰਨ ਦਾ ਮੌਕਾ ਭਾਲਦਾ ਰਹਿੰਦਾ ਸੀ, ਤੇ ਮੈਂ ਉਸ ਦੀ ਲਿੱਦ ਕਰਨ ਦਾ। ਉਹ ਕਦੇ ਕਾਮਯਾਬ ਨਹੀਂ ਹੋਇਆ, ਮੈਂਨੂੰ ਕਦੇ ਨਾਕਾਮਯਾਬੀ ਨਸੀਬ ਨਾ ਹੋਈ।ਇੱਕ ਦਿਨ ਉਸ ਨੇ ਐਸੀ ਕਰਤੂਤ ਕੀਤੀ ਕਿ ਮੈਂ ਦਫਤਰ ਦੇ ਬਾਹਰ ਧਰਨਾ ਮਾਰ ਕੇ ਬੈਠ ਗਿਆ, ਉਸ ਦੇ ਆਉਣ ਤੋਂ ਪਹਿਲਾਂ ਹੀ। “ਇਹ ਕੀ ਹੋ ਰਿਹਾ ਹੈ, ਸਰਾ ਸਾਹਬ?” ਉਸ ਉੱਚਰਿਆ। “ਸ਼ਿਵ ਸਾਧਨਾ,” ਮੈਂ ਉਵਾਚ।
ਸਾਲ਼ਾ ਡਰ ਗਿਆ। ਦਿੱਲੀ ਗੱਲ ਕੀਤੀ ਉਸ ਨੇ, ਕਿ ਮੇਰੀ ਬਦਲੀ ਸ਼ਿਮਲਾ ਕਰ ਦਿੱਤੀ ਜਾਵੇ, ਕਿਉਂ ਕਿ ਮੇਰੀ ਬਦਲੀ ਕਰਨ ਦਾ ਅਖ਼ਤਿਆਰ ਉਸ ਕੋਲ ਤਾਂ ਹੈ ਨਹੀਂ ਸੀ। ਦਿੱਲੀ ਵਾਲੇ ਕੁਤਰੀਏ ਨੇ ਮੇਰੀ ਸ਼ਿਮਲਾ ਬਦਲੀ ਕਰ ਦਿੱਤੀ।(ਮੈਂ ਐਸੀ ਬਦਦੁਆ ਦਿੱਤੀ ਉਸ ਕੁਤਰੀਏ ਨੂੰ ਕਿ ਮੇਰੇ ਮੰਤਰਾਲੇ ਨੇ ਉਸ ਤੋਂ ਬਦਲੀ ਕਰਨ ਦਾ ਅਖ਼ਤਿਆਰ ਖੋਹ ਲਿਆ, ਬਾਅਦ ਵਿੱਚ।)
ਅਪ੍ਰੈਲ 1996 ਦੇ ਆਖਰੀ ਦਿਨ ਜਾਂ ਦਿਨਾਂ ਦੀ ਗੱਲ ਹੈ ਇਹ ਜਦੋਂ ਮੈਂ ਤੇ ਉਕਤ ਕੁਰਖ਼ਤ ਵਿਅਕਤ ਸ਼ਿਮਲਾ ਪਹੁੰਚਤ।ਉਸ ਦਿਨ ਮਾੱਲ ਰੋਡ ਉਤੇ ਜਦੋਂ ਅਸੀਂ ਦੋਵੇਂ ਜੀਅ ਟਹਿਲ ਰਹੇ ਸਾਂ, ਤਾਂ ਗੁਆਰੇ ਦੇ ਦਾਣਿਆਂ ਜਿੱਡੀ-ਜਿੱਡੀ ਬਰਫ ਪਈ। ਉੱਥੋਂ ਦੀ ਸਥਾਨਕ ਬੋਲੀ (local parlance) ਵਿੱਚ ਇਸ ਨੂੰ ਬੱਜਰੀ ਕਹਿੰਦੇ ਸਨ।ਪਤਾ ਨਹੀਂ ਬੱਜਰੀ ਅਤੇ ਗੁਆਰੇ ਵਿਚਾਲੇ ਕੀ ਸੰਬੰਧ ਹੈ, ਪਰ ਮਾਰੂਥਲ ਦੇ ਇਸ ਪੰਛੀ ਨੂੰ ਆਪਣੀ ਮਾਤ ਭੋਇੰ ਦੀ ਯਾਦ ਆਈ। (ਮੁੜ-ਮੁੜ ‘ਵਾਜਾਂ ਮਾਰੇ ਮੈਨੂੰ ਮਿੱਟੀ ਰਾਜਸਥਾਨ ਦੀ...।)
ਕੱਲ੍ਹ, ਜਦੋਂ ਰਹੇ ਸੀ ਚੱਲ, ਤਾਂ ਰਾਹ ਵਿੱਚ ਸਾਡੇ ਇੱਕ ਸੇਵਾਕੁਮਤ ਦਫਤਰੀ, ਯਸ਼ ਪਾਲ ਸਿੰਘ, ਨੇ ਪਿੰਜੌਰ ਲਾਗੇ ਹੱਥ ਦੇ ਕੇ ਗੱਡਾ ਰੁਕਵਾ ਲਿਆ। ਸਾਡੇ ਇਸ ਗੱਡੇ ਨੂੰ, ਸਾਡੇ ਮਹਿਕਮੇ ਦੇ ਮੁਲਾਜ਼ਮ ਜਾਂ ਸਾਬਕਾ ਮੁਲਾਜ਼ਮ ਤਿੰਨ ਕੋਹ ਤੋਂ ਪਛਾਣ ਲੈਂਦੇ ਹਨ। ਕਹਿਣ ਲੱਗਿਆ, “ਜੀ ਮੈਂ ਕੱਲ੍ਹ ਦਫਤਰ ਗਿਆ ਸੀ, ਉਥੋਂ ਪਤਾ ਲੱਗਿਆ ਕਿ ਗੱਡੀ ਅੱਜ ਸ਼ਿਮਲਾ ਜਾਣੀ ਹੈ।ਮੈਂ ਘਰਦਿਆਂ ਨੂੰ ਕਿਹਾ ਕਿ ਸ਼ਿਮਲਾ ਨਹੀਂ ਦੇਖਿਆ, ਅੱਜ ਦੇਖਾਂਗਾ।“
ਸ਼ਿਮਲਾ ਪਹੁੰਚੇ। ਜਸਵੰਤ ਦੀ ਪਾਰਟੀ ਵਿੱਚ ਅਜੇ ਟੈਮ ਸੀ।ਮੈਂ ਯਸ਼ਪਾਲ ਨੂੰ ਕਿਹਾ ਕਿ ਆ, ਤੈਂਨੂੰ ਇੱਥੋਂ ਦੀਆਂ ਖਾਸ-ਖਾਸ ਥਾਂਵਾਂ ਦਿਖਾ ਲਿਆਵਾਂ।ਅਸੀਂ ਤੁਰ ਪਏ, ਉਸ ਨੂੰ ਸਾਰਾ ਕੁੱਝ ਦਿਖਾ ਦਿੱਤਾ: ਮਾਲ ਰੋਡ, ਸਕੈਂਡਲ ਪੁਆਇੰਟ, ਰਿੱਜ, ਗਿਰਜਾਘਰ ਤੇ ਫੇਰ ਮੈਂ ਕਿਹਾ : “ਆ ਲੱਕੜ ਬਾਜ਼ਾਰ ਚੱਲੀਏ, ਖੂੰਡੀ ਲੈਣੀ ਹੈ ਸੰਤ ਰਾਮ ਤੋਂ।“ ਲੱਕੜ ਬਾਜ਼ਾਰ ਵਿਚ ਪਹੁੰਚੇ ਤਾਂ 14 ਨੰਬਰ ਦੁਕਾਨ ਦੀ ਮੁਰੰਮਤ ਹੋ ਰਹੀ ਸੀ, 13 ਨੰਬਰ ਦੁਕਾਨ ਵਿੱਚ ਇੱਕ ਭਾਪਾ ਖੜ੍ਹਾ ਸੀ। ਮੈਂ ਉਸ ਦੀ ਦੁਕਾਨ ਦੇ ਬਾਹਰ ਪਈਆਂ ਖੂੰਡੀਆਂ ਵਿੱਚੋਂ ਇਕ ਪਸੰਦ ਕਰ ਲਈ, ਤੇ ਪੁੱਛਿਆ ਕਿ ਇੱਥੇ ਇਕ ਸੰਤ ਰਾਮ ਹੁੰਦਾ ਸੀ, ਉਹ ਕਿੱਥੇ ਗਿਆ। ਉਸ ਨੇ ਦੱਸਿਆ ਕਿ ਉਹ ਦੁਕਾਨ ਵੇਚ ਕੇ ਕਿਧਰੇ ਚਲਿਆ ਗਿਆ ਹੈ। ਸੱਤਰ ਰੁਪਏ ਭਾਪੇ ਨੂੰ ਦਿੱਤੇ ਤੇ ਖੂੰਡੀ ਦਾ ਸਹਾਰਾ ਲੈਂਦਿਆਂ ਮੈਂ, ਤੇ ਮੇਰੇ ਨਾਲ,  ਯਸ਼ ਪਾਲ, ਵਾਪਸ ਤੁਰ ਪਿਆ। ਯਸ਼ ਪਾਲ ਬੋਲਿਆ: ‘ਜੀ ਇੱਥੇ ਮਹਿੰਗਾਈ ਬਹੁਤ ਹੈ। ਸੱਤਰ ਰੁਪਏ ਦੀ ਖੂੰਡੀ?” ਮੈਂ ਕਿਹਾ, ਦੇਖੀ ਜਾਈਂ ਇਹ ਖੂੰਡੀ ਕਿਵੇਂ ਮੁਫਤ ਦੇ ਭਾਅ ਮਿਲੀ ਦਿੱਸੂ ਤੈਂਨੂੰ।

ਵਾਪਸੀ ਵੇਲੇ ਮੈਂ ਉਸ ਨੂੰ ਗਰੈਂਡ ਹੋਟਲ ਦੇ ਰਸਤੇ ਉਤਰਣ ਵਾਲੀ ਸੜਕ ਉਤੇ ਪਾ ਲਿਆ।ਅਜਿਹੀ ਢਲਾਈ ਵਾਲੀ ਸੜਕ ਜਿਸ ਉੱਤੇ ਕੀੜੀ ਵੀ ਆਪਣੀ ਤੋਰ ਮੱਠੀ ਕਰ ਲਵੇ! ਹੇਠਾਂ ਪਹੁੰਚ ਕੇ ਮੈਂ ਯਸ਼ ਪਾਲ ਨੂੰ ਪੁੱਛਿਆ ਕਿ ਹੁਣ ਦੱਸ ਖੂੰਡੀ ਕਿਸ ਭਾਅ ਮਿਲੀ? ਉਹ ਬੋਲਿਆ: “ਜੀ ਬਾਹਲੀ ਸਸਤੀ! ਜਿਸ ਨੇ ਜਾਨ ਬਚਾਈ, ਉਸ ਖੂੰਡੀ ਦੇ 70 ਰੁਪਏ ਕੀ ਆਖਣ?”

No comments:

Post a Comment